ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਭੂ ਦਾ ਪਿਆਰ ਆਪਣੇ ਭਗਤਾਂ ਲਈ ਹਜ਼ਾਰਾਂ ਮਾਵਾਂ ਦੇ ਪਿਆਰ ਤੋਂ ਵੀ ਵੱਧ ਹੈ। ਪਰਮਾਤਮਾ ਸਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਡੇ ਤੋਂ ਕਿਸੇ ਵੀ ਕਿਸਮ ਦੀ ਕੋਈ ਉਮੀਦ ਨਹੀਂ ਰੱਖਦਾ। ਉਹ ਸਾਨੂੰ ਸਦਾ ਆਪਣੇ ਅੰਦਰ ਜਾ ਕੇ ਉਸ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ।

ਮਦਰਜ਼ ਡੇ ਇਕ ਅਜਿਹਾ ਦਿਨ ਹੈ ਜੋ ਸਾਰੀ ਦੁਨੀਆ ਵਿਚ ਆਪਣੀਆਂ ਮਾਵਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਮਾਂ ਅਤੇ ਬੱਚੇ ਦਾ ਰਿਸ਼ਤਾ ਹੀ ਸਿਰਫ਼ ਇਕ ਅਜਿਹਾ ਪਿਆਰ ਹੈ ਜੋ ਪਵਿੱਤਰ ਅਤੇ ਸਵਾਰਥ ਤੋਂ ਰਹਿਤ ਹੈ। ਜੇ ਅਸੀਂ ਆਪਣੇ ਜੀਵਨ ਤੋਂ ਉਦਾਹਰਨ ਲਈਏ ਤਾਂ ਅਸੀਂ ਵੇਖਦੇ ਹਾਂ ਕਿ ਸਭ ਤੋਂ ਉੱਚੀ ਅਤੇ ਚੰਗੀ ਮਿਸਾਲ ਮਾਂ ਅਤੇ ਬੱਚੇ ਦੇ ਸੰਸਾਰਕ ਪਿਆਰ ਦੀ ਹੈ। ਅਸੀਂ ਵੇਖਦੇ ਹਾਂ ਕਿ ਕਿਵੇਂ ਇਕ ਛੋਟਾ ਬੱਚਾ ਆਪਣੀ ਮਾਂ ਦੇ ਵਾਲਾਂ ਨੂੰ ਖਿੱਚਦਾ ਹੈ ਅਤੇ ਉਸ ਦੀਆਂ ਗੱਲ੍ਹਾਂ ’ਤੇ ਥੱਪੜ ਮਾਰਦਾ ਹੈ। ਫਿਰ ਵੀ ਮਾਂ ਨੂੰ ਉਸ ਦੀਆਂ ਇਨ੍ਹਾਂ ਹਰਕਤਾਂ ’ਤੇ ਗੁੱਸਾ ਨਹੀਂ ਆਉਂਦਾ।
ਇੱਥੋਂ ਤੱਕ ਕਿ ਜੇ ਬੱਚਾ ਗੰਦਗੀ ਨਾਲ ਲਿਪਟਿਆ ਹੋਇਆ ਆਪਣੀ ਮਾਂ ਕੋਲ ਆਉਂਦਾ ਹੈ, ਤਾਂ ਵੀ ਉਹ ਬੱਚੇ ਨੂੰ ਗਲੇ ਲਾ ਲੈਂਦੀ ਹੈ। ਮਾਂ ਦਾ ਪਿਆਰ ਆਪਣੇ ਬੱਚੇ ਲਈ ਦਿਲ ਤੋਂ ਦਿਲ ਦੀ ਰਾਹ ਹੈ। ਮਾਂ ਅਤੇ ਬੱਚੇ ਦੇ ਰਿਸ਼ਤੇ ਵਿਚ ਲਾਲਚ ਦਾ ਕੋਈ ਸਥਾਨ ਨਹੀਂ ਹੈ। ਮਾਂ ਆਪਣੇ ਬੱਚੇ ਲਈ ਸਭ ਕੁਝ ਨਿਛਾਵਰ ਕਰ ਦਿੰਦੀ ਹੈ। ਮਾਂ ਦੁਆਰਾ ਆਪਣੇ ਬੱਚੇ ਲਈ ਕੀਤੀਆਂ ਕੁਰਬਾਨੀਆਂ ਤੇ ਬਲਿਦਾਨਾਂ ਦਾ ਕੋਈ ਅੰਤ ਨਹੀਂ ਹੁੰਦਾ। ਇਸ ਪਵਿੱਤਰ ਰਿਸ਼ਤੇ ਵਿਚ ਉਹ ਆਪਣੇ ਬੱਚੇ ਦੇ ਪਿਆਰ ਤੋਂ ਇਲਾਵਾ ਦੁਨੀਆ ਦੇ ਸਾਰੇ ਲਗਾਅ ਅਤੇ ਪਿਆਰ ਛੱਡ ਦਿੰਦੀ ਹੈ। ਜਦੋਂ ਬੱਚਾ ਉਸ ਦੀਆਂ ਬਾਹਾਂ ਵਿਚ ਹੁੰਦਾ ਹੈ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ ਅਤੇ ਸਿਰਫ਼ ਆਪਣੇ ਬੱਚੇ ਦੇ ਪਿਆਰ ਵਿਚ ਮਗਨ ਰਹਿੰਦੀ ਹੈ।
