ਦਾਨ ਦਾ ਅਰਥ ਸੁੱਟਣਾ ਨਹੀਂ ਸਗੋਂ ਬੀਜਣਾ ਹੈ
ਦਾਨ ਦਾ ਲਫ਼ਜ਼ੀ ਅਰਥ ਹੈ 'ਦੇਣ ਦੀ ਕਿਰਿਆ'। ਜਦ ਅਸੀਂ ਆਪਣੀ ਸਮਰਥਾ ਮੁਤਾਬਕ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਹਾਂ ਤਾਂ ਉਹ ਦਾਨ ਕਹਾਉਂਦਾ ਹੈ। ਦਾਨ ਵਿਚ ਦਾਤੇ ਦਾ ਭਾਵ ਨਹੀਂ ਹੋਣਾ ਚਾਹੀਦਾ।
Publish Date: Sat, 11 Jan 2020 10:19 PM (IST)
Updated Date: Sun, 12 Jan 2020 08:30 AM (IST)

ਦਾਨ ਦਾ ਲਫ਼ਜ਼ੀ ਅਰਥ ਹੈ 'ਦੇਣ ਦੀ ਕਿਰਿਆ'। ਜਦ ਅਸੀਂ ਆਪਣੀ ਸਮਰਥਾ ਮੁਤਾਬਕ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਹਾਂ ਤਾਂ ਉਹ ਦਾਨ ਕਹਾਉਂਦਾ ਹੈ। ਦਾਨ ਵਿਚ ਦਾਤੇ ਦਾ ਭਾਵ ਨਹੀਂ ਹੋਣਾ ਚਾਹੀਦਾ। ਕਿਹਾ ਵੀ ਜਾਂਦਾ ਹੈ ਕਿ ਇਕ ਹੱਥ ਨਾਲ ਇਵੇਂ ਦਾਨ ਕਰੋ ਕਿ ਦੂਜੇ ਹੱਥ ਨੂੰ ਪਤਾ ਨਾ ਲੱਗੇ। ਹਿੰਦੂ ਧਰਮ ਵਿਚ ਦਾਨ ਦਾ ਬਹੁਤ ਵੱਧ ਮਹੱਤਵ ਦੱਸਿਆ ਗਿਆ ਹੈ। ਇਹ ਸਿਰਫ਼ ਰਿਵਾਜ਼ ਅਤੇ ਪ੍ਰੰਪਰਾ ਨਹੀਂ ਹੈ ਸਗੋਂ ਦਾਨ ਦੇਣ ਦੇ ਪਿੱਛੇ ਸਾਡੇ ਧਾਰਮਿਕ ਗ੍ਰੰਥਾਂ ਅਤੇ ਸ਼ਾਸਤਰਾਂ ਵਿਚ ਮਹੱਤਵਪੂਰਨ ਉਦੇਸ਼ ਦੱਸੇ ਗਏ ਹਨ। ਕਰਨ, ਦਧੀਚੀ ਅਤੇ ਰਾਜਾ ਹਰੀਸ਼ਚੰਦਰ ਵਰਗੇ ਪਰਮਦਾਨੀ ਭਾਰਤ ਵਿਚ ਹੀ ਹੋਏ ਹਨ ਜਿਨ੍ਹਾਂ ਨੇ ਦੁਨੀਆ ਦੇ ਸਾਹਮਣੇ ਦਾਨ ਦੀ ਮਿਸਾਲ ਕਾਇਮ ਕੀਤੀ। ਮਹਾਤਮਾ ਗਾਂਧੀ ਦੇ ਪਰਮ ਪੈਰੋਕਾਰ ਵਿਨੋਬਾ ਭਾਵੇ ਦੇ ਸ਼ਬਦਾਂ ਵਿਚ ਦਾਨ ਦਾ ਅਰਥ ਸੁੱਟਣਾ ਨਹੀਂ ਸਗੋਂ ਬੀਜਣਾ ਹੈ। ਪੁਰਾਣਾਂ ਵਿਚ ਵੀ ਅਨੇਕ ਤਰ੍ਹਾਂ ਦੇ ਦਾਨਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿਚ ਅੰਨ ਦਾਨ, ਵਿੱਦਿਆ ਦਾਨ, ਧਨ ਦਾਨ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ। ਹੁਣ ਤਾਂ ਭਾਰਤ ਵਿਚ ਦੇਹ ਦਾਨ ਦਾ ਵੀ ਚਲਨ ਚੱਲ ਪਿਆ ਹੈ। ਦੇਖਿਆ ਜਾਵੇ ਤਾਂ ਕੁਦਰਤ ਸਭ ਤੋਂ ਚੰਗੀ ਅਧਿਆਪਕ ਹੈ ਜੋ ਸਾਨੂੰ ਦੇਣਾ ਸਿਖਾਉਂਦੀ ਹੈ। ਸੂਰਜ, ਫੁੱਲ, ਰੁੱਖ, ਨਦੀਆਂ, ਧਰਤੀ ਸਭ ਕੁਝ ਨਾ ਕੁਝ ਦਿੰਦੇ ਹਨ। ਫਿਰ ਵੀ ਨਾ ਸੂਰਜ ਦੀ ਰੋਸ਼ਨੀ ਘੱਟ ਹੋਈ, ਨਾ ਫੁੱਲਾਂ ਦੀ ਖ਼ੁਸ਼ਬੂ, ਨਾ ਰੁੱਖਾਂ ਦੇ ਫਲ ਅਤੇ ਨਾ ਹੀ ਨਦੀਆਂ ਦਾ ਪਾਣੀ। ਇਸ ਲਈ ਕਿਹਾ ਜਾਂਦਾ ਹੈ ਕਿ ਦਾਨ ਇਕ ਹੱਥ ਨਾਲ ਦੇਣ 'ਤੇ ਅਨੇਕ ਹੱਥਾਂ ਰਾਹੀਂ ਪਰਤ ਕੇ ਸਾਡੇ ਕੋਲ ਵਾਪਸ ਆ ਜਾਂਦਾ ਹੈ। ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਮਦਰ ਟੈਰੇਸਾ ਨੇ ਕਦੇ ਫੁੱਟਪਾਥ 'ਤੇ ਬੈਠੀ ਇਕ ਭੁੱਖੀ ਮਹਿਲਾ ਨੂੰ ਕੁਝ ਖਾਣ ਲਈ ਦਿੱਤਾ। ਉਸ ਔਰਤ ਨੇ ਮਦਰ ਟੈਰੇਸਾ ਨੂੰ ਬੇਨਤੀ ਕੀਤੀ ਕਿ ਕਿਰਪਾ ਕਰ ਕੇ ਰੁਕੋ, ਮੈਂ ਹੁਣੇ ਆਉਂਦੀ ਹਾਂ। ਉਹ ਗੁਆਂਢ ਵਿਚ ਗਈ ਅਤੇ ਇਕ ਔਰਤ ਨੂੰ ਅੱਧਾ ਭੋਜਨ ਦੇ ਆਈ ਜਿਸ ਦੇ ਚਾਰ ਬੱਚੇ ਸਨ। ਇਹ ਹੈ ਦਾਨ ਦੀ ਉੱਤਮ ਮਿਸਾਲ। 'ਦਾਨ ਦਿਏ ਧਨ ਨਾ ਘਟੇ, ਨਦੀ ਨਾ ਘਟੇ ਨੀਰ। ਅਪਨੀ ਆਂਖੋਂ ਦੇਖ ਲੋ ਯੋਂ ਕਯਾ ਕਹੇ ਕਬੀਰ।' ਭਗਤ ਕਬੀਰ ਦਾ ਇਹ ਦੋਹਾ ਆਪਣੇ-ਆਪ ਵਿਚ ਹੀ ਪੂਰੀ ਗੱਲ ਕਹਿ ਜਾਂਦਾ ਹੈ। ਵੇਦਾਂ ਅਤੇ ਪੁਰਾਣਾਂ ਵਿਚ ਵੀ ਕਿਹਾ ਗਿਆ ਹੈ ਕਿ ਦਾਨ ਦੇਣ ਨਾਲ ਸਾਡੇ ਅੰਦਰ ਜਮ੍ਹਾ ਕਰਨ ਦੀ ਬਿਰਤੀ ਨਹੀਂ ਆਉਂਦੀ। ਇਸ ਨਾਲ ਅਸੀਂ ਨਾ ਸਿਰਫ਼ ਹੋਰਾਂ ਦਾ ਭਲਾ ਕਰਦੇ ਹਾਂ ਬਲਕਿ ਆਪਣੀ ਸ਼ਖ਼ਸੀਅਤ ਨੂੰ ਵੀ ਨਿਖਾਰਦੇ ਹਾਂ।