ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪ੍ਰਸੰਗ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਰਾਮਾਇਣ ਦੇ ਉੱਤਰਕਾਂਡ 'ਚ ਜ਼ਿਕਰ ਮਿਲਦਾ ਹੈ ਕਿ ਪ੍ਰਭੂ ਸ਼੍ਰੀਰਾਮ ਨੂੰ ਆਪਣੇ ਭਰਾ ਲਛਮਣ ਨੂੰ ਇਕ ਭਿਆਨਕ ਦੰਡ ਦੇਣਾ ਪਿਆ ਸੀ। ਆਓ ਜਾਣਦੇ ਹਾਂ ਇਸ ਬਾਰੇ....

ਧਰਮ ਡੈਸਕ, ਨਵੀਂ ਦਿੱਲੀ : ਰਾਮਾਇਣ, ਮਹਾਰਿਸ਼ੀ ਵਾਲਮੀਕਿ ਵੱਲੋਂ ਰਚਿਤ ਇਕ ਪ੍ਰਾਚੀਨ ਭਾਰਤੀ ਮਹਾਕਾਵਿ ਹੈ ਜਿਸ ਵਿਚ ਹੈਰਾਨ ਕਰ ਦੇਣ ਵਾਲੇ ਕਈ ਪ੍ਰਸੰਗ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪ੍ਰਸੰਗ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਰਾਮਾਇਣ ਦੇ ਉੱਤਰਕਾਂਡ 'ਚ ਜ਼ਿਕਰ ਮਿਲਦਾ ਹੈ ਕਿ ਪ੍ਰਭੂ ਸ਼੍ਰੀਰਾਮ ਨੂੰ ਆਪਣੇ ਭਰਾ ਲਛਮਣ ਨੂੰ ਇਕ ਭਿਆਨਕ ਦੰਡ ਦੇਣਾ ਪਿਆ ਸੀ। ਆਓ ਜਾਣਦੇ ਹਾਂ ਇਸ ਬਾਰੇ।
ਰਾਮਾਇਣ ਦੇ ਉੱਤਰਕਾਂਡ 'ਚ ਵਰਣਿਤ ਕਥਾ ਅਨੁਸਾਰ, ਰਾਵਣ ਵਧ ਤੇ ਬਨਵਾਸ ਤੋਂ ਵਾਪਸ ਪਰਤਣ ਤੋਂ ਬਾਅਦ ਰਾਮ ਜੀ ਅਯੁੱਧਿਆ ਦੇ ਰਾਜਾ ਬਣ ਗਏ ਤੇ ਸ਼ਾਸਨ ਕਰਨ ਲੱਗੇ। ਇਕ ਦਿਨ ਮੌਤ ਦੇ ਦੇਵਤਾ ਯਮਰਾਜ ਇਕ ਰਿਸ਼ੀ ਦਾ ਰੂਪ ਧਾਰ ਕੇ ਸ਼੍ਰੀ ਰਾਮ ਜੀ ਨੂੰ ਮਿਲਣ ਅਯੁੱਧਿਆ ਪਹੁੰਚੇ। ਉਹ ਰਾਮ ਜੀ ਨਾਲ ਇਕਾਂਤ 'ਚ ਗੱਲ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਕ ਸ਼ਰਤ ਵੀ ਰੱਖੀ ਕਿ ਸਾਡੀ ਗੱਲਬਾਤ ਦੇ ਵਿਚਕਾਰ ਜੇਕਰ ਕੋਈ ਵੀ ਆਉਂਦਾ ਹੈ ਤਾਂ ਉਸਨੂੰ ਮ੍ਰਿਤੂਦੰਡ ਦਿੱਤਾ ਜਾਵੇ। ਤਦ ਭਗਵਾਨ ਰਾਮ ਨੇ ਲਛਮਣ ਨੂੰ ਯਮਰਾਜ ਦੀ ਸ਼ਰਤ ਦੱਸਦੇ ਹੋਏ ਦਰਵਾਜ਼ੇ 'ਤੇ ਪਹਿਰਾ ਦੇਣ ਲਈ ਕਿਹਾ।
