ਤਰਕ ਦੀ ਥੁੜ ਗਿਆਨ ਦੇ ਵਿਕਾਸ ’ਚ ਅੜਿੱਕਾ ਬਣਦੀ ਹੈ
ਸਿਰਫ਼ ਗਿਆਨ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੈ, ਬਲਕਿ ਮੁਸ਼ਕਲਾਂ ਨੂੰ ਤਰਕ ਦੀ ਕਸੌਟੀ ’ਤੇ ਪਰਖ਼ ਕੇ ਸਹੀ ਹੱਲ ਵਿਕਸਤ ਕਰਨਾ ਵੀ ਸਿੱਖਿਆ ਦਾ ਟੀਚਾ ਹੈ। ਵਿਗਿਆਨ ਦੀ ਪੂਰੀ ਸਰੰਚਨਾ ਤਰਕ ’ਤੇ ਨਿਰਭਰ ਕਰਦੀ ਹੈ।
Publish Date: Sun, 14 Sep 2025 10:58 PM (IST)
Updated Date: Mon, 15 Sep 2025 07:36 AM (IST)
ਤਰਕ ਦਾ ਮਤਲਬ ਹੈ ਕਿਸੇ ਵੀ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਤੇ ਉਸ ’ਤੇ ਚੰਗੀ ਚਰਚਾ ਕਰਨਾ। ਅਜਿਹੀ ਸਮਰੱਥਾ ਤਰਕ ਦੇ ਰਾਹੀਂ ਹੀ ਵਿਕਸਤ ਹੁੰਦੀ ਹੈ। ਤਰਕ ਸਿਰਫ਼ ਬਹਿਸ ਜਾਂ ਚਰਚਾ ਦਾ ਸਾਧਨ ਨਹੀਂ ਹੈ, ਬਲਕਿ ਇਹ ਸੱਚ ਤੇ ਝੂਠ, ਵਾਜਬ ਤੇ ਗ਼ੈਰਵਾਜਬ, ਅਸਲੀ ਅਤੇ ਕਾਲਪਨਿਕ ਵਿਚਾਲੇ ਫ਼ਰਕ ਕਰਨ ਦਾ ਵੀ ਸਰਬੋਤਮ ਤਰੀਕਾ ਹੈ।
ਤਰਕ ਰਾਹੀਂ ਮਨੁੱਖ ਨੇ ਗਿਆਨ ਨੂੰ ਵਿਵਸਥਤ ਕੀਤਾ, ਵਿਗਿਆਨ ਨੂੰ ਜਨਮ ਦਿੱਤਾ, ਸਮਾਜ ਨੂੰ ਦਿਸ਼ਾ ਦਿੱਤੀ ਤੇ ਸੱਭਿਅਤਾ ਨੂੰ ਉਚਾਈਆਂ ਤੱਕ ਪਹੁੰਚਾਇਆ। ਜੀਵਨ ’ਚ ਅਸੀਂ ਵੱਖ-ਵੱਖ ਹਾਲਾਤ ਦਾ ਸਾਹਮਣਾ ਕਰਦੇ ਹਾਂ ਅਤੇ ਇਸ ਕਾਰਨ ਸਹੀ ਫ਼ੈਸਲਾ ਲੈਣਾ ਜ਼ਰੂਰੀ ਹੁੰਦਾ ਹੈ। ਤਰਕ ਸਾਨੂੰ ਸਹੀ ਤੇ ਗ਼ਲਤ ਹਾਲਾਤ ’ਚ ਫ਼ੈਸਲਾ ਲੈਣ ਲਈ ਪ੍ਰੇਰਿਤ ਕਰਦਾ ਹੈ। ਜੀਵਨ ਦੀ ਅਸਲੀ ਸਿੱਖਿਆ ਤਰਕ ’ਤੇ ਆਧਾਰਿਤ ਹੁੰਦੀ ਹੈ।
ਸਿਰਫ਼ ਗਿਆਨ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੈ, ਬਲਕਿ ਮੁਸ਼ਕਲਾਂ ਨੂੰ ਤਰਕ ਦੀ ਕਸੌਟੀ ’ਤੇ ਪਰਖ਼ ਕੇ ਸਹੀ ਹੱਲ ਵਿਕਸਤ ਕਰਨਾ ਵੀ ਸਿੱਖਿਆ ਦਾ ਟੀਚਾ ਹੈ। ਵਿਗਿਆਨ ਦੀ ਪੂਰੀ ਸਰੰਚਨਾ ਤਰਕ ’ਤੇ ਨਿਰਭਰ ਕਰਦੀ ਹੈ। ਜੇ ਕਿਸੇ ਤਜਰਬੇ ਦੇ ਨਤੀਜੇ ਨੂੰ ਸਿਰਫ਼ ਮੰਨ ਲਿਆ ਜਾਵੇ ਤੇ ਉਸ ਨੂੰ ਤਰਕ ਦੇ ਆਧਾਰ ’ਤੇ ਨਾ ਸਮਝਿਆ ਜਾਵੇ, ਤਾਂ ਇਸ ਨਾਲ ਵਿਗਿਆਨ ਦਾ ਵਿਕਾਸ ਸੰਭਵ ਨਹੀਂ ਹੈ। ਤਰਕ ਦੀ ਥੁੜ੍ਹ ਗਿਆਨ ਦੇ ਵਿਕਾਸ ’ਚ ਅੜਿੱਕਾ ਬਣਦੀ ਹੈ ਤੇ ਅੰਧਵਿਸ਼ਵਾਸ ਅਤੇ ਮਾੜੇ ਰਿਵਾਜ਼ਾਂ ਨੂੰ ਉਤਸ਼ਾਹ ਦਿੰਦੀ ਹੈ।
ਜਦ ਤਰਕ ਕਲਪਨਾ ਦੇ ਨਾਲ ਮਿਲ ਜਾਂਦਾ ਹੈ ਤਾਂ ਸ੍ਰਿਜਨਸ਼ੀਲਤਾ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ। ਤਰਕ ਹੀ ਭਵਿੱਖ ਦੀਆਂ ਸੰਭਾਵਨਾਵਾਂ ਲਈ ਪੁਖ਼ਤਾ ਆਧਾਰ ਬਣਦਾ ਹੈ ਤੇ ਮਨੁੱਖੀ ਜੀਵਨ ਨੂੰ ਤਰੱਕੀ ਦੇ ਸਿਖਰਾਂ ਤੱਕ ਪਹੁੰਚਾਉਂਦਾ ਹੈ। ਮਨੁੱਖ ਲਈ ਤਰਕ ਦੀ ਅਹਿਮੀਅਤ ਸਮਝਣਾ ਤੇ ਉਸ ਨੂੰ ਆਪਣੇ ਜੀਵਨ ’ਚ ਅਪਨਾਉਣਾ ਜ਼ਰੂਰੀ ਹੈ। ਇਹ ਨਾ ਸਿਰਫ਼ ਨਿੱਜੀ ਵਿਕਾਸ ਲਈ ਮਹੱਤਵਪੂਰਨ ਹੈ, ਬਲਕਿ ਸਮਾਜ ਤੇ ਸੱਭਿਅਤਾ ਦੀ ਤਰੱਕੀ ਲਈ ਵੀ ਜ਼ਰੂਰੀ ਹੈ। ਤਰਕ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਪੱਸ਼ਟ ਕਰ ਸਕਦੇ ਹਾਂ ਤੇ ਇਕ ਬਿਹਤਰ ਸਮਾਜ ਦੀ ਦਿਸ਼ਾ ’ਚ ਕਦਮ ਵਧਾ ਸਕਦੇ ਹਾਂ।
-ਪ੍ਰੇਰਣਾ ਅਵਸਥੀ