ਪਨਾਹ ਲੈਣ ਨਾਲ ਅੰਦਰੂਨੀ ਸ਼ਾਂਤੀ ਮਿਲਦੀ ਹੈ, ਹੰਕਾਰ ਦਾ ਨਾਸ ਹੁੰਦਾ ਹੈ ਅਤੇ ਪ੍ਰਭੂ ਦੀ ਕਿਰਪਾ ਅਤੇ ਪ੍ਰੇਮ ਦਾ ਸੁਭਾਗ ਮਿਲਦਾ ਹੈ। ਇਕ ਸ਼ਰਨਾਗਤ ਭਗਤ ਨੂੰ ਪ੍ਰਭੂ ਦੇ ਰੂਪ, ਗੁਣ, ਨਾਮ ਅਤੇ ਲੀਲਾਵਾਂ ਦੇ ਚਿੰਤਨ ਵਿਚ ਲੱਗੇ ਰਹਿ ਕੇ ਨਿਰੰਤਰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ-ਹੇ ਪ੍ਰਭੂ! ਆਪਣੇ ਚਰਨਾਂ ਵਿਚ ਰੱਖਣਾ, ਆਪਣੀ ਸ਼ਰਨ ਵਿਚ ਰੱਖਣਾ ਅਤੇ ਹਰ ਪਲ ਆਪਣੀ ਲਗਨ ਵਿਚ ਰੱਖਣਾ।

ਪਨਾਹ ਲੈਣ ਵਾਲਾ ਆਪਣੇ ਇਸ਼ਟ ਪ੍ਰਤੀ ਨਿਰ-ਹੰਕਾਰੀ, ਨਿਰਸਵਾਰਥ ਅਤੇ ਨਿਸ਼ਬਦ ਰਹਿ ਕੇ ਸਿਰਫ਼ ‘ਭਗਵਾਨ ਹੀ ਰਾਖਾ ਹੈ’-ਇਸ ਸਮਰਪਿਤ ਭਾਵ ਨਾਲ ਭਗਤੀ ਵਿਚ ਲੀਨ ਹੋ ਜਾਂਦਾ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਇਹ ਸਭ ਤੋਂ ਸਰਲ ਤੇ ਸਰਬੋਤਮ ਸਾਧਨ ਮੰਨਿਆ ਗਿਆ ਹੈ ਜਿਸ ਵਿਚ ਆਸਥਾਵਾਨ ਭਗਤ ਦੇ ਅਡੋਲ ਭਰੋਸੇ ਪ੍ਰਤੀ ਨਿਆਂ ਕਰਨ ਦੀ ਜ਼ਿੰਮੇਵਾਰੀ ਭਗਵਾਨ ਚੁੱਕਦੇ ਹਨ। ਇਹ ਇਕ ਡੂੰਘੀ ਰੂਹਾਨੀ ਧਾਰਨਾ ਹੈ ਜੋ ਭਗਤ ਨੂੰ ਆਪਣਾ ਸਭ ਕੁਝ ਇਸ਼ਟ ਦੇ ਚਰਨਾਂ ਵਿਚ ਅਰਪਿਤ ਕਰਨ ਲਈ ਪ੍ਰੇਰਿਤ ਕਰਦੀ ਹੈ। ਸਿਰਫ਼ ਭਗਵਾਨ ਦੇ ਅਨੁਕੂਲ ਸੋਚਣਾ, ਉਨ੍ਹਾਂ ਪ੍ਰਤੀ ਮਾੜੇ ਵਿਚਾਰਾਂ ਤੋਂ ਦੂਰ ਰਹਿਣਾ ਅਤੇ ਦ੍ਰਿੜ ਵਿਸ਼ਵਾਸ ਰੱਖਣਾ ਕਿ ਉਹ ਹੀ ਇਕਮਾਤਰ ਰਾਖੇ ਹਨ-ਇਸੇ ਸੋਚ ਨਾਲ ਖ਼ੁਦ ਨੂੰ ਉਨ੍ਹਾਂ ਨੂੰ ਸੌਂਪਦੇ ਹੋਏ ਬੇਫ਼ਿਕਰ ਹੋ ਜਾਣ ਦਾ ਨਾਂ ਸ਼ਰਨਾਗਤੀ ਹੈ। ਜਦ ਭਗਤ ‘ਅਬ ਸੌਂਪ ਦਿਆ ਇਸ ਜੀਵਨ ਕਾ ਸਬ ਭਾਰ ਤੁਮਹਾਰੇ ਹਾਥੋਂ ਮੇਂ, ਹੈ ਜੀਤ ਤੁਮਹਾਰੇ ਹਾਥੋਂ ਮੇਂ ਔਰ ਹਾਰ ਤੁਮਹਾਰੇ ਹਾਥੋਂ ਮੇਂ’ ਦੇ ਸੰਕਲਪ ਅਤੇ ਦ੍ਰਿੜ ਵਿਸ਼ਵਾਸ ਨਾਲ ਪਨਾਹ ਲੈਂਦਾ ਹੈ ਤਾਂ ਪਰਮਾਤਮਾ ਨੂੰ ਉਹ ਪੁਕਾਰ ਉਸ ਵੱਲ ਖਿੱਚਣ ਦਾ ਕੰਮ ਕਰਦੀ ਹੈ। ਉਸ ਨੂੰ ਸੁਣ ਕੇ ਪ੍ਰਭੂ ਭਗਤ ਨੂੰ ਤਾਕਤ ਦੇਣ ਅਤੇ ਉਸ ਦੀ ਰਾਖੀ ਕਰਨ ਵਿਚ ਤਤਪਰ ਹੋ ਜਾਂਦੇ ਹਨ। ਜੋ ਲੋਕ ਪਰਮਾਤਮਾ ਤੋਂ ਬੇਮੁੱਖ ਹੋ ਕੇ ਖ਼ੁਦ ਨੂੰ ਹੀ ਕਰਤਾ ਸਮਝਣ ਲੱਗਦੇ ਹਨ, ਉਨ੍ਹਾਂ ਦਾ ਹੌਲੀ-ਹੌਲੀ ਪਤਨ ਹੋਣ ਲੱਗਦਾ ਹੈ। ਬੁੱਧੀ ਭ੍ਰਿਸ਼ਟ ਹੋਣ ਕਾਰਨ ਉਹ ਰੱਬ ਦੀਆਂ ਮਿਹਰਬਾਨੀਆਂ ਨੂੰ ਨਜ਼ਰਅੰਦਾਜ਼ ਕਰਨ ਲੱਗਦੇ ਹਨ ਤੇ ਇਹੀ ਬਿਰਤੀ ਉਨ੍ਹਾਂ ਲਈ ਘਾਤਕ ਸਿੱਧ ਹੋਣ ਲੱਗਦੀ ਹੈ। ਭਗਵਾਨ ਤੋਂ ਕੁਝ ਮੰਗ ਕੇ ਕੀਤੀ ਜਾਣ ਵਾਲੀ ਸ਼ਰਨਾਗਤੀ ਨੂੰ ‘ਮਤਲਬਪ੍ਰਸਤੀ’, ਬਿਨਾਂ ਕੁਝ ਮੰਗ ਕੇ ਕੀਤੀ ਜਾਣ ਵਾਲੀ ਨੂੰ ‘ਨਿਸ਼ਕਾਮ’ ਅਤੇ ਕੇਵਲ ਭਗਵਾਨ ’ਤੇ ਹੀ ਪੂਰੀ ਤਰ੍ਹਾਂ ਆਸ਼ਰਿਤ ਸ਼ਰਨਾਗਤੀ ਨੂੰ ‘ਅਨਿੰਨ ਸ਼ਰਨਾਗਤੀ’ ਕਿਹਾ ਗਿਆ ਹੈ। ਪਨਾਹ ਲੈਣ ਨਾਲ ਅੰਦਰੂਨੀ ਸ਼ਾਂਤੀ ਮਿਲਦੀ ਹੈ, ਹੰਕਾਰ ਦਾ ਨਾਸ ਹੁੰਦਾ ਹੈ ਅਤੇ ਪ੍ਰਭੂ ਦੀ ਕਿਰਪਾ ਅਤੇ ਪ੍ਰੇਮ ਦਾ ਸੁਭਾਗ ਮਿਲਦਾ ਹੈ। ਇਕ ਸ਼ਰਨਾਗਤ ਭਗਤ ਨੂੰ ਪ੍ਰਭੂ ਦੇ ਰੂਪ, ਗੁਣ, ਨਾਮ ਅਤੇ ਲੀਲਾਵਾਂ ਦੇ ਚਿੰਤਨ ਵਿਚ ਲੱਗੇ ਰਹਿ ਕੇ ਨਿਰੰਤਰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ-ਹੇ ਪ੍ਰਭੂ! ਆਪਣੇ ਚਰਨਾਂ ਵਿਚ ਰੱਖਣਾ, ਆਪਣੀ ਸ਼ਰਨ ਵਿਚ ਰੱਖਣਾ ਅਤੇ ਹਰ ਪਲ ਆਪਣੀ ਲਗਨ ਵਿਚ ਰੱਖਣਾ। ਇਹੀ ਭਾਵ ਜੀਵਨ ਵਿਚ ਆਤਮਿਕ ਸੰਤੁਸ਼ਟੀ ਦਾ ਭਾਵ ਭਰਦਾ ਹੈ।-ਐੱਸਐੱਨ ਦੁਬੇ ‘ਸਨੇਹੀ’।