Martyrdom of baba Moti Ram Mehra : ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਦਾ ਜਨਮ ਭਾਈ ਹਰਾ ਰਾਮ ਤੇ ਮਾਤਾ ਲੱਧੋ ਜੀ ਦੇ ਘਰ ਸਰਹਿੰਦ ਜਾਂ ਸੰਗਤਪੁਰ ਸੋਢੀਆਂ ਵਿਖੇ 1677 ਈਸਵੀ ਦੇ ਨੇੜੇ ਹੋਇਆ ਮੰਨਿਆ ਹੈ। ਕਵੀ ਕਿਸ਼ਨ ਸਿੰਘ ਅਨੁਸਾਰ ਪੰਜਾਂ ਪਿਆਰਿਆਂ ਵਿਚੋ ਭਾਈ ਹਿੰਮਤ ਸਿੰਘ ਬਾਬਾ ਮੋਤੀ ਰਾਮ ਮਹਿਰਾ ਦੇ ਚਾਚਾ ਜੀ ਸਨ।
ਮੋਤੀ ਰਾਮ ਸੰਗਤਪੁਰ ਵਾਸੀ।
ਰਾਮ ਨਾਮ ਜਪ ਪੁੰਨ ਕਮਾਸੀ।
ਹਿੰਮਤ ਸਿੰਘ ਤਿਤ ਚਾਚੂ ਜਾਨੋ।
ਪਾਂਚ ਪਿਯਾਰਨ ਮਾਹਿ ਪ੍ਰਧਾਨਹੁ।
ਵਜੀਦੇ ਕੇ ਗ੍ਰਿਹ ਪ੍ਰਸਾਦ ਬਨਾਵੈ।
ਮਾਨ ਮਹਤ ਦਰਬਾਰਹਿ ਪਾਵੈ।
ਹਿੰਦੂ ਕੈਦੀ ਤੈਹ ਕਈ ਹਜ਼ਾਰ।
ਕਰਾਵਾਰ ਮਹਿ ਹੋਤ ਖੁਆਰ।
ਤਿਨ ਕੋ ਲੰਗਰ ਮੋਤੀ ਆਪ ਬਨਾਵਹਿ।
ਸਭਹਨ ਬਾਂਟ ਆਪ ਸੁਖ ਪਾਵੈ।
ਸਭ ਹਿੰਦੂਅਨ ਤੇ ਪਾਵਹਿ ਮਾਨਾ।
ਤਿਨ ਤਜਯੋ ਹੈ ਮਾਨ ਅਭਿਮਾਨਾ।
ਜਦ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਠੰਢੇ ਬੁਰਜ ਵਿਚ ਕੈਦ ਕੀਤਾ ਗਿਆ ਹੈ ਤਾਂ ਉਹ ਖਾਣਾ ਲੈ ਕੇ ਠੰਢੇ ਬੁਰਜ ਵਿਚ ਪਹੁੰਚੇ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ। ਮਾਤਾ ਜੀ ਨੇ ਕਿਹਾ ਕਿ 'ਮੋਤੀ ਰਾਮ ਜੀ, ਤੁਹਾਡੀ ਸੇਵਾ ਕਬੂਲ ਹੈ ਪਰ ਮਲੇਸ਼ਾਂ (ਮੁਗ਼ਲਾਂ) ਦੀ ਰਸੋਈ ਵਿਚ ਗ਼ਰੀਬਾਂ ਦੀ ਲੁੱਟ ਤੇ ਜ਼ੁਲਮ ਨਾਲ ਇਕੱਠੇ ਕੀਤੇ ਧੰਨ ਨਾਲ ਬਣਿਆ ਖਾਣਾ ਉਨ੍ਹਾ ਨਹੀਂ ਖਾਣਾ।' ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿਚ ਆਪਣੇ ਘਰ ਪਹੁੰਚੇ ਤਾਂ ਉਨ੍ਹਾ ਦੀ ਬਜ਼ੁਰਗ ਮਾਤਾ ਤੇ ਪਤਨੀ ਬੌਈ, ਭੋਲੀ ਜਾਂ ਦੇਵਾਂ ਨੇ ਮਾਯੂਸੀ ਦਾ ਕਾਰਨ ਪੁਛਿਆ।
