- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸ਼ਮੀਰ ਦੀ ਤਵਾਰੀਖ਼ ਬਾਰੇ ਸਭ ਤੋਂ ਪੁਰਾਤਨ ਪੁਸਤਕਾਂ ‘ਰਾਜ ਤਰੰਗਨੀ`’ਤੇ ‘ਨੀਲਤੰਮ ਪੁਰਾਣ’ ’ਚ ਕਸ਼ਮੀਰ ਬਾਰੇ ਲੋਕ ਕਥਾ ਪ੍ਰਸਿੱਧ ਹੈ ਕਿ ਅੱਜ ਤੋਂ ਛੇ ਹਜ਼ਾਰ ਸਾਲ ਪਹਿਲਾਂ ਇਹ ਇਕ ਵੱਡੀ ਝੀਲ ਦੀ ਸ਼ਕਲ ’ਚ ਸੀ ਜੋ 56 ਕੋਹ ਲੰਮੀ ਅਤੇ 16 ਕੋਹ ਚੌੜੀ ਸੀ। ਇਸ ਝੀਲ ਨੂੰ ‘ਸਤੀਸਰ’ ਆਖਿਆ ਜਾਂਦਾ ਸੀ।

ਤਵਾਰੀਖ਼ ਦੇ ਸੋਮਿਆਂ ’ਚ ਖ਼ਾਸਕਰ ਚੀਨੀ ਤੇ ਤਿੱਬਤੀ ਸੋਮਿਆਂ ’ਚ ਕਸ਼ਮੀਰ ਨੂੰ ਬਰਫ਼ ਨਾਲ ਕੱਜੀਆਂ ਚੋਟੀਆਂ ’ਚ ਲਿਪਟੇ ਤੇ ਘਿਰੇ ‘ਹੀਰੇ’ ਵਾਂਗ ਦੱਸਿਆ ਗਿਆ ਹੈ। ਕਈ ਧਰਮ-ਈਮਾਨ ਫੈਲਦੇ ਅਤੇ ਸੁੰਗੜਦੇ ਰਹੇ। ਬੁੱਧਮੱਤ, ਸ਼ੈਵਮੱਤ ਅਤੇ ਇਸਲਾਮ ਨੇ ਇਥੋਂ ਦੇ ਜੀਵਨ ’ਤੇ ਡੂੰਘੀ ਛਾਪ ਛੱਡੀ ਹੈ। ਕਸ਼ਮੀਰ ਦੀ ਸਕਾਫ਼ਤ ’ਚ ਅਨੇਕਾਂ ਰੰਗ ਭਰੇ ਹਨ। ਕਸ਼ਮੀਰ ਦੀ ਤਵਾਰੀਖ਼ ਬਾਰੇ ਸਭ ਤੋਂ ਪੁਰਾਤਨ ਪੁਸਤਕਾਂ ‘ਰਾਜ ਤਰੰਗਨੀ`’ਤੇ ‘ਨੀਲਤੰਮ ਪੁਰਾਣ’ ’ਚ ਕਸ਼ਮੀਰ ਬਾਰੇ ਲੋਕ ਕਥਾ ਪ੍ਰਸਿੱਧ ਹੈ ਕਿ ਅੱਜ ਤੋਂ ਛੇ ਹਜ਼ਾਰ ਸਾਲ ਪਹਿਲਾਂ ਇਹ ਇਕ ਵੱਡੀ ਝੀਲ ਦੀ ਸ਼ਕਲ ’ਚ ਸੀ ਜੋ 56 ਕੋਹ ਲੰਮੀ ਅਤੇ 16 ਕੋਹ ਚੌੜੀ ਸੀ। ਇਸ ਝੀਲ ਨੂੰ ‘ਸਤੀਸਰ’ ਆਖਿਆ ਜਾਂਦਾ ਸੀ। ਜੰਮੂ ਕਸ਼ਮੀਰ ਭਾਰਤ ਦੇ ਪੈਰਾਡਾਇਮ ’ਤੇ ਮੁਕਟ ਵਾਂਗ ਨਜ਼ਰੀ ਪੈਂਦਾ ਹੈ। ਦੱਖਣ ਤੋਂ ਉੱਤਰ ਤੀਕ 400 ਮੀਲ ਤੇ ਪੂਰਬ ਤੋਂ ਪੱਛਮ ਵੱਲ 300 ਮੀਲ ਲੰਮਾ ਸਾਰਾ ਇਲਾਕਾ ਪਹਾੜੀ ਹੈ। 1947 ਈ. ਦੀ ਜੰਗਬੰਦੀ ਲਾਈਨ ਕਾਰਨ 33,000 ਵਰਗ ਮੀਲ (ਭਾਵ 39%) ਪਾਕਿਸਤਾਨ ’ਚ ਰਹਿ ਗਿਆ। ਇਸ ਹਿਸਾਬ ਨਾਲ ਰਿਆਸਤ ਦਾ ਖੇਤਰਫ਼ਲ 53,664,9 ਵਰਗ ਮੀਲ (138992.1 ਵਰਗ ਕਿਲੋਮੀਟਰ) ਰਹਿ ਗਿਆ ਹੈ। ਇਹ ਰਿਆਸਤ ਭੂਗੋਲਿਕ ਤੌਰ ’ਤੇ ਉੱਤਰ ਵੱਲ ਚੀਨੀ ਤੇ ਰੂਸੀ ਤੁਰਕਿਸਤਾਨ, ਪੂਰਬ ਵੱਲੋਂ ਚੀਨੀ ਤਿੱਬਤ, ਦੱਖਣ ਵੱਲੋਂ ਪੰਜਾਬ ਤੇ ਪੱਛਮ ਵੱਲੋਂ ਉੱਤਰ ਸਰਹੱਦੀ ਸੂਬਾ (ਪਾਕਿਸਤਾਨ) ਰਾਹੀਂ ਘਿਰੀ ਹੋਈ ਹੈ। ਰਿਆਸਤ ਦੀ ਵੰਡ ਤਿੰਨ ਭਾਗਾਂ ’ਚ ਕੀਤੀ ਜਾ ਸਕਦੀ ਹੈ, ਜੰਮੂ, ਕਸ਼ਮੀਰ ਤੇ ਲੱਦਾਖ਼। ਲੱਦਾਖ਼ ਦੀ ਉੱਚਾਈ 28,000 ਫੁੱਟ ਹੈ। ਉੱਚੀ ਭੋਏਂ ਹੋਣ ਕਾਰਨ ਇਥੇ ਬਨਸਪਤੀ ਬਹੁਤ ਘੱਟ ਹੈ। ਇਸ ਇਲਾਕੇ ਦਾ ਖੇਤਰਫਲ ਸਾਰੀ ਰਿਆਸਤ ਦਾ 70 ਫ਼ੀਸਦੀ ਹੈ ਤੇ ਆਬਾਦੀ 22 ਫ਼ੀਸਦੀ ਹੈ। ਉੱਚਤਮ ਭੂਮੀ ਤੇ ਪੀਰ ਪੰਜਾਲ ਵਿਚਕਾਰ ਦਰਮਿਆਨ ਪਹਾੜ ਆਉਂਦੇ ਹਨ, ਲੱਦਾਖ ਦਾ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ।

