ਜੋ ਦਿਆਲੂ ਨਹੀਂ, ਉਸ ਵਿਚ ਮਨੁੱਖਤਾ ਕਿੱਥੋਂ ਹੋਵੇਗੀ?
ਜੋ ਦਿਆਲੂ ਨਹੀਂ, ਉਸ ਵਿਚ ਮਨੁੱਖਤਾ ਕਿੱਥੋਂ ਹੋਵੇਗੀ? ਕਿਸੇ ਪ੍ਰਤੀ ਨਰਮ ਹੋ ਜਾਣਾ, ਉਸ ਦੀ ਪੀੜਾ ਦਾ ਅਹਿਸਾਸ ਕਰਨਾ, ਇਹੀ ਤਾਂ ਦਇਆ ਦਾ ਪ੍ਰਭਾਵ ਹੈ। ਇਹ ਭਾਵ ਹੀ ਹੈ ਜੋ ਸਾਡੇ ਹਿਰਦੇ ਨੂੰ ਪਰਉਪਕਾਰ ਲਈ ਪ੍ਰੇਰਿਤ ਕਰਦਾ ਹੈ।
Publish Date: Thu, 06 Feb 2020 09:26 PM (IST)
Updated Date: Fri, 07 Feb 2020 07:00 AM (IST)

ਦਇਆ ਨੂੰ ਮਨੁੱਖੀ ਗੁਣਾਂ ਵਿਚ ਸਭ ਤੋਂ ਉੱਤਮ ਸਥਾਨ ਦਿੱਤਾ ਜਾਂਦਾ ਹੈ। ਅਸਲ ਵਿਚ ਇਹ ਉਹ ਭਾਵ ਹੈ ਜੋ ਮਨੁੱਖਤਾ ਨੂੰ ਪ੍ਰਫੁੱਲਿਤ ਕਰਦਾ ਹੈ। ਦਇਆ ਦੈਵੀ ਗੁਣ ਹੈ। ਉਸ ਤੋਂ ਬਿਨਾਂ ਮਨੁੱਖਤਾ ਪਰਿਭਾਸ਼ਤ ਨਹੀਂ ਕੀਤੀ ਜਾ ਸਕਦੀ। ਮਨੁੱਖੀ ਜੀਵਨ ਵਿਚ ਦਇਆ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਜੋ ਦਿਆਲੂ ਨਹੀਂ, ਉਸ ਵਿਚ ਮਨੁੱਖਤਾ ਕਿੱਥੋਂ ਹੋਵੇਗੀ? ਕਿਸੇ ਪ੍ਰਤੀ ਨਰਮ ਹੋ ਜਾਣਾ, ਉਸ ਦੀ ਪੀੜਾ ਦਾ ਅਹਿਸਾਸ ਕਰਨਾ, ਇਹੀ ਤਾਂ ਦਇਆ ਦਾ ਪ੍ਰਭਾਵ ਹੈ। ਇਹ ਭਾਵ ਹੀ ਹੈ ਜੋ ਸਾਡੇ ਹਿਰਦੇ ਨੂੰ ਪਰਉਪਕਾਰ ਲਈ ਪ੍ਰੇਰਿਤ ਕਰਦਾ ਹੈ। ਸਾਨੂੰ ਕਿਸੇ ਦੀ ਸੁਰੱਖਿਆ ਲਈ ਜਾਗ੍ਰਿਤ ਕਰਦਾ ਹੈ। ਦਿਆਲੂ ਸੁਭਾਅ ਤੁਹਾਨੂੰ ਸ੍ਰੇਸ਼ਠ ਬਣਾ ਦਿੰਦਾ ਹੈ। ਓਥੇ ਜ਼ਾਲਮਾਨਾ ਸੋਚ ਮਨੁੱਖ ਦੇ ਪਵਿੱਤਰ ਮਨ ਨੂੰ ਦੂਸ਼ਿਤ ਕਰਦੀ ਹੈ। ਸਾਡਾ ਸਮਾਜ ਆਪਸੀ ਸਹਿਯੋਗ ਅਤੇ ਪਿਆਰ ਨਾਲ ਹੀ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। ਇਸ ਦੇ ਮੂਲ ਵਿਚ ਵੀ ਦਇਆ ਦਾ ਭਾਵ ਹੁੰਦਾ ਹੈ। ਦਇਆ ਦਾ ਗੁਣ ਮਾਂ ਤੋਂ ਬੱਚੇ ਨੂੰ ਮਿਲਦਾ ਹੈ। ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਜਾਵੇਗਾ, ਉਸ ਦਾ ਇਹ ਭਾਵ ਵੀ ਮਜ਼ਬੂਤ ਹੁੰਦਾ ਜਾਵੇਗਾ ਜਿਸ ਸਦਕਾ ਉਸ ਦੀ ਸ੍ਰੇਸ਼ਠਤਾ ਵੱਧਦੀ ਜਾਵੇਗੀ। ਦਇਆ ਦਾ ਭਾਵ ਹਲੀਮੀ ਵਧਾਉਂਦਾ ਹੈ। ਦਇਆ ਸਾਨੂੰ ਸਭ ਜੀਵ-ਜੰਤੂਆਂ, ਪਸ਼ੂ-ਪੰਛੀਆਂ ਨਾਲ ਪ੍ਰੇਮ ਲਈ ਪ੍ਰੇਰਿਤ ਕਰਦੀ ਹੈ। ਇਹ ਗੁਣ ਸਾਨੂੰ ਕਿਸੇ ਦਾ ਵੀ ਮਾੜਾ ਸੋਚਣ ਤੋਂ ਰੋਕਦਾ ਹੈ। ਸਮਾਜ ਵਿਚ ਜੇ ਇਹ ਗੁਣ ਤੇਜ਼ੀ ਨਾਲ ਵਧਣ ਤਾਂ ਅਸੀਂ ਅਸੰਭਵ ਨੂੰ ਸੰਭਵ ਕਰ ਸਕਦੇ ਹਾਂ। ਸਮਾਜਿਕ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਦਇਆ ਬੇਹੱਦ ਜ਼ਰੂਰੀ ਭਾਵ ਹੈ ਜੋ ਅੱਜਕੱਲ੍ਹ ਲੋਪ ਹੁੰਦਾ ਜਾ ਰਿਹਾ ਹੈ। ਮੁਲਕ ਦੀ ਏਕਤਾ-ਅਖੰਡਤਾ ਲਈ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਰੱਖਣਾ ਲਾਜ਼ਮੀ ਹੈ। ਮਜ਼ਬੂਤ ਭਾਈਚਾਰਕ ਸਾਂਝ ਹੀ ਸਮਾਜ ਦੀ ਏਕਤਾ ਦਾ ਲਾਜ਼ਮੀ ਤੱਤ ਹੈ ਅਤੇ ਇਸ ਤੱਤ ਦੇ ਪਿੱਛੇ ਦਇਆ, ਕਰੁਣਾ ਵਰਗੇ ਗੁਣਾਂ ਵਾਲਾ ਭਾਵ ਹੁੰਦਾ ਹੈ। ਦਇਆ ਦਾ ਗੁਣ ਸ਼ਾਸਤਰਾਂ, ਪੁਰਾਣਾਂ ਵਿਚ ਵੀ ਪੂਜਿਆ ਗਿਆ ਹੈ। ਇਸ ਨੂੰ ਧਾਰਨ ਕਰਨ ਵਾਲਾ ਵੀ ਖ਼ੁਦ-ਬ-ਖ਼ੁਦ ਪੂਜਨੀਕ ਹੋ ਜਾਂਦਾ ਹੈ। ਸਭ ਤੋਂ ਵੱਡਾ ਦਇਆਵਾਨ ਪਰਮਾਤਮਾ ਹੈ। ਉਸ ਦੀ ਕਿਰਪਾ ਦ੍ਰਿਸ਼ਟੀ ਸਾਰੀ ਸ੍ਰਿਸ਼ਟੀ 'ਤੇ ਰਹਿੰਦੀ ਹੈ। ਉਹ ਸਾਡੇ ਗੁਨਾਹਾਂ ਨੂੰ ਇਸ ਉਮੀਦ ਨਾਲ ਮਾਫ਼ ਕਰਦਾ ਰਹਿੰਦਾ ਹੈ ਕਿ ਨਾਦਾਨੀ ਕਾਰਨ ਗੁਨਾਹ ਕਰ ਰਿਹਾ ਹੈ, ਸੁਧਰ ਜਾਵੇਗਾ। ਜਦ ਮਨੁੱਖ ਵਿਚ ਦਇਆ ਦਾ ਪੱਲਾ ਫੜਨ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ, ਤਾਂ ਕਿਤੇ ਜਾ ਕੇ ਪਰਮਾਤਮਾ ਉਸ ਨੂੰ ਸਜ਼ਾ ਦੇਣੀ ਸ਼ੁਰੂ ਕਰਦਾ ਹੈ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਤੇ ਹੋਰਾਂ 'ਤੇ ਦਇਆ ਕਰਨੀ ਸਿੱਖੇ।