ਆਪਣੀ ਸੁਗੰਧ ਕਾਰਨ ਹੀ ਕੱਲ੍ਹ ਉਸ ਦੇ ਬੀਜ ਕਿਸੇ ਵੱਡੇ ਬਾਗ ਵਿਚ ਸਥਾਨ ਪ੍ਰਾਪਤ ਕਰ ਸਕਦੇ ਹਨ। ਜੇ ਫੁੱਲ ਛੋਟੇ ਵਿਹੜੇ ਨੂੰ ਆਪਣਾ ਅਪਮਾਨ ਸਮਝ ਕੇ ਖਿੜਨ ਅਤੇ ਸੁਗੰਧ ਬਿਖੇਰਨ ਤੋਂ ਇਨਕਾਰ ਕਰ ਦੇਵੇ ਤਾਂ ਉਸ ਦੇ ਲਈ ਵਿਸਥਾਰ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇਗੀ।
ਜੀਵਨ ਵਿਚ ਜੋ ਵੀ ਮੌਕਾ ਮਿਲੇ, ਉਸ ਦਾ ਪੂਰਾ ਸਦਉਪਯੋਗ ਕਰਨ ਵਿਚ ਹੀ ਖ਼ੁਸ਼ੀ ਅਤੇ ਉਪਲਬਧੀ ਹੁੰਦੀ ਹੈ। ਜੋ ਮੌਕਾ ਸਾਡੇ ਸਾਹਮਣੇ ਮੌਜੂਦ ਹੁੰਦਾ ਹੈ, ਉਹ ਸਾਡੇ ਲਈ ਹੀ ਸਿਰਜਿਆ ਗਿਆ ਹੁੰਦਾ ਹੈ। ਸਾਡੇ ਲਈ ਉਸ ਦਾ ਸਨਮਾਨ ਕਰਨਾ ਧਰਮ ਬਣ ਜਾਂਦਾ ਹੈ। ਕਲਪਨਾ ਅਤੇ ਬੇਯਕੀਨੀ ਲਈ ਯਥਾਰਥ ਅਤੇ ਯਕੀਨਨ ਦੀ ਅਣਦੇਖੀ ਕਰਨ ਨਾਲ ਸਿਰਫ਼ ਮੌਜੂਦਾ ਵਕਤ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਭਵਿੱਖ ਦੀ ਯੋਗਤਾ ਵੀ ਸ਼ੱਕੀ ਬਣ ਜਾਂਦੀ ਹੈ।
ਅੱਜ ਜੋ ਮੌਕਾ ਮਿਲਿਆ ਹੈ, ਉਹ ਮੌਜੂਦਾ ਸਮੇਂ ਨੂੰ ਸੰਵਾਰਨ ਲਈ ਹੈ। ਇਹੀ ਭਵਿੱਖ ਦਾ ਸੋਪਾਨ ਬਣੇਗਾ। ਇਕ ਫੁੱਲ ਅੱਜ ਕਿਸੇ ਵਿਹੜੇ ਵਿਚ ਖਿੜ ਕੇ ਆਪਣੀ ਸੁਗੰਧ ਬਿਖੇਰ ਰਿਹਾ ਹੈ। ਆਪਣੀ ਸੁਗੰਧ ਕਾਰਨ ਹੀ ਕੱਲ੍ਹ ਉਸ ਦੇ ਬੀਜ ਕਿਸੇ ਵੱਡੇ ਬਾਗ ਵਿਚ ਸਥਾਨ ਪ੍ਰਾਪਤ ਕਰ ਸਕਦੇ ਹਨ। ਜੇ ਫੁੱਲ ਛੋਟੇ ਵਿਹੜੇ ਨੂੰ ਆਪਣਾ ਅਪਮਾਨ ਸਮਝ ਕੇ ਖਿੜਨ ਅਤੇ ਸੁਗੰਧ ਬਿਖੇਰਨ ਤੋਂ ਇਨਕਾਰ ਕਰ ਦੇਵੇ ਤਾਂ ਉਸ ਦੇ ਲਈ ਵਿਸਥਾਰ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇਗੀ।
ਪਾਣੀ ਛੋਟੀਆਂ-ਮੋਟੀਆਂ ਨਦੀਆਂ ਵਿਚ ਵਗਦਾ ਰਹਿੰਦਾ ਹੈ, ਤਦ ਹੀ ਉਸ ਨੂੰ ਸਮੁੰਦਰ ਮਿਲਦਾ ਹੈ। ਜੇ ਸਮੁੰਦਰ ਚਾਹੀਦਾ ਹੈ ਤਾਂ ਛੋਟੀਆਂ ਨਦੀਆਂ ਵਿਚ ਵਗਣਾ ਸਿੱਖਣਾ ਪਵੇਗਾ। ਮਨੁੱਖ ਦਾ ਜੀਵਨ ਵੀ ਤਾਂ ਉਸ ਵੱਲੋਂ ਲਏ ਜਾਂਦੇ ਛੋਟੇ-ਛੋਟੇ ਸਾਹਾਂ ’ਤੇ ਆਸ਼ਰਿਤ ਹੈ।
ਇਕ ਵੀ ਸਾਹ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜੀਵਨ ਅੱਗੇ ਨਹੀਂ ਵਧ ਸਕਦਾ। ਮਨੁੱਖ ਦੇ ਸਰੀਰ ਨੂੰ ਸਾਹ ਲੈਣ ਦਾ ਜੋ ਵੀ ਮੌਕਾ ਮਿਲਦਾ ਹੈ, ਉਹ ਉਸ ਨੂੰ ਗੁਆਉਂਦਾ ਨਹੀਂ, ਪੂਰਾ ਉਪਯੋਗ ਕਰਦਾ ਹੈ। ਭਵਿੱਖ ਵਰਤਮਾਨ ’ਤੇ ਹੀ ਟਿਕਿਆ ਹੁੰਦਾ ਹੈ। ਜੇ ਅੱਜ ਰੁੱਖ ਨੂੰ ਢੁੱਕਵਾਂ ਪਾਣੀ, ਹਵਾ ਅਤੇ ਰੋਸ਼ਨੀ ਮਿਲ ਰਹੀ ਹੈ ਤਾਂ ਹੀ ਉਸ ਦਾ ਤਣਾ ਵਿਕਸਤ ਹੋਵੇਗਾ। ਵਿਕਸਤ ਤਣੇ ’ਤੇ ਹੀ ਫੁੱਲ ਆਉਂਦੇ ਹਨ ਅਤੇ ਫਲ ਲੱਗਦੇ ਹਨ।
ਰੁੱਖ ਦਾ ਵਿਕਾਸ ਹੋ ਰਿਹਾ ਹੈ ਤਾਂ ਹੀ ਉਸ ਦੇ ਫਲਦਾਰ ਹੋਣ ਦੀ ਆਸ ਕੀਤੀ ਜਾਂਦੀ ਹੈ। ਇਹ ਜ਼ਰੂਰੀ ਹੈ ਕਿ ਮਨੁੱਖ ਉਮੀਦ ਅਤੇ ਕਲਪਨਾ ਦਾ ਫ਼ਰਕ ਸਮਝੇ। ਕਲਪਨਾ ਉਹ ਭਵਿੱਖ ਹੈ ਜਿਸ ਦਾ ਮੌਜੂਦਾ ਸਮੇਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਸਾਰੇ ਰੱਖਾਂ ਦੀ ਉੱਚਾਈ ਇੱਕੋ ਜਿਹੀ ਨਹੀਂ ਹੁੰਦੀ, ਸਾਰਿਆਂ ’ਤੇ ਇੱਕੋ ਜਿਹੇ ਫਲ ਨਹੀਂ ਲੱਗਦੇ। ਰੁੱਖ ਇੱਕੋ ਜਿਹੇ ਨਾ ਹੋਣ, ਪਰ ਛਾਂਦਾਰ ਜ਼ਰੂਰ ਹੋਣ। ਫਲ ਇੱਕੋ ਜਿਹੇ ਨਾ ਹੋਣ ਪਰ ਸੁਆਦਿਸ਼ਟ ਹੋਣ। ਜੀਵਨ ਵੀ ਅਜਿਹਾ ਹੀ ਹੈ।
-ਡਾ. ਸਤਿੰਦਰਪਾਲ ਸਿੰਘ