ਰਾਸ਼ਟਰੀ ਅਖੰਡਤਾ
ਰਾਸ਼ਟਰੀ ਅਖੰਡਤਾ ਦਾ ਭਾਵ ਭਾਰਤੀ ਸੰਸਕ੍ਰਿਤੀ ਦੇ ਮੂਲ ਵਿਚ ਰਿਹਾ ਹੈ। ਇਸ ਦੇ ਲਈ ਸਾਡੇ ਪੂਰਵਜਾਂ ਨੇ ਆਪਣਾ ਪੂਰਾ ਜੀਵਨ ਖਪਾਇਆ ਹੈ। ਉਨ੍ਹਾਂ ਨੇ ਇਸ ਨੂੰ ਬਣਾਈ ਰੱਖਣ ਲਈ ਆਪਣੇ ਪ੍ਰਾਣ ਦੇ ਦਿੱਤੇ। ਰਾਸ਼ਟਰੀ ਏਕਤਾ ਅਤੇ ਅਖੰਡਤਾ ਭਾਰਤ ਦੀ ਸ਼ਕਤੀ ਹੈ।
Publish Date: Mon, 08 Nov 2021 11:24 PM (IST)
Updated Date: Tue, 09 Nov 2021 07:00 AM (IST)

ਰਾਸ਼ਟਰੀ ਅਖੰਡਤਾ ਦਾ ਭਾਵ ਭਾਰਤੀ ਸੰਸਕ੍ਰਿਤੀ ਦੇ ਮੂਲ ਵਿਚ ਰਿਹਾ ਹੈ। ਇਸ ਦੇ ਲਈ ਸਾਡੇ ਪੂਰਵਜਾਂ ਨੇ ਆਪਣਾ ਪੂਰਾ ਜੀਵਨ ਖਪਾਇਆ ਹੈ। ਉਨ੍ਹਾਂ ਨੇ ਇਸ ਨੂੰ ਬਣਾਈ ਰੱਖਣ ਲਈ ਆਪਣੇ ਪ੍ਰਾਣ ਦੇ ਦਿੱਤੇ। ਰਾਸ਼ਟਰੀ ਏਕਤਾ ਅਤੇ ਅਖੰਡਤਾ ਭਾਰਤ ਦੀ ਸ਼ਕਤੀ ਹੈ। ਇਹੀ ਸ਼ਕਤੀ ਸਾਨੂੰ ਅਦੁੱਤੀ ਅਤੇ ਅਜੇਤੂ ਬਣਾਉਂਦੀ ਹੈ। ਭਾਰਤ ਆਪਣੀ ਰਾਸ਼ਟਰੀ ਅਖੰਡਤਾ ਦੇ ਬਲ ’ਤੇ ਹੀ ਵਿਸ਼ਵ ਦਾ ਸਿਰਮੌਰ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਕੌਮੀ ਅਖੰਡਤਾ ਦਾ ਭਾਵ ਸਨਾਤਨ ਭਾਵ ਹੈ। ਸਾਡੀ ਸੰਸਕ੍ਰਿਤੀ ਨੇ ਭਾਰਤ ਨੂੰ ਸਿਰਫ਼ ਇਕ ਭੂਗੋਲਿਕ ਇਕਾਈ ਹੀ ਨਹੀਂ ਮੰਨਿਆ ਹੈ। ਉਸ ਨੇ ਇਸ ਨੂੰ ‘ਮਾਂ’ ਕਿਹਾ ਹੈ। ਇਕ ਮਾਂ ਦੇ ਨਾਤੇ ਇਸ ਦਾ ਸਨਮਾਨ, ਸਤਿਕਾਰ, ਪੂਜਨ ਅਤੇ ਰਾਖੀ ਕੀਤੀ ਹੈ। ਸਾਡੇ ਪੂਰਵਜਾਂ ਨੇ ਮਾਤਾ ਵਜੋਂ ਹੀ ਇਸ ਨੂੰ ਸਵੀਕਾਰ ਕੀਤਾ ਹੈ। ਨਾਲ ਹੀ ਉਹ ਇਸ ਦੀ ਰੱਖਿਆ ਲਈ ਸਦਾ ਦ੍ਰਿੜ੍ਹ ਸੰਕਲਪ ਰਹੇ ਹਨ। ਰਾਸ਼ਟਰੀ ਅਖੰਡਤਾ ਹੀ ਸਾਡੀ ਉੱਨਤੀ ਦਾ ਕਾਰਕ ਹੈ। ਜਦ ਰਾਸ਼ਟਰ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਤਕ ਏਕਤਾ ਦੇ ਸੂਤਰ ਵਿਚ ਬੰਨਿ੍ਹਆ ਹੋਇਆ ਹੈ, ਤਦ ਹੀ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਰਾਸ਼ਟਰੀ ਅਖੰਡਤਾ ਸਾਡੀ ਨਿਡਰਤਾ ਦਾ ਕਾਰਨ ਵੀ ਹੈ। ਅਸੀਂ ਆਪਣੀ ਰਾਸ਼ਟਰੀ ਅਖੰਡਤਾ ਦੇ ਬਲ ’ਤੇ ਹੀ ਦੁਸ਼ਮਣਾਂ ਦੇ ਸਨਮੁਖ ਅਡਿੱਗ ਹਾਂ। ਬੰਧੂ ਭਾਵ ਨਾਲ ਹੀ ਰਾਸ਼ਟਰ ਨੂੰ ਅਖੰਡਤਾ ਅਤੇ ਏਕਤਾ ਦੇ ਸੂਤਰ ਵਿਚ ਪਿਰੋਇਆ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਇਸੇ ਭਾਵ ਨੂੰ ਜਾਗਿ੍ਰਤ ਕਰਨ ਦੀ ਜ਼ਰੂਰਤ ਹੈ। ਆਜ਼ਾਦੀ ਤੋਂ ਬਾਅਦ ਜਦ ਸਾਡੀ ਕੌਮੀ ਏਕਤਾ ਅਤੇ ਅਖੰਡਤਾ ’ਤੇ ਸਵਾਲੀਆ ਨਿਸ਼ਾਨ ਲੱਗੇ ਹੋਏ ਸਨ ਉਦੋਂ ਇਸ ਦੀ ਰੱਖਿਆ ਲਈ ਸਰਦਾਰ ਵੱਲਭ ਭਾਈ ਪਟੇਲ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ‘ਏਕ ਭਾਰਤ-ਸ੍ਰੇਸ਼ਠ ਭਾਰਤ’ ਦੀ ਮਹਾਨ ਕਲਪਨਾ ਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਸਮਰੱਥਾ ਨਾਲ ਕੰਮ ਕੀਤਾ। ਉਨ੍ਹਾਂ ਨੇ ਮੋਤੀਆਂ ਵਰਗੀਆਂ ਵੱਖ-ਵੱਖ ਰਿਆਸਤਾਂ ਨੂੰ ਇਕ ਸੁੰਦਰ ਮਾਲਾ ਵਿਚ ਪਿਰੋ ਕੇ ਰਾਸ਼ਟਰ ਬਣਾਇਆ। ਉਹ ਕਿਹਾ ਕਰਦੇ ਸਨ, ‘ਏਕਤਾ ਦੇ ਬਿਨਾਂ ਜਨ-ਸ਼ਕਤੀ, ਸ਼ਕਤੀ ਨਹੀਂ ਹੈ। ਜਦ ਤਕ ਕਿ ਉਸ ਨੂੰ ਸਹੀ ਤਰ੍ਹਾਂ ਨਾਲ ਤਾਲਮੇਲ ’ਚ ਲਿਆ ਕੇ ਇਕਜੁੱਟ ਨਾ ਕੀਤਾ ਜਾਵੇ। ਉਨ੍ਹਾਂ ਨੇ ਸਦਾ ਇਕਜੁੱਟਤਾ ’ਤੇ ਜ਼ੋਰ ਦਿੱਤਾ। ਅੱਜ ਸਾਨੂੰ ਇਸੇ ਇਕਜੁੱਟਤਾ ਦੇ ਭਾਵ ਨਾਲ ਅੱਗੇ ਵਧਣ ਦੀ ਲੋੜ ਹੈ। ਚੇਤੇ ਰੱਖੋ ਕਿ ਏਕੇ ’ਚ ਹੀ ਵਿਰਾਟ ਸ਼ਕਤੀ ਹੁੰਦੀ ਹੈ।-ਲਲਿਤ ਸ਼ੌਰਿਆ।