ਬਾਬਾ ਮੋਤੀ ਰਾਮ ਮਹਿਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿਚ ਕੈਦ ਹਨ, ਜਿਨ੍ਹਾਂ ਨੇ ਮਲੇਸ਼ਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਨਾਂਹ ਕਰ ਦਿੱਤੀ ਹੈ। ਉਹ ਕਈ ਦਿਨਾਂ ਤੋਂ ਭੁੱਖੇ-ਪਿਆਸੇ ਹਨ। ਉਨ੍ਹਾਂ ਕੋਲ ਠੰਢ ਤੋਂ ਬਚਣ ਲਈ ਕੱਪੜਾ ਵੀ ਨਹੀਂ ਹੈ। ਜੰਗਲਾਂ ਬੇਲਿਆਂ ਵਿਚ ਕੰਡਿਆਲੀਆਂ ਝਾੜੀਆਂ ਨਾਲ ਬਸਤਰ ਵੀ ਲੀਰੋ-ਲੀਰ ਹੋ ਚੁੱਕੇ ਹਨ। ਸਾਹਿਬਜ਼ਾਦਿਆਂ ਦੇ ਪੈਰਾਂ ਵਿਚ ਛਾਲੇ ਪੈ ਗਏ ਹਨ ਤੇ ਹੁਣ ਠੰਢੇ ਬੁਰਜ ਵਿਚ ਤੇਜ਼ ਹਵਾਵਾਂ ਕਰਕੇ ਠੰਢ ਨਾਲ ਜ਼ਖ਼ਮ ਆਕੜ ਗਏ ਹਨ। ਪਰ ਮਾਤਾ ਜੀ ਤੇ ਸਾਹਿਬਜ਼ਾਦੇ ਫਿਰ ਵੀ ਚੜ੍ਹਦੀ ਕਲਾ 'ਚ ਹਨ। ਇਹ ਦਰਦ ਭਰੀ ਦਾਸਤਾਨ ਸੁਣ ਕੇ ਉਨ੍ਹਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ। ਹਾਲਾਂਕਿ ਵਜ਼ੀਰ ਖ਼ਾਂ ਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਗੁਰੂ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਮਾਰ ਦਿੱਤਾ ਜਾਵੇਗਾ। ਫਿਰ ਵੀ ਸਾਰੇ ਪਰਿਵਾਰ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਘਰ ਦੀ ਗਾਂ ਦੇ ਦੁੱਧ ਦਾ ਗੜਵਾ ਭਰ ਕੇ ਦਿੱਤਾ ਤੇ ਕਿਹਾ ਕਿ ਜਾ ਕੇ ਗਰਮ-ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਪਿਆਉ। ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਪਹਿਰੇਦਾਰਾਂ ਨੇ ਰਿਸ਼ਵਤ ਲੈਣ ਤੋਂ ਬਿਨਾਂ ਠੰਢੇ ਬੁਰਜ ਵਿਚ ਜਾਣ ਨਹੀਂ ਦੇਣਾ। ਬਾਬਾ ਜੀ ਨੇ ਘਰ ਵਿਚ ਪਈ ਧੰਨ-ਦੌਲਤ ਰਿਸ਼ਵਤ ਵਜੋਂ ਦੇਣ ਲਈ ਮੰਗੀ ਤਾਂ ਬਾਬਾ ਜੀ ਦੀ ਮਾਤਾ ਤੇ ਪਤਨੀ ਨੇ ਉਦਾਸ ਨਜ਼ਰਾਂ ਨਾਲ ਇਕ-ਦੂਜੇ ਵੱਲ ਵੇਖਿਆ ਅਤੇ ਲਾਚਾਰੀ ਵੱਸ ਕਿਹਾ ਕਿ ਘਰ ਵਿਚਲੇ ਸਾਰੇ ਪੈਸਿਆਂ ਦੀ ਰਸਦ ਖ਼ਰੀਦ ਕੇ ਗੱਡਾ ਭਰ ਕੇ ਪਹਿਲਾਂ ਹੀ ਅਨੰਦਪੁਰ ਸਹਿਬ ਭੇਜ ਦਿੱਤੀ ਹੈ। ਫਿਰ ਇਕਦਮ ਉਨ੍ਹਾ ਦੀ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਬਾਬਾ ਜੀ ਨੂੰ ਫੜਾ ਦਿੱਤੇ ਤੇ ਕਿਹਾ ਕਿ ਗਹਿਣੇ ਰਿਸ਼ਵਤ ਵਿਚ ਦੇ ਕੇ ਅੱਗੇ ਲੰਘ ਜਾਇਓ। ਇਹ ਗੁਰੂ ਪ੍ਰਤੀ ਸ਼ਰਧਾ ਦਾ ਸਿਖ਼ਰ ਸੀ। ਭਾਈ ਪ੍ਰੇਮ ਸਿੰਘ ਸੰਤਰੇਣ 'ਗੁਰ ਪ੍ਰਕਾਸ਼' ਗ੍ਰੰਥ ਵਿਚ ਲਿਖਦੇ ਹਨ :
