Ramayana ਮੁਤਾਬਕ, ਕੁੰਭਕਰਨ ਜਾਣਦਾ ਸੀ ਕਿ ਉਸ ਦਾ ਭਰਾ ਰਾਵਣ ਅਧਰਮ ਦੇ ਰਾਹ 'ਤੇ ਹੈ, ਪਰ ਆਪਣੀ ਵਫ਼ਾਦਾਰੀ ਤੇ ਭਰਾ ਪ੍ਰਤੀ ਪਿਆਰ ਕਾਰਨ ਉਸ ਨੇ ਯੁੱਧ ਵਿਚ ਰਾਵਣ ਦਾ ਸਾਥ ਦਿੱਤਾ। ਜੇਕਰ ਕੁੰਭਕਰਨ ਨੂੰ ਨੀਂਦ ਦਾ ਇਹ ਵਰਦਾਨ ਨਾ ਮਿਲਿਆ ਹੁੰਦਾ ਤੇ ਉਹ ਪੂਰੀ ਸ਼ਕਤੀ ਨਾਲ ਯੁੱਧ ਵਿਚ ਉਤਰਦਾ ਤਾਂ ਵਾਨਰ ਸੈਨਾ ਲਈ ਉਸ ਨੂੰ ਹਰਾਉਣਾ ਲਗਪਗ ਅਸੰਭਵ ਹੁੰਦਾ।

ਧਰਮ ਡੈਸਕ, ਨਵੀਂ ਦਿੱਲੀ : ਰਾਮਾਇਣ 'ਚ ਰਾਵਣ ਦੇ ਪਰਾਕਰਮ ਦੀ ਚਰਚਾ ਤਾਂ ਹਰ ਕੋਈ ਕਰਦੈ ਪਰ ਉਸ ਦੇ ਭਰਾ ਕੁੰਭਕਰਨ ਦੀ ਤਾਕਤ ਦਾ ਕੋਈ ਸਾਨੀ ਨਹੀਂ ਸੀ। ਕੁੰਭਕਰਨ ਸਿਰਫ਼ ਸਰੀਰ ਪੱਖੋਂ ਹੀ ਵਿਸ਼ਾਲ ਨਹੀਂ ਸੀ, ਸਗੋਂ ਉਹ ਇਕ ਉੱਚ ਕੋਟੀ ਦਾ ਵਿਦਵਾਨ ਤੇ ਵਫ਼ਾਦਾਰ ਯੋਧਾ ਵੀ ਸੀ।
ਪੌਰਾਣਿਕ ਕਥਾਵਾਂ ਤੇ ਧਾਰਮਿਕ ਗ੍ਰੰਥਾਂ ਅਨੁਸਾਰ, ਕੁੰਭਕਰਨ ਨੇ ਆਪਣੇ ਭਰਾਵਾਂ ਰਾਵਣ ਤੇ ਵਿਭੀਸ਼ਣ ਨਾਲ ਮਿਲ ਕੇ ਬ੍ਰਹਮਾ ਜੀ ਦੀ ਕਠੋਰ ਤਪੱਸਿਆ ਕੀਤੀ ਸੀ। ਉਸ ਦੀ ਤਪੱਸਿਆ ਇੰਨੀ ਸ਼ਕਤੀਸ਼ਾਲੀ ਸੀ ਕਿ ਸਵਰਗ ਦੇ ਰਾਜਾ ਇੰਦਰ ਘਬਰਾ ਗਏ। ਇੰਦਰ ਨੂੰ ਡਰ ਸੀ ਕਿ ਜੇਕਰ ਕੁੰਭਕਰਨ ਨੇ ਵਰਦਾਨ 'ਚ ਉਨ੍ਹਾਂ ਦਾ 'ਇੰਦਰਾਸਣ' ਮੰਗ ਲਿਆ, ਤਾਂ ਦੇਵਤਿਆਂ ਦੀ ਹੋਂਦ ਖ਼ਤਰੇ 'ਚ ਪੈ ਜਾਵੇਗੀ।
ਸ਼ਾਸਤਰਾਂ ਤੇ ਪ੍ਰਾਚੀਨ ਮਾਨਤਾਵਾਂ ਮੁਤਾਬਕ, ਜਦੋਂ ਬ੍ਰਹਮਾ ਜੀ ਕੁੰਭਕਰਨ ਨੂੰ ਵਰਦਾਨ ਦੇਣ ਲਈ ਪ੍ਰਗਟ ਹੋਏ ਤਾਂ ਇੰਦਰ ਨੇ ਦੇਵੀ ਸਰਸਵਤੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਕੁੰਭਕਰਨ ਦੀ ਬੁੱਧੀ ਭ੍ਰਮਿਤ ਕਰ ਦੇਣ। ਧਰਮ ਸ਼ਾਸਤਰ ਅਨੁਸਾਰ, ਜਿਵੇਂ ਹੀ ਕੁੰਭਕਰਨ ਨੇ 'ਇੰਦਰਾਸਣ' (ਇੰਦਰ ਦਾ ਸਿੰਘਾਸਣ) ਮੰਗਣ ਲਈ ਆਪਣਾ ਮੂੰਹ ਖੋਲ੍ਹਿਆ, ਉਸ ਦੀ ਜੀਭ 'ਤੇ ਬਿਰਾਜਮਾਨ ਮਾਂ ਸਰਸਵਤੀ ਨੇ ਉਸ ਸ਼ਬਦ ਨੂੰ ਬਦਲ ਕੇ 'ਨਿਦਰਾਸਣ' (ਸੌਣ ਦੀ ਜਗ੍ਹਾ) ਕਰ ਦਿੱਤਾ। ਬ੍ਰਹਮਾ ਜੀ ਨੇ 'ਤਥਾਸਤੂ' ਕਹਿ ਦਿੱਤਾ ਅਤੇ ਇਸ ਤਰ੍ਹਾਂ ਕੁੰਭਕਰਨ ਨੂੰ 6 ਮਹੀਨੇ ਤਕ ਸੌਣ ਦਾ ਸਰਾਪ ਮਿਲ ਗਿਆ।
ਰਾਮਾਇਣ ਮੁਤਾਬਕ, ਕੁੰਭਕਰਨ ਜਾਣਦਾ ਸੀ ਕਿ ਉਸ ਦਾ ਭਰਾ ਰਾਵਣ ਅਧਰਮ ਦੇ ਰਾਹ 'ਤੇ ਹੈ, ਪਰ ਆਪਣੀ ਵਫ਼ਾਦਾਰੀ ਤੇ ਭਰਾ ਪ੍ਰਤੀ ਪਿਆਰ ਕਾਰਨ ਉਸ ਨੇ ਯੁੱਧ ਵਿਚ ਰਾਵਣ ਦਾ ਸਾਥ ਦਿੱਤਾ। ਜੇਕਰ ਕੁੰਭਕਰਨ ਨੂੰ ਨੀਂਦ ਦਾ ਇਹ ਵਰਦਾਨ ਨਾ ਮਿਲਿਆ ਹੁੰਦਾ ਤੇ ਉਹ ਪੂਰੀ ਸ਼ਕਤੀ ਨਾਲ ਯੁੱਧ ਵਿਚ ਉਤਰਦਾ ਤਾਂ ਵਾਨਰ ਸੈਨਾ ਲਈ ਉਸ ਨੂੰ ਹਰਾਉਣਾ ਲਗਪਗ ਅਸੰਭਵ ਹੁੰਦਾ। ਅੰਤ ਵਿਚ ਭਗਵਾਨ ਰਾਮ ਦੇ ਹੱਥੋਂ ਉਸ ਨੂੰ ਮੋਕਸ਼ (ਮੁਕਤੀ) ਪ੍ਰਾਪਤ ਹੋਇਆ।
ਬਾਅਦ 'ਚ ਕੁੰਭਕਰਨ ਆਪਣੀ ਗਲਤੀ ਲਈ ਬਹੁਤ ਦੁਖੀ ਹੋਇਆ। ਪਰ, 'ਤਥਾਸਤੂ' ਕਹਿਣ ਤੋਂ ਬਾਅਦ ਵਰਦਾਨ ਨੂੰ ਵਾਪਸ ਲੈਣਾ ਅਸੰਭਵ ਸੀ। ਫਿਰ, ਰਾਵਣ ਨੇ ਭਰਾ ਲਈ ਬ੍ਰਹਮਾ ਜੀ ਨੂੰ ਇਸ ਕਠੋਰ ਵਰਦਾਨ ਨੂੰ ਘੱਟ ਕਰਨ ਦੀ ਬੇਨਤੀ ਕੀਤੀ। ਜਿਸ ਤੋਂ ਬਾਅਦ ਬ੍ਰਹਮਾ ਜੀ ਨੇ ਇਸ ਵਿਚ ਸੋਧ ਕਰਦਿਆਂ ਉਸ ਨੂੰ 6 ਮਹੀਨੇ ਤਕ ਲਗਾਤਾਰ ਸੌਣ ਦਾ ਵਰਦਾਨ ਦਿੱਤਾ ਅਤੇ ਕਿਹਾ ਕਿ ਉਹ 6 ਮਹੀਨੇ ਤੱਕ ਸੌਂਵੇਗਾ ਅਤੇ ਫਿਰ ਇੱਕ ਦਿਨ ਲਈ ਜਾਗੇਗਾ।