ਇਸ ਦੌਰਾਨ ਰਿਸ਼ੀ ਦੁਰਵਾਸਾ ਉੱਥੇ ਆਣ ਪਹੁੰਚੇ, ਜੋ ਬਹੁਤ ਜ਼ਿਆਦਾ ਗੁੱਸੇ ਤੇ ਸਰਾਪ ਦੇਣ ਲਈ ਜਾਣੇ ਜਾਂਦੇ ਸਨ। ਉਹ ਰਾਮ ਜੀ ਨੂੰ ਜਲਦੀ ਹੀ ਮਿਲਣਾ ਚਾਹੁੰਦੇ ਸਨ। ਲਛਮਣ ਨੇ ਉਨ੍ਹਾਂ ਨੂੰ ਰੋਕਣ ਤੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਲਛਮਣ ਦੇ ਰੋਕਣ 'ਤੇ ਰਿਸ਼ੀ ਦੁਰਵਾਸਾ ਬਹੁਤ ਕ੍ਰੋਧਿਤ ਹੋਏ ਤੇ ਉਨ੍ਹਾਂ ਕਿਹਾ ਕਿ ਜੇਕਰ ਤੁਸਾਂ ਮੈਨੂੰ ਸ਼੍ਰੀ ਰਾਮ ਨਾਲ ਨਹੀਂ ਮਿਲਣ ਦਿੱਤਾ ਤਾਂ ਮੈਂ ਪੂਰੀ ਅਯੁੱਧਿਆ ਨਗਰੀ ਨੂੰ ਆਪਣੇ ਸਰਾਪ ਨਾਲ ਸਾੜ ਕੇ ਸੁਆਹ ਕਰ ਦਿਆਂਗਾ।
ਰਿਸ਼ੀ ਦੁਰਵਾਸਾ ਦੀ ਗੱਲ ਸੁਣਨ ਤੋਂ ਬਾਅਦ ਲਛਮਣ ਜੀ ਕੋਲ ਕੋਈ ਚਾਰਾ ਨਹੀਂ ਬਚਿਆ ਤੇ ਉਹ ਯਮਰਾਜ ਤੇ ਸ਼੍ਰੀ ਰਾਮ ਦੀ ਗੁਪਤ ਗੱਲਬਾਤ ਦੌਰਾਨ ਕਮਰੇ 'ਚ ਦਾਖਲ ਹੋ ਗਏ। ਯਮਰਾਜ ਆਪਣੇ ਅਸਲੀ ਰੂਪ 'ਚ ਸਨ ਅਤੇ ਲਛਮਣ ਜੀ ਦੇ ਕਮਰੇ 'ਚ ਆਉਂਦੇ ਹੀ ਉਹ ਅਲੋਪ ਹੋ ਗਏ। ਆਪਣੇ ਵਚਨ ਅਨੁਸਾਰ, ਰਾਮ ਜੀ ਨੂੰ ਲਛਮਣ ਨੂੰ ਮ੍ਰਿਤੂਦੰਡ ਦੇਣਾ ਸੀ, ਤਦ ਉਨ੍ਹਾਂ ਰਿਸ਼ੀ ਵਸ਼ਿਸ਼ਟ ਤੋਂ ਸਹਾਇਤਾ ਮੰਗੀ। ਤਦ ਰਿਸ਼ੀ ਵਸ਼ਿਸ਼ਟ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਲਛਮਣ ਦਾ ਤਿਆਗ ਕਰ ਕੇ ਉਨ੍ਹਾਂ ਨੂੰ ਰਾਜ ਤੋਂ ਬਾਹਰ ਭੇਜ ਦੇਣ, ਜੋ ਉਨ੍ਹਾਂ ਲਈ ਮ੍ਰਿਤੂਦੰਡ ਦੇ ਸਮਾਨ ਹੀ ਹੈ।
ਗੁਰੂ ਵਸ਼ਿਸ਼ਟ ਦੀ ਸਲਾਹ 'ਤੇ ਸ਼੍ਰੀ ਰਾਮ ਨੇ ਲਛਮਣ ਦਾ "ਤਿਆਗ" ਕਰ ਦਿੱਤਾ। ਤਦ ਲਛਮਣ ਜੀ ਨੇ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਸਰਯੂ ਨਦੀ 'ਚ ਜਲ ਸਮਾਧੀ ਲੈ ਲਈ। ਇਹ ਘਟਨਾ ਪ੍ਰਭੂ ਸ੍ਰੀ ਰਾਮ ਦੇ 'ਮਰਿਆਦਾ ਪੁਰਸ਼ੋਤਮ' ਹੋਣ ਨੂੰ ਵੀ ਸਿੱਧ ਕਰਦੀ ਹੈ, ਕਿਉਂਕਿ ਭਗਵਾਨ ਸ਼੍ਰੀ ਰਾਮ ਨੇ ਆਪਣੇ ਵਚਨ ਅਤੇ ਮਰਿਆਦਾ ਦੀ ਰੱਖਿਆ ਲਈ ਆਪਣੇ ਭਰਾ ਲਛਮਣ ਨੂੰ ਮ੍ਰਿਤੂਦੰਡ ਦੇ ਸਮਾਨ ਹੀ ਦੰਡ ਦਿੱਤਾ ਸੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।