ਅਸ ਵਿਚਾਰ ਗਾ ਨਿਜ ਗ੍ਰਿਹ ਮਾਹਿ£
ਪੈ ਗੜਵਾ ਇਕ ਲੀਨ ਪਰਾਹਿ।
ਅਪਰ ਅੰਭ ਘਟ ਕੋਰੋ ਭਰਿਯੋ।
ਹਿਤ ਮਾਤ ਕੈ ਲਿਆਵਨ ਕਰਯੋ।
ਪਹਿਰੇਦਾਰਿਨ ਰੋਕਯੋ ਜਬੈ।
ਕਰ ਮਿੰਨਤ ਕੁਝ ਦੀਨੋ ਤਬੈ।
ਛੋਡ ਦੀਨ ਮਾਤਾ ਢਿਗ ਆਯੋ।
ਦੁਗਦ ਘਟਾ ਪੈ ਆਗ੍ਰ ਧਰਾਯੋ।
ਬਾਬਾ ਮੋਤੀ ਰਾਮ ਮਹਿਰਾ ਜਦੋਂ ਦੁੱਧ ਲੈ ਕੇ ਠੰਢੇ ਬੁਰਜ ਕੋਲ ਪੁੱਜੇ ਤਾਂ ਪਹਿਰੇਦਾਰਾਂ ਨੇ ਪੁਛਿਆ ਕਿ ਰਾਤ ਦੇ ਘੁੱਪ ਹਨੇਰੇ 'ਚ ਉਹ ਕਿੱਥੇ ਜਾ ਰਹੇ ਹਨ। ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਬੁਰਜ ਵਿਚ ਕੈਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਜਾ ਰਹੇ ਹਨ। ਪਹਿਰੇਦਾਰ ਨੇ ਬਾਬਾ ਮੋਤੀ ਰਾਮ ਨੂੰ ਵਜ਼ੀਰ ਖ਼ਾਂ ਵੱਲੋਂ ਜਾਰੀ ਕੀਤੇ ਹੁਕਮ ਬਾਰੇ ਯਾਦ ਕਰਵਾਇਆ ਤਾਂ ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਗੁਰੂ ਦੀ ਖ਼ੁਸ਼ੀ ਲੈਣ ਤੇ ਜ਼ੁਲਮ ਵਿਰੁਧ ਡਟਣ ਲਈ ਉਨ੍ਹਾਂ ਨੂੰ ਮੌਤ ਵੀ ਕਬੂਲ ਹੈ।
ਪਹਿਰੇਦਾਰ ਨੇ ਕਿਹਾ ਕਿ ਜੇ ਸੂਬੇ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਵੀ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ। ਇਹ ਸੁਣ ਕੇ ਬਾਬਾ ਮੋਤੀ ਰਾਮ ਨੇ ਗਹਿਣੇ ਕੱਢ ਕੇ ਪਹਿਰੇਦਾਰ ਨੂੰ ਵਿਖਾਏ ਤੇ ਕਿਹਾ ਕਿ ਇਹ ਗਹਿਣੇ ਲੈ ਲਉ ਤੇ ਉਸ ਨੂੰ ਅੱਗੇ ਜਾਣ ਦਿਓ। ਗਹਿਣੇ ਵੇਖ ਕੇ ਪਹਿਰੇਦਾਰ ਦਾ ਮਨ ਬਦਲ ਗਿਆ ਤੇ ਲਾਲਚ 'ਚ ਆ ਕੇ ਉਸ ਨੇ ਬਾਬਾ ਮੋਤੀ ਰਾਮ ਨੂੰ ਦੁੱਧ ਦਾ ਗੜਵਾ ਲੈ ਕੇ ਬੁਰਜ ਵਿਚ ਜਾਣ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਸਖ਼ਤ ਪਹਿਰੇ ਕਾਰਨ ਬੁਰਜ ਦੇ ਪਿਛਲੇ ਪਾਸੇ ਜਾ ਕੇ ਬੋਹੜ ਦੇ ਦਰੱਖ਼ਤ 'ਤੇ ਚੜ੍ਹ ਕੇ ਠੰਢੇ ਬੁਰਜ ਵਿਚ ਪਹੁੰਚੇ। ਜਦੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਠੰਢ ਵਿਚ ਗਰਮ-ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ ਕਵੀ ਸੰਤਰੇਣ ਲਿਖਦੇ ਹਨ :
