ਅਹਿੰਸਾ ਨੂੰ ਧਰਮਾਂ ਦਾ ਮੂਲ ਦੱਸਿਆ ਗਿਆ ਹੈ ਕਿਉਂਕਿ ਧਰਤੀ ’ਤੇ ਸਾਰੇ ਸੁੱਘੜ-ਸਿਆਣੇ ਲੋਕਾਂ ਨੇ ਹਿੰਸਾ ਨੂੰ ਮਹਾਪਾਪ ਮੰਨਿਆ ਹੈ। ਮਨੁੱਖ ਪ੍ਰਤੀ ਮਨੁੱਖ ਦੁਆਰਾ ਹਿੰਸਾ ਤਾਂ ਸਾਰੇ ਧਰਮ ਗ੍ਰੰਥਾਂ ਵਿਚ ਅਸਵੀਕਾਰ ਹੈ। ਕਿਸੇ ਵੀ ਵਿਦਵਾਨ ਤੇ ਰਿਸ਼ੀ-ਮੁਨੀ ਨੇ ਹਿੰਸਾ ਦਾ ਸਮਰਥਨ ਨਹੀਂ ਕੀਤਾ ਹੈ, ਉਹ ਚਾਹੇ ਸਰੀਰਕ ਹਿੰਸਾ ਹੋਵੇ ਜਾਂ ਮਾਨਸਿਕ। ਪਰਿਵਾਰਕ ਹਿੰਸਾ ਹੋਵੇ ਜਾਂ ਸਮਾਜਿਕ ਹਿੰਸਾ, ਇਹ ਮਨੁੱਖੀ ਸੱਭਿਅਤਾ ਦੇ ਵਿਰੁੱਧ ਹੈ। ਦੇਸ਼ ਦੇ ਅੰਦਰ ਜਾਂ ਬਾਹਰ, ਇਹ ਇਕ ਅਪਰਾਧਕ ਕਾਰਾ ਹੈ। ਨੈਤਿਕਤਾ ਦੇ ਉਲਟ ਇਸ ਦਾ ਮੁਲਾਂਕਣ ਕਰਨ ਵਾਲੇ ਡੂੰਘੇ ਅੰਧਕਾਰ ਵਿਚ ਭਟਕੇ ਹੋਏ ਹਨ।

ਅਹਿੰਸਾ ਨੂੰ ਧਰਮਾਂ ਦਾ ਮੂਲ ਦੱਸਿਆ ਗਿਆ ਹੈ ਕਿਉਂਕਿ ਧਰਤੀ ’ਤੇ ਸਾਰੇ ਸੁੱਘੜ-ਸਿਆਣੇ ਲੋਕਾਂ ਨੇ ਹਿੰਸਾ ਨੂੰ ਮਹਾਪਾਪ ਮੰਨਿਆ ਹੈ। ਮਨੁੱਖ ਪ੍ਰਤੀ ਮਨੁੱਖ ਦੁਆਰਾ ਹਿੰਸਾ ਤਾਂ ਸਾਰੇ ਧਰਮ ਗ੍ਰੰਥਾਂ ਵਿਚ ਅਸਵੀਕਾਰ ਹੈ। ਕਿਸੇ ਵੀ ਵਿਦਵਾਨ ਤੇ ਰਿਸ਼ੀ-ਮੁਨੀ ਨੇ ਹਿੰਸਾ ਦਾ ਸਮਰਥਨ ਨਹੀਂ ਕੀਤਾ ਹੈ, ਉਹ ਚਾਹੇ ਸਰੀਰਕ ਹਿੰਸਾ ਹੋਵੇ ਜਾਂ ਮਾਨਸਿਕ। ਪਰਿਵਾਰਕ ਹਿੰਸਾ ਹੋਵੇ ਜਾਂ ਸਮਾਜਿਕ ਹਿੰਸਾ, ਇਹ ਮਨੁੱਖੀ ਸੱਭਿਅਤਾ ਦੇ ਵਿਰੁੱਧ ਹੈ। ਦੇਸ਼ ਦੇ ਅੰਦਰ ਜਾਂ ਬਾਹਰ, ਇਹ ਇਕ ਅਪਰਾਧਕ ਕਾਰਾ ਹੈ। ਨੈਤਿਕਤਾ ਦੇ ਉਲਟ ਇਸ ਦਾ ਮੁਲਾਂਕਣ ਕਰਨ ਵਾਲੇ ਡੂੰਘੇ ਅੰਧਕਾਰ ਵਿਚ ਭਟਕੇ ਹੋਏ ਹਨ। ਅਜਿਹੇ ਭ੍ਰਮਿਤ ਲੋਕਾਂ ਦਾ ਵਿਚਾਰਕ ਆਧਾਰ ਸਿਫ਼ਰ ਹੈ। ਅਹਿੰਸਾ ਦੇਵ ਗੁਣ ਹੈ, ਤਾਂ ਹਿੰਸਾ ਦਾਨਵੀ ਸੰਸਕ੍ਰਿਤੀ ਹੈ। ਹਿੰਸਾ ਕਦੇ ਵੀ ਕਿਸੇ ਸਹੀ ਮਾਰਗ ਨੂੰ ਪਕੇਰਾ ਨਹੀਂ ਕਰ ਸਕਦੀ, ਇਹ ਝੂਠ ਅਤੇ ਭੈਅ ਦੀ ਨੀਂਹ ’ਤੇ ਖੜ੍ਹਾ ਦੁੱਖ ਹੈ। ਹਿੰਸਾ ਪਾਪ-ਯੁਕਤ ਤਾਮਸੀ ਰੋਗ ਹੈ। ਇਹ ਗ਼ੈਰ-ਕੁਦਰਤੀ ਕਾਇਰਤਾ ਕਾਰਨ ਉਤਪੰਨ ਜ਼ਹਿਰੀਲਾ ਦੋਸ਼ ਹੈ, ਅਸ਼ੁੱਧ ਭਾਵਨਾ ਤੋਂ ਉਪਜਿਆ ਮਾੜਾ ਯਤਨ ਹੈ। ਸੰਸਾਰ ਵਿਚ ਹਿੰਸਾ ਤੋਂ ਵਧ ਕੇ ਕੋਈ ਸੰਤਾਪ ਨਹੀਂ। ਬੱਚਿਆਂ ਪ੍ਰਤੀ ਅਣ-ਉੱਚਿਤ ਵਿਵਹਾਰ, ਮਹਿਲਾਵਾਂ ਦਾ ਸ਼ੋਸ਼ਣ ਅਤੇ ਸੰਤਾਪ, ਬਿਰਧਾਂ ਪ੍ਰਤੀ ਬੇਇਨਸਾਫ਼ੀ-ਪਰਿਵਾਰਕ ਹਿੰਸਾ ਦੀ ਪਰਿਭਾਸ਼ਾ ਦੇ ਅੰਤਰਗਤ ਗ਼ੈਰ-ਸਮਾਜੀ ਕਾਰਾ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਅਬੋਧ ਤੇ ਨਿਰਦੋਸ਼ ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣਾ ਅਣਮਨੁੱਖੀ ਕੰਮ ਹੈ। ਜਿਸ ਦੇਸ਼ ਵਿਚ ਹਿੰਸਾ ਵੱਖ-ਵੱਖ ਰੂਪਾਂ ਵਿਚ ਮੌਜੂਦ ਹੋਵੇ, ਉਸ ਦਾ ਪਤਨ ਯਕੀਨੀ ਹੈ। ਅਨੇਕ ਦੇਸ਼ਾਂ ਦੀ ਹੋਂਦ ਇਸੇ ਹਿੰਸਾ ਦੇ ਕਾਲੇ ਪਰਛਾਵੇਂ ਵਿਚ ਲੋਪ ਹੋ ਗਈ। ਜਦਕਿ ਅਹਿੰਸਾ ਨੇ ਸਮੇਂ-ਸਮੇਂ ’ਤੇ ਹਿੰਸਾ ਨੂੰ ਹਰਾਇਆ ਜਾਂ ਕਾਬੂ ਕੀਤਾ। ਹਿੰਸਾ ਦਾ ਨਕਾਰਾਤਮਕ ਅਸਰ ਜ਼ਿਆਦਾ ਸਮੇਂ ਤੱਕ ਠਹਿਰ ਨਹੀਂ ਸਕਿਆ। ਰਾਵਣ, ਕੰਸ ਅਤੇ ਦੁਰਯੋਧਨ ਹਿੰਸਾ ਦੀ ਮੂਰਤ ਸਨ, ਪਾਪੀ ਸਨ। ਉਹ ਆਪਣੇ ਪਾਪਾਂ ਕਾਰਨ ਮਿਟ ਗਏ, ਅੱਤਿਆਚਾਰਾਂ ਕਾਰਨ ਸਰਾਪੇ ਗਏ। ਫਿਰ ਵੀ, ਕੋਈ ਸੁਧਾਰ ਯੁਗਾਂ ਤੱਕ ਨਹੀਂ ਹੋ ਸਕਿਆ। ਅੱਜ ਵੀ ਹਿੰਸਾ ਇਕ ਦਾਨਵ ਦੇ ਸਮਾਨ ਚੱਟਾਨ ਬਣ ਕੇ ਮਨੁੱਖਤਾ ਦਾ ਰਸਤਾ ਰੋਕ ਕੇ ਖੜ੍ਹੀ ਹੈ। ਦੈਵੀ ਗੁਣਾਂ ਨਾਲ ਹਿੰਸਾ ਦੇ ਦੈਤ ਨੂੰ ਹਰਾਇਆ ਜਾ ਸਕਦਾ ਹੈ। ਸਬਰ-ਸੰਤੋਖ ਤੇ ਸਾਹਸ ਨਾਲ ਹਿੰਸਾ ਦੀ ਹੋਂਦ ਮਿਟਾਈ ਜਾ ਸਕਦੀ ਹੈ।
-ਡਾ. ਰਾਘਵੇਂਦਰ ਸ਼ੁਕਲ।