ਮਾਂ ਆਪਣੇ ਬੱਚੇ ਦੀ ਇੱਛਾਵਾਂ ਦੇ ਸਾਹਮਣੇ ਖ਼ੁਦ ਨੂੰ ਝੁਕਾ ਲੈਂਦੀ ਹੈ ਤੇ ਉਸ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੀ ਹੈ। ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਾਵਾਂ ਕਿਵੇਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ ਤੇ ਉਨ੍ਹਾਂ ਦੇ ਆਰਾਮ ਅਤੇ ਸੁੱਖ-ਸਹੂਲਤਾਂ ਲਈ ਕਿੰਨਾ ਤਿਆਗ ਕਰਦੀਆਂ ਹਨ। ਜਦੋਂ ਅਸੀਂ ਵੱਡੇ ਹੋ ਜਾਈਏ ਤਾਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਮਾਵਾਂ ਲਈ ਕੀ ਕਰ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਆਦਰ ਦੇ ਸਕਦੇ ਹਾਂ, ਪਿਆਰ ਕਰ ਸਕਦੇ ਹਾਂ। ਅਸੀਂ ਤਹਿ ਦਿਲੋਂ ਸਾਡੇ ਲਈ ਕੀਤੀਆਂ ਗਈਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਯਤਨਾਂ ਨੂੰ ਸਵੀਕਾਰ ਕਰੀਏ।
ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਭੂ ਦਾ ਪਿਆਰ ਆਪਣੇ ਭਗਤਾਂ ਲਈ ਹਜ਼ਾਰਾਂ ਮਾਵਾਂ ਦੇ ਪਿਆਰ ਤੋਂ ਵੀ ਵੱਧ ਹੈ। ਪਰਮਾਤਮਾ ਸਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਡੇ ਤੋਂ ਕਿਸੇ ਵੀ ਕਿਸਮ ਦੀ ਕੋਈ ਉਮੀਦ ਨਹੀਂ ਰੱਖਦਾ। ਉਹ ਸਾਨੂੰ ਸਦਾ ਆਪਣੇ ਅੰਦਰ ਜਾ ਕੇ ਉਸ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ।
ਅਸੀਂ ਮਦਰਜ਼ ਡੇ ਮੌਕੇ ਇਹ ਪ੍ਰਤਿੱਗਿਆ ਕਰੀਏ ਕਿ ਆਪਣੀ ਮਾਂ ਦੇ ਨਿਰਸਵਾਰਥ ਪਿਆਰ ਨੂੰ ਨਾ ਸਿਰਫ਼ ਇਸ ਦਿਨ ਯਾਦ ਕਰਾਂਗੇ, ਬਲਕਿ ਉਸ ਨੂੰ ਹਰ ਰੋਜ਼ ਆਪਣੇ ਦਿਲਾਂ ਵਿਚ ਸੰਭਾਲ ਕੇ ਰੱਖਾਂਗੇ। ਅਸੀਂ ਰੱਬ ਦਾ ਵੀ ਧੰਨਵਾਦ ਕਰੀਏ ਕਿ ਉਸ ਨੇ ਸਾਨੂੰ ਮਨੁੱਖੀ ਜੀਵਨ ਦਾ ਸੁਨਹਿਰਾ ਮੌਕਾ ਦਿੱਤਾ ਹੈ। ਰੱਬ ਦੇ ਅਣਗਿਣਤ ਅਸ਼ੀਰਵਾਦਾਂ ਤੇ ਅਸੀਮ ਪਿਆਰ ਦਾ ਧੰਨਵਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਪ੍ਰੇਮ ਨਾਲ ਸਦਾਚਾਰੀ ਜੀਵਨ ਜਿਉਂਦੇ ਹੋਏ ਧਿਆਨ-ਅਭਿਆਸ ਵਿਚ ਸਮਾਂ ਦੇਈਏ ਤੇ ਰੂਹਾਨੀ ਮਾਰਗ ’ਤੇ ਤੇਜ਼ੀ ਨਾਲ ਅੱਗੇ ਵਧੀਏ।
-ਸੰਤ ਰਾਜਿੰਦਰ ਸਿੰਘ