ਪਿਖ ਕੈ ਪ੍ਰੇਮ ਸੁ ਮੋਤੀ ਕੇਰਾ।
ਮਾਤਾ ਕਹਿਯੋ ਭਲਾ ਹਵੈ ਤੇਰਾ।
ਤਿੰਨ ਰਾਤਾਂ ਇਸੇ ਤਰ੍ਹਾਂ ਬੋਹੜ ਜ਼ਰੀਏ ਠੰਢੇ ਬੁਰਜ ਵਿਚ ਪਹੁੰਚ ਕੇ ਬਾਬਾ ਮੋਤੀ ਰਾਮ ਮਹਿਰਾ ਦੁੰਧ ਅਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ। ਕਿਸੇ ਨੇ ਖ਼ੂਬ ਲਿਖਿਆ ਹੈ :
ਧੰਨ ਮੋਤੀ ਜਿਨ ਪੁੰਨ ਕਮਾਇਆ।
ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਦੀਵਾਨ ਟੋਡਰ ਮੱਲ ਨਾਲ ਸਲਾਹ ਕਰ ਕੇ ਬਾਬਾ ਮੋਤੀ ਰਾਮ ਨੇ ਅੱਤੇ ਨਾਂ ਦੇ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜੀ ਖ਼ਰੀਦ ਕੇ ਲਿਆਂਦੀ ਅਤੇ ਦੀਵਾਨ ਟੋਡਰ ਮੱਲ ਵੱਲੋਂ ਮੋਹਰਾਂ ਖੜ੍ਹੀਆਂ ਕਰ ਕੇ ਦੁਨੀਆ ਦੀ ਸਭ ਤੋਂ ਮਹਿਗੇ ਭਾਅ ਖ਼ਰੀਦੀ ਜ਼ਮੀਨ 'ਤੇ ਆਪਣੇ ਹੱਥੀਂ ਅੰਗੀਠਾ ਤਿਆਰ ਕਰ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਇਹ ਸਾਰੀ ਸੇਵਾ ਗੁਪਤ ਹੀ ਰਹਿੰਦੀ ਤੇ ਸਾਰੇ ਵਰਤਾਰੇ ਤੋਂ ਪਰਦਾ ਨਾ ਉੱਠਦਾ ਪਰ ਕਵੀ ਕਿਸ਼ਨ ਸਿੰਘ ਲਿਖਦੇ ਹਨ ਕਿ ਗੰਗੂ ਰਸੋਈਏ ਦਾ ਭਰਾ ਪੰਮਾ ਵੀ ਬਾਬਾ ਮੋਤੀ ਰਾਮ ਮਹਿਰਾ ਨਾਲ ਰਸੋਈ ਵਿਚ ਕੰਮ ਕਰਦਾ ਸੀ। ਉਸ ਨੇ ਹੀ ਵਜ਼ੀਰ ਖ਼ਾਂ ਨੂੰ ਚੁਗਲੀ ਲਾਈ ਕਿ ਮੋਤੀ ਰਾਮ ਮਹਿਰਾ ਨੇ ਹਕੂਮਤ ਤੋਂ ਬਾਗ਼ੀ ਹੋ ਕੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ :
ਨੀਚ ਗਗੂ ਕੋ ਭ੍ਰਾਤ ਇਕ ਪੰਮਾ।
ਤਿਨ ਲੀਨੋ ਮੋਤੀ ਸੰਗ ਪੰਗਾ।
ਜਾਇ ਵਜੀਰਹਿ ਭੇਦ ਬਤਾਇਯੋ।
ਇਕ ਝੀਵਰ ਹੈ ਪੇਯ ਪਿਆਇਯੋ।
ਗੁਰ ਕੋ ਮਾਤ ਬਾਲ ਸੁਖਦਾਈ।
ਇਸਹਿ ਦੀਨ ਬਹੁਤ ਵਡਿਆਈ।
