ਪਿਆਰ ਤੇ ਹਿੱਤ
ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਪਿਆਰ ਨੂੰ ਅਣਡਿੱਠ ਕਰਦੇ ਹੋਏ ਹਿੱਤ ਦਾ ਚਿੰਤਨ ਕਰਦੇ ਹਨ। ਜੇ ਮਨ ਵਿਚ ਹਾਂ-ਪੱਖੀ ਵਿਚਾਰ ਨਾ ਭਰੇ ਜਾਣ ਤਾਂ ਨਕਾਰਾਤਮਕ ਵਿਚਾਰ ਖ਼ੁਦ ਹੀ ਜਨਮ ਲੈਣ ਲੱਗਦੇ ਹਨ। ਜਿਵੇਂ ਖੇਤ ਵਿਚ ਨਦੀਨ ਉੱਗ ਆਉਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਆਪਣੇ ਜੀਵਨ ਵਿਚ ਹਿੱਤਕਾਰੀ ਵਿਚਾਰਾਂ ਅਤੇ ਆਦਤਾਂ ਨੂੰ ਸਥਾਨ ਨਹੀਂ ਦੇਵਾਂਗੇ ਤਾਂ ਨੁਕਸਾਨਦਾਇਕ ਬਿਰਤੀਆਂ ਖ਼ੁਦ ਹੀ ਵਿਕਸਤ ਹੋ ਜਾਣਗੀਆਂ।
Publish Date: Mon, 27 Apr 2026 11:22 PM (IST)
Updated Date: Tue, 28 Apr 2026 06:45 AM (IST)
‘ਪਿਆਰ’ ਤੇ ‘ਹਿੱਤ’-ਇਨ੍ਹਾਂ ਦੋ ਸ਼ਬਦਾਂ ਨੂੰ ਜੇ ਅਸੀਂ ਸਮਝਣ ਦਾ ਯਤਨ ਕਰੀਏ ਤਾਂ ਜੀਵਨ ਦੀਆਂ ਅਨੇਕ ਸਮੱਸਿਆਵਾਂ ਦਾ ਹੱਲ ਸੰਭਵ ਹੋ ਸਕਦਾ ਹੈ। ਆਮ ਤੌਰ ’ਤੇ ਮਨੁੱਖ ਨੂੰ ਜੋ ਪਿਆਰਾ ਲੱਗਦਾ ਹੈ, ਉਸ ਵੱਲ ਜ਼ਿਆਦਾ ਆਕਰਸ਼ਿਤ ਹੁੰਦਾ ਹੈ। ਜੋ ਸਾਨੂੰ ਚੰਗਾ ਲੱਗਦਾ ਹੈ, ਉਹੀ ਪਿਆਰਾ ਪ੍ਰਤੀਤ ਹੁੰਦਾ ਹੈ-ਅੱਖਾਂ ਨੂੰ ਸੁੰਦਰ ਦ੍ਰਿਸ਼, ਕੰਨਾਂ ਨੂੰ ਮਿੱਠੇ ਸ਼ਬਦ ਤੇ ਜੀਭ ਨੂੰ ਸਵਾਦਿਸ਼ਟ ਭੋਜਨ। ਪੰਜਾਂ ਇੰਦਰੀਆਂ ਸੁਭਾਵਕ ਤੌਰ ’ਤੇ ਪਿਆਰੀਆਂ ਵਸਤਾਂ ਵੱਲ ਝੁਕਦੀਆਂ ਹਨ ਪਰ ਅਸੀਂ ਅਕਸਰ ਇਹ ਵਿਚਾਰ ਨਹੀਂ ਕਰਦੇ ਕਿ ਜੋ ਸਾਨੂੰ ਚੰਗਾ ਲੱਗਦਾ ਹੈ, ਕੀ ਉਹ ਅਸਲ ਵਿਚ ਸਾਡੇ ਹਿੱਤ ਵਿਚ ਵੀ ਹੈ?
ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਪਿਆਰ ਨੂੰ ਅਣਡਿੱਠ ਕਰਦੇ ਹੋਏ ਹਿੱਤ ਦਾ ਚਿੰਤਨ ਕਰਦੇ ਹਨ। ਜੇ ਮਨ ਵਿਚ ਹਾਂ-ਪੱਖੀ ਵਿਚਾਰ ਨਾ ਭਰੇ ਜਾਣ ਤਾਂ ਨਕਾਰਾਤਮਕ ਵਿਚਾਰ ਖ਼ੁਦ ਹੀ ਜਨਮ ਲੈਣ ਲੱਗਦੇ ਹਨ। ਜਿਵੇਂ ਖੇਤ ਵਿਚ ਨਦੀਨ ਉੱਗ ਆਉਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਆਪਣੇ ਜੀਵਨ ਵਿਚ ਹਿੱਤਕਾਰੀ ਵਿਚਾਰਾਂ ਅਤੇ ਆਦਤਾਂ ਨੂੰ ਸਥਾਨ ਨਹੀਂ ਦੇਵਾਂਗੇ ਤਾਂ ਨੁਕਸਾਨਦਾਇਕ ਬਿਰਤੀਆਂ ਖ਼ੁਦ ਹੀ ਵਿਕਸਤ ਹੋ ਜਾਣਗੀਆਂ।
ਅਕਸਰ ਅਸੀਂ ਇਹ ਸੋਚ ਕੇ ਬਦਲਾਅ ਤੋਂ ਬਚਦੇ ਹਾਂ ਕਿ ਅਸੀਂ ਕਿਸੇ ਕੰਮ ਨੂੰ ਸਾਲਾਂ ਤੋਂ ਇਕ ਹੀ ਤਰੀਕੇ ਨਾਲ ਕਰਦੇ ਆ ਰਹੇ ਹਾਂ ਤਾਂ ਉਸ ਨੂੰ ਬਦਲਣ ਦੀ ਜ਼ਰੂਰਤ ਕਿਉਂ ਹੈ? ਪਰ ਜੇ ਅਸੀਂ ਸਿਰਫ਼ ਪੁਰਾਣੀ ਲੀਕ ’ਤੇ ਚੱਲਦੇ ਰਹੀਏ ਤਾਂ ਨਵੀਂ ਖੋਜ ਤੇ ਪ੍ਰਗਤੀ ਕਿਵੇਂ ਸੰਭਵ ਹੋਵੇਗੀ? ਸ਼ਾਨਦਾਰ ਪ੍ਰਾਪਤੀ ਦੀ ਤਮੰਨਾ ਸਾਨੂੰ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਸ ਦੇ ਲਈ ਸਾਨੂੰ ਆਪਣੇ ਮਨ ਦੇ ਦੁਆਰ ਖੋਲ੍ਹਣੇ ਹੋਣਗੇ ਤੇ ਅੰਦਰੋਂ ਤੀਬਰ ਊਰਜਾ ਨੂੰ ਜਾਗਰਿਤ ਕਰਨਾ ਹੋਵੇਗਾ।
ਇਸ ਪ੍ਰਕਿਰਿਆ ਵਿਚ ਕਠਿਨਾਈਆਂ ਅਤੇ ਠੋਕਰਾਂ ਵੀ ਆਉਣਗੀਆਂ ਪਰ ਇਹੀ ਸ਼ਾਨਦਾਰ ਵਸਤ ਨੂੰ ਪ੍ਰਾਪਤ ਕਰਨ ਦੀ ਕੀਮਤ ਹੈ। ਸਾਡੇ ਸਾਰਿਆਂ ਵਿਚ ਸਮਰੱਥਾਵਾਂ ਮੌਜੂਦ ਹਨ। ਜ਼ਰੂਰਤ ਹੈ ਉਨ੍ਹਾਂ ਨੂੰ ਵਿਕਸਤ ਕਰਨ ਦੀ। ਜੇ ਅਸੀਂ ਆਪਣੇ ਟੀਚੇ ਪ੍ਰਤੀ ਦ੍ਰਿੜ ਰਹਿ ਕੇ ਨਿਰੰਤਰ ਯਤਨ ਕਰੀਏ ਤਾਂ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ।
ਪੁਰਾਣੀਆਂ ਆਦਤਾਂ ਨੂੰ ਛੱਡ ਕੇ ਨਵੀਆਂ ਆਦਤਾਂ ਦਾ ਨਿਰਮਾਣ ਸੰਭਵ ਹੈ। ਸਾਡਾ ਦਿਮਾਗ ਇੰਨਾ ਸਮਰੱਥ ਹੈ ਕਿ ਉਹ ਨਾ ਸਿਰਫ਼ ਪੁਰਾਣੀਆਂ ਬਿਰਤੀਆਂ ਨੂੰ ਤਿਆਗ ਸਕਦਾ ਹੈ, ਬਲਕਿ ਨਵੀਆਂ ਹਾਂ-ਪੱਖੀ ਆਦਤਾਂ ਨੂੰ ਵੀ ਅਪਣਾਉਣ ਦੀ ਸਮਰੱਥਾ ਰੱਖਦਾ ਹੈ।
-ਪ੍ਰਦੀਪ ਛਾਜੇੜ।