ਬਾਬੇ ਨਾਨਕ ਦੀਆਂ ਉਦਾਸੀਆਂ
ਸਿੱਖ ਧਰਮ ਦੇ ਜਨਮ ਦਾਤਾ ਗੁਰੂ ਨਾਨਕ ਦੇਵ ਜੀ (1469-1539 ਈ.) ਨੇ ਹਜ਼ਾਰਾਂ ਮੀਲਾਂ ਚਾਰੇ ਦਿਸ਼ਾਵਾਂ ਵੱਲ ਸਫ਼ਰ ਕਰਕੇ ਲੋਕਾਈ ਨੂੰ ਆਪਣੀ ਬਾਣੀ ਨਾਲ ਸ਼ਰਸਾਰ ਕੀਤਾ। ਫ਼ਾਰਸੀ ਦੀ ਸਭ ਤੋਂ ਪੁਰਾਤਨ ਕਿਤਾਬ ‘ਦਬਿਸਤਾਨਿ-ਮਜ਼ਾਹਬ` ਕਰਤਾ ਮੋਬਿਦ ਜ਼ੁਲਫਕਾਰ ਅਰਦਸਤਾਨੀ ਨੇ ਗੁਰੂ ਨਾਨਕ ਜੀ ਦੇ ਨਿਰਾਲੇ ਪੰਥ, ਸੁਭਾਅ, ਤਾਲੀਮ, ਬਾਣੀ ਅਤੇ ਰੱਬ ਨੂੰ ਪਾਉਣ ਦਾ ਰਾਹ ਬਾਰੇ ਆਪਣੀ ਪੁਸਤਕ ’ਚ ਜ਼ਿਕਰ ਕੀਤਾ ਹੈ:-‘ਨਾਨਕ ਪੰਥੀਆਂ ਕਿ ਮਾਰੂਫ਼ ਗੁਰੂ ਸਿੱਖਾਂ ਨੰਦ ਵ-ਬੁਤ-ਵ ਬੁੱਤਖਾਨਾ ਅਹਿਤਕਾਦ ਨਦਾਰਦ।’ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਬਾਰੇ ਪੁਰਾਤਨ ਜਨਮ ਸਾਖੀਆਂ ’ਚ ਕਿਤੇ ਵਿਸਥਾਰ ਤੇ ਕਿਤੇ ਬਹੁਤ ਹੀ ਸੰਕੋਚਵੇਂ ਰੂਪ ’ਚ ਜ਼ਿਕਰ ਆਇਆ ਹੈ। ਭਾਈ ਬਾਲੇ ਵਾਲੀ ਜਨਮ ਸਾਖੀ 1658 ਈ. ’ਚ ਲਿਖੀ ਗਈ ਸੀ। ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ 24 ਸਾਲਾਂ (1497-1521 ਈ. ਤੱਕ) ’ਚ ਪੂਰੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਨੇ ਤੀਜੀ ਉਦਾਸੀ ਪਹਾੜਾਂ ਰਾਹੀਂ ਸੁਮੇਰ ਪਰਬਤ ਵੱਲ 1515 ਤੋਂ 1517 ਈ. ਤੱਕ ਕੀਤੀ। ਸੁਮੇਰ ਪਰਬਤ ਵੱਲ ਜਾਣ ਸਮੇਂ ਗੁਰੂ ਸਾਹਿਬ ਨੇ ਆਧੁਨਿਕ ਮਾਊਟੇਨੀਅਰਾਂ ਵਾਂਗ ਆਪਣੀ ਦੇਹੀ ਦੁਆਲੇ ਚਮੜਾ ਅਤੇ ਲੱਕ ਦੁਆਲੇ ਮੋਟੇ ਰੱਸੇ ਲਪੇਟੇ ਹੋਏ ਸਨ। ਹੱਥ ’ਚ ਕੁਠਾਰ (ਕੁਹਾੜੀ) ਜੋ ਆਮ ਤੌਰ `ਤੇ ਬਰਫ਼ਾਂ ਨੂੰ ਕੱਟਣ ਲਈ ਵਰਤੀ ਜਾਂਦੀ ਹੈ,ਫੜੀ ਸੀ। ਗੁਰੂ ਸਾਹਿਬ ਨਾਲ ਹੱਸੂ ਲੋਹਾਰ ਤੇ ਸ਼ੀਹਾਂ ਛੀਂਬਾਂ ਵੀ ਹਮਸਫ਼ਰ ਸਨ। ਆਧੁਨਿਕ ਵਸੀਲਿਆਂ ਦੀ ਅਣਹੋਂਦ ਬਗ਼ੈਰ ਹਿਮਾਲੀਆ ਦੀਆਂ ਬਰਫ਼ ਕੱਜੀਆਂ ਚੋਟੀਆਂ ਨੂੰ ਪਾਰ ਕਰ ਜਾਣਾ ਬਾਬਾ ਨਾਨਕ ਦੀ ਕਰੜੀ ਹੱਡੀ ਤੇ ਜਫ਼ਾਕਸ਼ੀ ਦਾ ਸੰਕੇਤ ਦੇਂਦੀ ਹੈ। ਸਾਰੀਆਂ ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਸੁਮੇਰ ਪਰਬੱਤ ਜਾਣ ਦਾ ਕਥਨ ਤਾਂ ਕਰਦੀਆਂ ਹਨ ਪਰ ਉਥੇ ਜਾਣ ਦੇ ਰਸਤੇ ਵੱਲ ਸੰਕੇਤ ਨਹੀਂ ਕਰਦੀਆਂ। ਗੁਰੂ ਨਾਨਕ ਸਾਹਿਬ ਦਾ ਸੰਭਾਵੀ ਯਾਤਰਾ ਮਾਰਗ ਇਸ ਤਰ੍ਹਾਂ ਬਣਦਾ ਹੈ: ਕਰਤਾਰਪੁਰ ਸਾਹਿਬ ਤੋਂ ਬਟਾਲਾ, ਜਸਰੋਟਾ, ਰਵਾਲਸਰ, ਪੁਰਮੰਡਲ, ਬਾਹੂ ਕਿਲ੍ਹਾ, ਜਾਮਦੇਵ ਦੀ ਗੁਫ਼ਾ (ਜੰਮੂ), ਗਰਭਯੋਨੀ ਦੀ ਗੁਫ਼ਾ, ਸ਼ੀਰ ਮੰਜ਼ਲਾ (ਰਾਮ ਨਗਰ), ਕਿਸ਼ਤਵਾੜ, ਭੱਦਰਵਾਹ, ਕੈਲਾਸ਼-ਪਰਬਤ, ਨੇਪਾਲ, ਸਿੱਕਮ, ਭੂਟਾਨ, ਤਿੱਬਤ, ਚੀਨ, ਲੇਹ-ਲੱਦਾਖ, ਕਾਰਗਿਲ, ਸਕਰਦੂ, ਅਮਰਨਾਥ ਦੀ ਗੁਫ਼ਾ, ਪਹਿਲਗਾਮ, ਮਟਨ ਸਾਹਿਬ, ਅਨੰਤਨਾਗ, ਬੀਜ ਬਿਹਾੜਾ, ਅਵਾਂਤੀਪੁਰਾ, ਸ਼ੰਕਰਾਚਾਰੀਆਂ ਦੀ ਪਹਾੜੀ, ਚਿਨਾਰ, ਬੇਰਵਾ, ਰੁਘਨਾਥ ਮੰਦਰ, ਮਸੀਤ, ਹਰੀ ਪਰਬਤ, ਵੁੱਲਰ ਝੀਲ, ਕਾਮਰਾਜ਼ ਇਲਾਕੇ ਦੀਆਂ ਹੱਦਾਂ ਰਾਹੀਂ ਬਾਰਾਮੂਲਾ ਕਰੋੜ ਤੀਰਥ, ਉੜੀ ਦੇ ਰਸਤਿਓਂ ਪੰਜਾਬ ਪੁੱਜੇ ਸਨ। ਗੁਰੂ ਨਾਨਕ ਸਾਹਿਬ ਦੀ ਯਾਦ ’ਚ ਇਤਿਹਾਸਕ ਗੁਰਦੁਆਰੇ ਸ਼ੁਸ਼ੋਭਿਤ ਹਨ ਜਿਵੇਂ ਗੁਰਦੁਆਰਾ ਬਾਖਤਾ ਜਸਰੋਟਾ, ਜੰਮੂ, ਸ਼ੀਰਮੰਜ਼ਲਾ, ਕਿਸ਼ਤਵਾੜ, ਭੱਦਰਵਾਹ, ਲੇਹ-ਲੱਦਾਖ, ਅਸਕਰਦੂ, ਮਟਨ ਸਾਹਿਬ, ਅਨੰਤਨਾਗ, ਬੀਜਬਿਹਾੜਾ, ਅਵਾਂਤੀਪੁਰਾ, ਹਰੀਪਰਬਤ, ਬੇਰਵਾ।
ਛੇਵੀਂ ਪਾਤਿਸ਼ਾਹੀ ਵੱਲੋਂ ਸਿੱਖੀ ਦਾ ਪ੍ਰਚਾਰ
ਗੁਰੂ ਹਰਿਗੋਬਿੰਦ ਸਾਹਿਬ (1595-1644 ਈ.) ਗਵਾਲੀਅਰ ਕਿਲ੍ਹੇ ਦੀ ਰਿਹਾਈ ਤੋਂ ਬਾਅਦ ਗੁਰਮਤਿ ਨੂੰ ਦੂਰ-ਦੁਰਾਡੇ ਇਲਾਕਿਆਂ ’ਚ ਪ੍ਰਚਾਰਨ ਤੇ ਦ੍ਰਿੜ੍ਹ ਕਰਾਉਣ ਵੱਲ ਖ਼ਾਸ ਅਹਿਮੀਅਤ ਦਿੱਤੀ। ਗਵਾਲੀਅਰ ਕਿਲ੍ਹੇ ਤੋਂ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ 1619 ਈ. ’ਚ ਹੋਈ। ਸੰਨ 1619 ਈ. ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਦੇ ਬਾਦਸ਼ਾਹ ਜਹਾਂਗੀਰ ਨਾਲ ਦੋਸਤਾਨਾ ਸਬੰਧ ਹੋ ਗਏ ਸਨ। ਇਸੇ ਲਈ ਗੁਰੂ ਹਰਿਗੋਬਿੰਦ ਸਾਹਿਬ ਤੇ ਬਾਦਸ਼ਾਹ ਜਹਾਂਗੀਰ ਕਸ਼ਮੀਰ ਵੱਲ ਇਕੱਠੇ ਘੋੜਿਆਂ `’ਤੇ ਸਵਾਰ ਹੋ ਕੇ ਗਏ : ‘ਜਹਾਂਗੀਰ ਕਸ਼ਮੀਰ ਕੇ, ਸੈਰ ਹੇਤ ਕਿਯਾ ਪਯਾਨ, ਗੁਰੂ ਕੋ ਲੀਨੋ ਸੰਗ ਨਿਜ, ਕਰਿ ਸਿਤਕਾਰ ਮਹਾਨ’ (ਸ੍ਰੀ ਗੁਰ ਪੰਥ ਪ੍ਰਕਾਸ਼)ਗੁਰੂ ਹਰਿਗੋਬਿੰਦ ਸਾਹਿਬ ਜਹਾਂਗੀਰ ਬਾਦਸ਼ਾਹ ਨਾਲ 1620 ਈ. ਨੂੰ ਨੀਲੇ ਘੋੜੇ `’ਤੇ ਸਵਾਰ ਹੋ ਕੇ ਸਿਆਲਕੋਟ, ਗਲੋਟੀਆਂ, ਵਜ਼ੀਰਾਬਾਦ, ਮੀਰਪੁਰ, ਭੰਬਰ, ਬਹਿਰਾਮ ਰਾਹੀਂ ਸ਼ੁਪਈਆਂ ਪੁੱਜੇ। ਮੀਰਪੁਰ ’ਚ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਬੀਰੂ ਦੱਤ (ਬੀਰਮਸ਼ਾਹ) ਬ੍ਰਾਹਮਣ ਨੂੰ ਸਿੱਖੀ ਦਾ ਉਪਦੇਸ਼ ਦੇ ਕੇ ਸਿੱਖੀ ਧਾਰਨ ਕਰਵਾਈ। ਬਹੁਤ ਸਾਰੇ ਦੱਤ ਘਰਾਣੇ ਦੇ ਲੋਕ ਪੁਣਛ ਤੱਕ ਗੁਰੂ ਹਰਿਗੋਬਿੰਦ ਸਾਹਿਬ ਨਾਲ ਆਏ ਸਨ। ਗੁਰੂ ਸਾਹਿਬ ਨੇ ਬੀਰਮਸ਼ਾਹ ਤੋਂ ਬਾਅਦ ਭੈਣ ਪਿੰਡ ਦੇ ਝੰਗਣ ਬ੍ਰਾਹਮਣ ਨੂੰ ਸਿੱਖੀ ਦਾ ਦਾਨ ਬਖ਼ਸ਼ਿਆ। ਭਿੰਬਰ ਤੋਂ ਦੂਰ ਦਸ ਮੀਲ ’ਤੇ ਸਮਾਣੀ ਪਿੰਡ ਦੇ ਭਾਈ ਮੂਲੇ ਨੇ ਵੀ ਗੁਰੂ ਸਾਹਿਬ ਦੀ ਸਿੱਖੀ ਧਾਰਨ ਕੀਤੀ। ਪੁਰਾਤਨ ਫ਼ਾਰਸੀ ਪੁਸਤਕ ‘ਦਬਿਸਤਾਨ ਮਜ਼ਾਹਿਬ’ ਦਾ ਲੇਖਕ ਲਿਖਦਾ ਹੈ ਕਿ ‘ਝੰਡਾ’ ਨਾਮ ਦਾ ਇਕ ਸਿੱਖ ਬੈਰਾਮ, ਪਹਾੜੀ ਇਲਾਕੇ ਦਾ ਵਾਕਿਫ਼ ਹੋਣ ਕਾਰਨ, ਗੁਰੂ ਜੀ ਨੂੰ ਜੰਗਲਾਂ ਆਦਿ ਵਿਚੋਂ ਰਾਹ ਦੱਸਦਾ ਰਿਹਾ। ਰਾਜੌਰੀ ਤੋਂ ਹੁੰਦੇ ਗੁਰੂ ਹਰਿਗੋਬਿੰਦ ਸਾਹਿਬ ਧਾਨਾ ਮੰਡੀ, ਗੋਨ, ਪੀਰ ਮਾਰਗ ਪਹੁੰਚੇ। ‘ਅਲੀਆਬਾਦ ਸਰਾਏ` ਕੋਲ ਗੁਰੂ ਜੀ ਨੇ ਬਰਛਾ ਮਾਰ ਕੇ ਪਾਣੀ ਕੱਢਿਆ ਸੀ। ਗੁਰੂ ਸਾਹਿਬ ‘ਕਟੂਸ਼ਾਹ’ ਦੀ ਜਗ੍ਹਾ ’ਤੇ ਜਾ ਉੱਤਰੇ। ਇੱਥੇ ਅੱਜਕੱਲ੍ਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼ਾਹਜੀਮਰਗ ਸੁਸ਼ੋਭਿਤ ਹੈ। ਗੁਰੂ ਸਾਹਿਬ ਖਾਂਪੁਰ ਸਰਾਂ (ਇੱਥੇ ਵੀ ਇਤਿਹਾਸਕ ਅਸਥਾਨ ਹੈ) ਤੋਂ ਹੁੰਦੇ ਸ੍ਰੀਨਗਰ ਦੇ ਕਾਠੀ ਦਰਵਾਜ਼ੇ ਪੁੱਜੇ ਜਿਥੇ ਅੱਜਕੱਲ੍ਹ ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਾਠੀ ਦਰਵਾਜ਼ਾ, ਸ੍ਰੀਨਗਰ ਹੈ। ਇਥੇ ਹੀ ਸੇਵਾਦਾਸ ਦੀ ਬਿਰਧ ਮਾਤਾ ‘ਭਾਗਭਰੀ’ ਦਾ ਹੱਥੀਂ ਸੂਤ ਕੱਤ ਕੇ ਬਣਾਇਆ ਚੋਲਾ ਸਵੀਕਾਰ ਕੀਤਾ। ਗੁਰੂ ਜੀ ਕਾਠੀ ਦਰਵਾਜ਼ੇ ਪਾਸ 13 ਦਿਨ ਰਹੇ। ਕਾਫ਼ੀ ਸਮਾਂ ਗੁਰੂ ਜੀ ‘ਸ਼ਾਲੀਮਾਰ ਬਾਗ਼ ਵਾਲੀ ਥਾਂ ’ਤੇ ਰਹੇ। ‘ਨਿਸ਼ਾਤ ਬਾਗ਼` ਜਹਾਂਗੀਰ ਬਾਦਸ਼ਾਹ ਦਾ ਪੱਕਾ ਕੈਂਪ ਸੀ। ਜਹਾਂਗੀਰ ਬਾਦਸ਼ਾਹ ਦੀ ਇਜਾਜ਼ਤ ਲੈ ਕੇ ਮਲਕਾ ਨੂਰ ਜਹਾਂ ‘ਸ਼ਾਲੀਮਾਰ ਬਾਗ਼’ ’ਚ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨਾਂ ਲਈ ਸਹੇਲੀਆਂ ਲੈ ਕੇ ਆਈ।
ਗੁਰੂ ਹਰਿ ਰਾਇ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ
ਗੁਰੂ ਹਰਿ ਰਾਇ ਸਾਹਿਬ (1630-1661 ਈ.) 1660 ਈ. ’ਚ ਜੰਮੂ ਕਸ਼ਮੀਰ ਦੀ ਧਰਤੀ ਨੂੰ ਫੇਜ਼-ਯਾਬ ਕਰ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕੀਤਾ। ਗੁਰੂ ਹਰਿ ਰਾਇ ਸਾਹਿਬ ਦਾ ਯਾਤਰਾ ਮਾਰਗ ਜਲਾਲਪੁਰ ਜੱਟਾਂ; ਦਬੁਰਜੀ, ਗਲੋਟੀਆਂ ਖੁਰਦ, ਸ਼ਾਲਕੋਟ ਤੋਂ ਹੁੰਦੇ ਸ੍ਰੀਨਗਰ ਪੁੱਜੇ ਸਨ। ਗੁਰੂ ਹਰਿਰਾਇ ਸਾਹਿਬ ਦੀ ਯਾਤਰਾ ਬਾਰੇ ਸਭ ਤੋਂ ਪਹਿਲਾਂ “ਭੱਟਵਹੀ ਤਲਾਉਂਢਾ’, ਪਰਗਣਾ ਜੀਂਦ ’ਚ ਜ਼ਿਕਰ ਆਇਆ ਹੈ: ‘ਗੁਰੂ ਹਰਿ ਰਾਇ ਜੀ ਮਹਿਲ ਸਤਮਾਂ ਬੇਟਾ ਬਾਬਾ ਗੁਰਦਿੱਤਾ ਜੀ ਕਾ, ਸੰਮਤ ਸਤਰਾਂ ਸੈ ਸਤਾਰਾਂ ਕ੍ਰਿਸ਼ਨਾ ਪਖੇ ਜੇਠ ਮਾਸ ਕੀ ਪੰਚਮੀ ਕੇ ਦਿਹੁੰ ਸ੍ਰੀਨਗਰ ਆਏ। ਕਸ਼ਮੀਰ ਦੇਸ਼ ਮੇਂ, ਗੈਲੇ ਮਖਨ ਸ਼ਾਹ ਆਇਆ ਬੇਟਾ ਦਾਸੇ ਕਾ, ਪੋਤਾ ਇੰਨੇ ਕਾ, ਨਾਤੇ ਬਹੋੜੂ ਕੇ, ਬੰਸ ਸਾਉਨ ਕੀ, ਪੇਲੀਆ ਗੋਤਰ ਬਨਜਾਰਾ...।’ ਇਸ ‘ਭਟਵਹੀ’ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਹਰਿਰਾਇ ਸਾਹਿਬ ਭਾਈ ਮੱਖਣ ਸ਼ਾਹ ਲੁਬਾਣੇ ਦੇ ਟਾਂਡੇ ਰਾਹੀਂ ਕਸ਼ਮੀਰ ’ਚ ਆਏ। ਗੁਰੂ ਸਾਹਿਬ ਨਾਲ ਭਾਈ ਮੱਖਣ ਸ਼ਾਹ ਲੁਬਾਣਾ, ਮਖੂਚੰਦ ਤੇ ਹੋਰ ਸਿੱਖ ਵੀ ਨਾਲ ਹਮਸਫ਼ਰ ਸਨ। ਜਲਾਲਪੁਰ ਜੱਟਾਂ ’ਚ ਗੁਰੂ ਸਾਹਿਬ ਆਪਣੇ ਸਿੱਖ ਭਾਈ ਸਬਲਾ, ਉਸ ਦੀ ਧਰਮ ਪਤਨੀ ਬੀਬੀ ਸੋਮਾ ਤੇ ਸਪੁੱਤਰ ਬਖਤ ਮੱਲ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ। ਇਥੋਂ ਹੀ ਗੁਰੂ ਸਾਹਿਬ ਨੂੰ ਭਾਈ ਪਦਮਾ ਜੋ ਗੁਰੂ ਜੀ ਦਾ ਸਿੱਖ ਸੀ ਆਪਣੇ ਨਗਰ ਦਬੁਰਜੀ ਲੈ ਗਿਆ। ਇਥੇ ਵੀ ਗੁਰੂ ਸਾਹਿਬ ਕੁਝ ਦਿਨ ਰਹਿ ਕੇ ਸਿੱਖੀ ਪ੍ਰਚਾਰ ਕਰਦੇ ਰਹੇ। ਸਿਆਲ ਦਾ ਮੌਸਮ ਭਾਈ ਕੀਰਤੀਏ ਦੀ ਨਗਰੀ ਗਲੋਟੀਆ ਖੁਰਦ ’ਚ ਹੀ ਗੁਜ਼ਾਰਿਆ। 1660 ਈ. ਦੀ ਵਿਸਾਖੀ ਗੁਰੂ ਸਾਹਿਬ ਨੇ ‘ਸ਼ਾਲਕੋਟ’ (ਪਾਕਿਸਤਾਨ) ’ਚ ਧੂਮ ਧਾਮ ਨਾਲ ਮਨਾਈ। ਇਥੇ ਹੀ ਭਾਈ ਨੰਦ ਲਾਲ ਆਪਣੇ ਦੋ ਪੁੱਤਰਾਂ ਭਾਗ ਮੱਲ ਅਤੇ ਬਾਗ ਮੱਲ ਨੂੰ ਲੈ ਕੇ ਗੁਰੂ ਜੀ ਦੇ ਚਰਨਾਂ ’ਚ ਆਇਆ। ਕੁਝ ਸਮਾਂ ‘ਸ਼ਾਲਕੋਟ` ਰਹਿ ਕੇ ਗੁਰੂ ਸਾਹਿਬ ਨੇ ਇਥੋਂ ਕਸ਼ਮੀਰ ਵੱਲ ਜਾਣ ਦੀ ਤਿਆਰੀ ਕੀਤੀ। ਆਪਣੇ ਸਿੱਖ ਸੇਵਕਾਂ ਭਾਈ ਦਾਸਾ, ਭਾਈ ਅੜੂ ਰਾਮ ਆਦਿ ਨਾਲ ਗੁਰੂ ਸਾਹਿਬ ਸ੍ਰੀਨਗਰ ਪੁੱਜੇ। ਮਟਨ ਦੇ ਮਾਰਤੰਡ ਤੀਰਥਾਂ ਦੀ ਯਾਤਰਾ ਕੀਤੀ ਤੇ ਫਿਰ ‘ਮੋਟੇ ਟਾਂਡੇ` ਭਾਈ ਮੱਖਣ ਸ਼ਾਹ ਦੇ ਘਰ ਨਿਵਾਸ ਵੀ ਕੀਤਾ। ਗੁਰੂ ਹਰਿਰਾਇ ਸਾਹਿਬ ਨੇ ਕਾਫ਼ੀ ਸਮਾਂ ਹਰੀਪਰਬਤ ਸ੍ਰੀਨਗਰ ਕੋਲ ਹੀ ਨਿਵਾਸ ਰੱਖਿਆ ਜਿਥੇ ਭਾਈ ਸੇਵਾਦਾਸ, ਭਾਈ ਮਾਧੋ ਸੋਢੀ, ਭਾਈ ਰਾਮਗੜ੍ਹੀਆ ਗੁਰਸਿੱਖ ਨਿਵਾਸ ਰੱਖਦੇ ਸਨ। ਇਸ ਜਗ੍ਹਾ ਨੂੰ ਪਹਿਲਾਂ ਪਹਿਲ ‘ਦੇਵੀ ਅੰਗਣ, ਹੱਕ ਬਾਜ਼ਾਰ’ ਆਖਿਆ ਜਾਂਦਾ ਸੀ। ਗੁਰੂ ਹਰਿ ਰਾਇ ਸਾਹਿਬ ਕਸ਼ਮੀਰ ’ਚ ਚਾਰ ਮਹੀਨੇ ਠਹਿਰੇ ਸਨ। ਭਾਈ ਮੱਖਣਸ਼ਾਹ ਦਾ ਪਿਤਾ ਭਾਈ ਦਾਸਾ ਮੋਟੇ ਟਾਂਡੇ ’ਚ ਪਿਆਨਾ ਕਰ ਗਿਆ ਸੀ। ਭਾਈ ਮੱਖਣਸ਼ਾਹ ਤੋਂ ਵਿਦਾਇਗੀ ਲੈ ਕੇ ਗੁਰੂ ਸਾਹਿਬ ਨੇ ਸਾਰੇ ਕਸ਼ਮੀਰ ਦਾ ਭ੍ਰਮਣ ਕੀਤਾ ਅਤੇ ਵਾਪਸੀ ਰਸਤਾ ਅਖਨੂਰ, ਜੰਮੂ, ਰਾਮਗੜ੍ਹ, ਖਿਰੜੀ, ਸਾਂਬਾ, ਪਠਾਨਕੋਟ ਤੋਂ ਹੁੰਦੇ ਕੀਰਤਪੁਰ ਪੁੱਜੇ ਸਨ।
ਜੰਮੂ ਆਏ ਸਨ ਦਸਮੇਸ਼ ਪਿਤਾ ਜੀ
ਗੁਰੂ ਗੋਬਿੰਦ ਸਿੰਘ ਜੀ 1692 ਈਸਵੀ ਨੂੰ ਕੇਵਲ ਜੰਮੂ ਆਏ ਸਨ। ਗੁਰੂ ਜੀ ਰਵਾਲਸਰ ਤੀਰਥ ’ਚ ਪਹਾੜੀ ਰਾਜਿਆਂ ਦੇ ਸੱਦੇ ’ਤੇ ਆਏ ਸਨ। ਉਥੋਂ ਹੀ ਗੁਰੂ ਜੀ ਦਾ ਵਿਸ਼ਵਾਸ-ਪਾਤਰ ਜੰਮੂ ਦਾ ਰਾਜਾ ਗਜੈ ਸਿੰਘ ਗੁਰੂ ਜੀ ਨੂੰ ਆਪਣੇ ਘਰ ਜੰਮੂ ਲੈ ਗਿਆ। ਗੁਰੂ ਸਾਹਿਬ ਨੇ ਉਸ ਨੂੰ ਇਕ ਦਸਤਾਰ ਤੇ ਉਸ ਦੇ ਭਰਾਤਾ ਜਸਵੰਤ ਸਿੰਘ ਨੂੰ ਬਰਛੀ ਭੇਟਾ ਕੀਤੀ ਸੀ। ਰਾਜਾ ਗਜੈ ਤੋਂ ਵਿਦਾਇਗੀ ਲੈ ਕੇ ਗੁਰੂ ਜੀ ਚੱਕ ਕਾਨਾ, ਰਾਮਗੜ੍ਹ, ਖਿਰੜੀ, ਸਾਂਬਾ, ਪਠਾਨਕੋਟ, ਹੁਸ਼ਿਆਰਪੁਰ ਆਦਿ ਨਗਰਾਂ ਤੋਂ ਹੁੰਦੇ ਅਨੰਦਪੁਰ ਸਾਹਿਬ ਆ ਗਏ ਸਨ । ਯਾਦ ਰਹੇ ਰਾਜਾ ਗਜੈ ਸਿੰਘ ਭੀਮਸੈਨ ਕਹਲੂਰੀਏ ਦਾ ਸੰਬੰਧੀ ਸੀ।
ਪੁਰਾਤਨ ਡੇਰੇ
ਜੰਮੂ ਕਸ਼ਮੀਰ ਰਿਆਸਤ ’ਚ ਪੁਰਾਤਨ ਸਮੇਂ ਤੋਂ ਕੁਝ ਡੇਰੇ ਸਿੱਖੀ ਪ੍ਰਚਾਰ ਤੇ ਪਾਸਾਰ ਲਈ ਸਰਗਰਮ ਹਨ। ਬਿਖੜੇ ਸਮਿਆਂ ’ਚ ਇਨ੍ਹਾਂ ਡੇਰਿਆਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਜੰਮੂ ਕਸ਼ਮੀਰ ਦੇ ਨਿਰਮਲ ਸੰਪਰਦਾਇ ਦੇ ਪ੍ਰਮੁੱਖ ਡੇਰੇ ਹਨ/ਸਨ: ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਪੁਣਛ,ਡੇਰਾ ਸੰਤਪੁਰਾ ਡੰਨਾ ਮੁਜ਼ੱਫਰਾਬਾਦ, ਡੇਰਾ ਗੁਫ਼ਾ ਮੁਜ਼ੱਫ਼ਰਾਬਾਦ, ਡੇਰਾ ਬੰਦਾ ਸਿੰਘ ਬਹਾਦੁਰ, ਰਿਆਸੀ, ਡੇਰਾ ਮੰਗਵਾਲ, ਡੇਰਾ ਬਸਨਾੜਾ ਆਦਿ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ’ਚ ਕਸ਼ਮੀਰ ਦੇ ਸਿੱਖਾਂ ਦਾ ਬੜਾ ਸਤਿਕਾਰ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਖਿਡਾਵਾ ਭਾਈ ਚੌਪਾ ਸਿੰਘ ਛਿੱਬਰ ਸਭ ਤੋਂ ਪਹਿਲਾਂ ਅਧਿਆਪਕ ਤੇ ਸ਼ਸਤਰ ਵਿਦਿਆ ਦਾ ਉਸਤਾਦ ਰਿਹਾ ਸੀ। ਦਸ਼ਮੇਸ਼ ਪਿਤਾ ਨੇ ਖ਼ਾਲਸਾ ਪੰਥ ਦੀ ਸਾਜਨਾ ਸਮੇਂ, ਪੰਜ ਕਸ਼ਮੀਰੀ ਸਿੱਖਾਂ ਕ੍ਰਿਪਾ ਸਿੰਘ, ਰਾਮ ਸਿੰਘ, ਗੁਰਮੁਖ ਸਿੰਘ, ਦਯਾ ਸਿੰਘ ਆਦਿ ਨੇ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕਰਨ ’ਚ ਪਹਿਲ ਕੀਤੀ। ਗੁਰੂ ਸਾਹਿਬ ਨੇ ਸਿੱਖੀ ਪ੍ਰਚਾਰ ਲਈ ਪੁਣਛ ਤੇ ਕਸ਼ਮੀਰ ਵੱਲ ਸਿੱਖ ਪ੍ਰਚਾਰਕਾਂ ਨੂੰ ਰਵਾਨਾ ਕੀਤਾ। ਕਲਗੀਧਰ ਪਿਤਾ ਨੇ ਕਸ਼ਮੀਰ ਤੇ ਪਹਾੜ ਦੇਸ਼ ਲਈ ਭਾਈ ਅਮੋਲਕ ਸਿੰਘ, ਭਾਈ ਫੇਰੂ ਸਿੰਘ, ਭਾਈ ਪੰਜਾਬ ਸਿੰਘ ਵਿਸ਼ੇਸ਼ ਸੇਵਕਾਂ ਨੂੰ ਭੇਜਿਆ। ਇਸ ਤਰ੍ਹਾਂ ਸਾਬਤ ਸੂਰਤ ਸਿੰਘਾਂ ਦੇ ਸਰੂਪ ਇਸ ਧਰਤੀ ’ਤੇ ਅਠਾਰਵੀਂ ਸਦੀ ’ਚ ਦਿਖਾਈ ਦੇਣ ਲੱਗੇ। ਭਾਈ ਅਮੋਲਕ ਸਿੰਘ ਕਸ਼ਮੀਰ ਵਿਚ ਖ਼ਾਲਸਾ ਪੰਥ ਦੇ ਮੋਹਰੀ ਪ੍ਰਚਾਰਕ ਬਣੇ।
ਡੇਰਾ ਸੰਤਪੁਰਾ ਨੰਗਾਲੀ ਸਾਹਿਬ
ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਪੁਣਛ ਰਿਆਸਤ ਦਾ ਮਹੱਤਵਪੂਰਨ ਡੇਰਾ ਹੈ ਜੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੈ। ਇਸ ਡੇਰੇ ਨਾਲ ਸਬੰਧਤ ਅਨੇਕਾਂ ਮਹਾਪੁਰਸ਼ ਹੋਏ ਹਨ ਜਿਵੇਂ (ਸੰਤ ਭਾਈ) ਫੈਰੂ ਸਿੰਘ, ਪੰਜਾਬ ਸਿੰਘ, ਰੌਚਾ ਸਿੰਘ, ਮੇਲਾ ਸਿੰਘ, ਮੰਨਾ ਸਿੰਘ, ਮੰਗਲ ਸਿੰਘ, ਰਤਨ ਸਿੰਘ, ਅਵਤਾਰ ਸਿੰਘ, ਰਤਨ ਸਿੰਘ ਮੋਦੀ, ਮੋਹਰ ਸਿੰਘ, ਮੰਗਲ ਸਿੰਘ ਸਾਸਨ, ਬਚਿੱਤਰ ਸਿੰਘ ਤੇ ਅਜੋਕੇ ਮਹੰਤ ਮਨਜੀਤ ਸਿੰਘ । ਡੇਰਾ ਸੰਤਪੁਰਾ ਡੰਨਾ ਨੇ ਵੀ ਹੋਰ ਡੇਰਿਆਂ ਵਾਂਗ ਸਮੇਂ-ਸਮੇਂ ਵੰਗਾਰਾਂ ਤੇ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਪਰ ਰੂਹਾਨੀ ਰਮਜ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਅਗਰਗਾਮੀ ਰਹੇ।
ਤੀਜੀ ਤੇ ਪੰਜਵੀਂ ਪਾਤਿਸ਼ਾਹੀ ਨੇ ਭੇਜੇ ਸਨ ਪ੍ਰਚਾਰਕ