ਵਜ਼ੀਰ ਖ਼ਾਂ ਨੇ ਮੋਤੀ ਰਾਮ ਮਹਿਰਾ ਨੂੰ ਉਸ ਦੇ ਅੱਗੇ ਪੇਸ਼ ਕੀਤੇ ਜਾਣ ਦਾ ਹੁਕਮ ਦਿੱਤਾ। ਬਾਬਾ ਮੋਤੀ ਰਾਮ ਨੂੰ ਵਜ਼ੀਰ ਖ਼ਾਂ ਸਾਹਮਣੇ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਂ ਨੇ ਗਰਜ ਕੇ ਪੁਛਿਆ ਕਿ ਮੋਤੀ ਰਾਮ ਤੇਰੇ ਖ਼ਿਲਾਫ਼ ਸ਼ਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈਂ, ਕੀ ਇਸ ਵਿਚ ਸੱਚਾਈ ਹੈ? 'ਜੀ ਹਾਂ, ਇਹ ਸੱਚ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਤੇ ਮੇਰੇ ਪਿਤਾ ਜੀ ਵੀ ਅੰਮ੍ਰਿਤ ਛਕ ਕੇ ਹਰਾ ਰਾਮ ਤੋਂ ਹਰਾ ਸਿੰਘ ਸਜ ਗਏ ਸਨ ਤੇ ਫਿਰ ਅਨੰਦਪੁਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ ਸਨ।'
ਇਹ ਸੁਣ ਕੇ ਸੂਬੇ ਦਾ ਗੁੱਸਾ ਭੜਕ ਗਿਆ। ਉਸ ਨੇ ਪੁੱਛਿਆ ਕਿ ਤੂੰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਦੁੱਧ ਤੇ ਰੋਟੀ-ਪਾਣੀ ਨਾਲ ਸੇਵਾ ਕੀਤੀ ਹੈ। 'ਜੀ ਹਾਂ, ਮੈ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਤੇ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ।' ਸੂਬਾ ਲੋਹਾ ਲਾਖਾ ਹੋ ਕੇ ਬੋਲਿਆ, 'ਤੈਨੂੰ ਪਤਾ ਨਹੀਂ ਕਿ ਹਕੂਮਤ ਨੇ ਬਾਗ਼ੀਆਂ ਦੀ ਸੇਵਾ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਮਾਰ ਦਿੱਤੇ ਜਾਣ ਦੀ ਸਜ਼ਾ ਮੁਕਰਰ ਕੀਤੀ ਹੋਈ ਹੈ।' 'ਹਾਂ ਮੈਨੂੰ ਪਤਾ ਹੈ।'
ਸੂਬਾ ਹੋਰ ਕ੍ਰੋਧ ਵਿਚ ਆ ਗਿਆ ਤੇ ਕਿਹਾ ਕਿ ਤੇਰੇ ਬਚਾਅ ਦਾ ਹਾਲੇ ਵੀ ਇਕ ਰਸਤਾ ਹੈ ਕਿ ਤੂੰ ਦੀਨ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ। ਬਾਬਾ ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ। ਜੇ ਗੁਰੂ ਦੇ ਲਾਲ ਸੱਤ ਤੇ ਨੌ ਸਾਲ ਦੀ ਉਮਰ ਵਿਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਮੈਂ ਤਾਂ ਜਵਾਨ ਮਰਦ ਹਾਂ। ਮੇਰੇ 'ਤੇ ਤੇਰਾ ਕੀ ਅਸਰ ਹੋਣਾ ਹੈ?' ਇਹ ਸੁਣਦਿਆਂ ਹੀ ਸੂਬੇ ਨੇ ਬਾਬਾ ਜੀ ਦੇ ਪਰਿਵਾਰ ਨੂੰ ਨਰੜ ਕੇ ਲਿਆਉਣ ਦਾ ਹੁਕਮ ਦਿੱਤਾ ਤੇ ਸਰਹਿੰਦ ਸ਼ਹਿਰ ਵਿਚ ਢੰਡੋਰਾ ਦੇ ਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਕੀਤੇ ਗਏ। ਜਨਤਕ ਤੌਰ 'ਤੇ ਬਾਬਾ ਮੋਤੀ ਰਾਮ ਮਹਿਰਾ ਦੀ ਮਾਤਾ, ਪਤਨੀ ਅਤੇ 7 ਸਾਲ ਦੇ ਪੁੱਤਰ ਨਰਾਇਣ ਨੂੰ ਬੰਨ ਕੇ ਤੇਲੀਆਂ ਮੁਹੱਲੇ ਵਿਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੋਹਲੂ ਦੇ ਕੋਲ ਲਿਆਂਦਾ ਗਿਆ ਅਤੇ ਕੋੜੇ ਮਾਰ-ਮਾਰ ਕੇ ਅਧਮੋਏ ਕਰ ਦਿੱਤਾ। ਕਵੀ ਕਿਸ਼ਨ ਸਿੰਘ ਲਿਖਦਾ ਹੈ :
ਜਦ ਦੁਸ਼ਟਨ ਮੋਤੀ ਗਹਿ ਲੀਨਾ।
ਕੋਹਲੂ ਨਿਕਟ ਤਨਹਿ ਬੰਧ ਦੀਨਾ।
ਸਭ ਪਰਿਵਾਰਹਿ ਸੰਗ ਸਾਥ ਲਯਾਓ।
ਮ੍ਰਿਤੂ ਦੰਡ ਤਿੰਨ ਸਭਹਿ ਸੁਨਾਇਯੋ।
ਸਭ ਤੋਂ ਪਹਿਲਾਂ ਜੱਲਾਦਾਂ ਨੇ ਉਨ੍ਹਾ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਮਾਂ ਕੋਲੋਂ ਖੋਹ ਕੇ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ। ਫਿਰ ਜਲਾਦਾਂ ਨੇ ਬਾਬਾ ਜੀ ਦੀ 70 ਸਾਲਾ ਮਾਤਾ ਲੱਧੋ ਨੂੰ ਅਤੇ ਫਿਰ ਬੀਬੀ ਭੋਈ ਨੂੰ ਕੋਹਲੂ ਵਿਚ ਪੀੜ ਕੀ ਸ਼ਹੀਦ ਕਰ ਦਿੱਤਾ। ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ ਕੀ ਖੱਟਿਆ? ਹਾਲੇ ਵੀ ਵੇਲਾ ਹੈ ਉਹ ਇਸਲਾਮ ਧਾਰਨ ਕਰ ਲਵੇ ਤਾਂ ਜਾਨ ਬਖ਼ਸ਼ ਦਿੱਤੀ ਜਾਵੇਗੀ।
ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਤੂੰ ਜੋ ਕਰਨਾ ਹੈ ਕਰ ਲੈ। ਅਖ਼ੀਰ ਆਪਣੀ ਹਾਰ ਅਤੇ ਬੇਇਜ਼ਤੀ ਮਹਿਸੂਸ ਕਰਦਿਆਂ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕੋਹਲੂ 'ਚ ਪੀੜ ਦਿੱਤੇ ਜਾਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।
ਡਾ. ਮਨਮੋਹਨ ਸਿੰਘ ਭਾਗੋਵਾਲੀਆ
97797-55551