ਗੁਰੂ ਅਮਰਦਾਸ ਸਾਹਿਬ (1479-1574 ਈ.) ਨੇ ਜੰਮੂ ਕਸ਼ਮੀਰ ਵੱਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਈ ਪ੍ਰਚਾਰਕ ਭੇਜੇ ਸਨ। ਉਨ੍ਹਾਂ ’ਚੋਂ ਭਾਈ ਫੇਰਾ, ਕਟਾਰੀਆ ਗੋਤ ਦਾ ਖੱਤਰੀ ਸੀ ਜਿਸ ਨੇ ਜੰਮੂ ਦੀਆਂ ਪਹਾੜੀਆਂ ’ਚ ਸਿੱਖੀ ਦਾ ਪ੍ਰਚਾਰ ਕੀਤਾ। ਕੀ ਗੁਰੂ ਰਾਮਦਾਸ ਸਾਹਿਬ (1534-1581 ਈ.) ਨੇ ਮਸੰਦਾਂ ਨੂੰ ਰਿਆਸਤ ’ਚ ਪ੍ਰਚਾਰ ਲਈ ਭੇਜਿਆ ਸੀ ? ਇਹ ਨੁਕਤਾ ਖੋਜ ਦੀ ਮੰਗ ਕਰਦਾ ਹੈ। ਗੁਰੂ ਅਰਜਨ ਦੇਵ ਜੀ (1563-1606 ਈ.) ਨੇ ਜੰਮੂ ਕਸ਼ਮੀਰ ਵੱਲ ਕੁਝ ਪ੍ਰਚਾਰਕ ਰਵਾਨਾ ਕੀਤੇ ਸਨ। ਗੁਰੂ ਸਾਹਿਬ ਦੇ ਇਨ੍ਹਾਂ ਪ੍ਰਚਾਰਕਾਂ ’ਚੋਂ ਭਾਈ ਮਾਧੋ ਸੋਢੀ ਪ੍ਰਮੁੱਖ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਵਿਸ਼ੇਸ਼ ਹਿਦਾਇਤਾਂ ਦੇ ਕੇ ਰਵਾਨਾ ਕੀਤਾ ਸੀ: ਮਾਧੋ ਸੋਢੀ ਕਾਸਮੀਰ ਗੁਰਸਿੱਖੀ ਦੀ ਚਾਲ ਚਲਾਈ। (ਭਾਈ ਗੁਰਦਾਸ, ਵਾਰ 11/26) ਮਾਧੋ ਸੋਢੀ ਨੇ ਪੂਰੇ ਕਸ਼ਮੀਰ ’ਚ ਥਾਂ-ਥਾਂ ਜਾ ਕੇ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵੱਲ ਪ੍ਰੇਰਿਆ ਜਿਨ੍ਹਾਂ ’ਚ ਭਾਈ ਸੇਵਾਦਾਸ, ਭਾਈ ਕਟੂਸ਼ਾਹ, ਮਾਤਾ ਭਾਗਭਰੀ ਪ੍ਰਮੁੱਖ ਸਨ। ਮਾਧੋ ਸੋਢੀ ਨੇ ਇਕ ਸਾਲ ਕਸ਼ਮੀਰ ’ਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਗੜ੍ਹੀਆ ਨੂੰ ਆਪ ਕਸ਼ਮੀਰ ਵੱਲ ਸਿੱਖੀ ਪ੍ਰਚਾਰ ਤੇ ਪਸਾਰ ਵਾਸਤੇ ਰਵਾਨਾ ਕੀਤਾ। ਭਾਈ ਗੜ੍ਹੀਆ ਤੇ ਭਾਈ ਸੇਵਾਦਾਸ ਨੇ ਦੂਰ-ਦੁਰਾਡੇ ਪਹਾੜਾਂ ’ਚ ਜਾ ਕੇ ਲੋਕਾਂ ਨੂੰ ਗੁਰਮਤਿ ਦੇ ਕੁਟੰਬ ’ਚ ਸ਼ਾਮਿਲ ਕੀਤਾ। ਗੁਰੂ ਹਰਿਰਾਇ ਸਾਹਿਬ ਦੇ ਸਮੇਂ ਵੀ ਸਿੱਖ ਇਥੇ ਪ੍ਰਚਾਰ ਕਰਨ ਲਈ ਗੁਰੂ ਸਾਹਿਬ ਨਾਲ ਹੀ ਕਸ਼ਮੀਰ ਆਏ ਸਨ, ਜਿਨ੍ਹਾਂ ’ਚੋਂ ਭਾਈ ਮੱਖਣ ਸ਼ਾਹ ਲੁਬਾਣਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ (1621-1675 ਈ.) ਨੇ ਕਸ਼ਮੀਰੀ ਪੰਡਤਾਂ ’ਚੋਂ ਮਟਨ ਦੇ ਭਾਈ ਕ੍ਰਿਪਾ ਰਾਮ ਦੀ ਅਗਵਾਈ ’ਚ ਕਸ਼ਮੀਰੀ ਪੰਡਤਾਂ ਦਾ ਕਾਫ਼ਲਾ ਜਿਸ ਦੀ ਗਿਣਤੀ 16 ਸੀ, ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ’ਚ ਮਦਦ ਲਈ ਪੁੱਜ ਕੇ ਫ਼ਰਿਆਦੀ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜੰਝੂ ਦੀ ਖ਼ਾਤਿਰ ਦਿੱਲੀ ਦੇ ਚਾਂਦਨੀ ਚੌਕ ’ਚ ਸ਼ਹੀਦੀ ਪਾਈ ਸੀ।
• ਡਾ. ਜਸਬੀਰ ਸਿੰਘ ਸਰਨਾ