ਸੁੱਖ-ਦੁੱਖ ਹਨ ਜੀਵਨ ਦਾ ਹਿੱਸਾ
ਕੋਈ ਅਨੰਤ ਧਨ ਨਾਲ, ਕੋਈ ਹੱਸਦੇ-ਵਸਦੇ ਪਰਿਵਾਰ ਨਾਲ, ਕੋਈ ਗਿਆਨ ਦੇ ਹਾਸਲ ਕਰਨ ਨਾਲ ਤੇ ਕੋਈ ਇਕਾਂਤ ਅਤੇ ਸਾਧਨਾ ਵਿਚ ਖ਼ੁਸ਼ ਹੁੰਦਾ ਹੈ ਪਰ ਇਸ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਮੌਸਮ ਬਦਲਦੇ ਹਨ, ਉਸੇ ਤਰ੍ਹਾਂ ਅੱਜ ਦਾ ਸੁੱਖ ਕੱਲ੍ਹ ਨੂੰ ਦੁੱਖ ਦੀ ਲਪੇਟ ਵਿਚ ਆ ਸਕਦਾ ਹੈ। ਸਰੀਰ ਵੀ ਸਦਾ ਇਕ ਸਮਾਨ ਨਹੀਂ ਰਹਿੰਦਾ।
Publish Date: Sat, 14 Mar 2026 08:00 AM (IST)
Updated Date: Sat, 14 Mar 2026 08:02 AM (IST)

ਸੁੱਖ-ਦੁੱਖ ਜੀਵਨ ਦੇ ਦੋ ਲਾਜ਼ਮੀ ਪੱਖ ਹਨ। ਇਹ ਅਸੰਭਵ ਹੈ ਕਿ ਕੋਈ ਮਨੁੱਖ ਸਦਾ ਖ਼ੁਸ਼ ਰਹੇ ਜਾਂ ਹਮੇਸ਼ਾ ਦੁੱਖ ਵਿਚ ਡੁੱਬਿਆ ਰਹੇ। ਜੇਕਰ ਇਕ ਸਥਿਤੀ ਮੌਜੂਦ ਹੈ ਤਾਂ ਦੂਜੀ ਦੀ ਛਾਂ ਵੀ ਨਿਸ਼ਚਿਤ ਹੈ। ਇਨ੍ਹਾਂ ਦੋਹਾਂ ਦੀ ਦਸ਼ਾ ਅਤੇ ਦਿਸ਼ਾ ਇਕ-ਦੂਜੇ ਦੇ ਬਿਨਾਂ ਵਿਅਰਥ ਹੀ ਹੈ। ਸੁੱਖ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਕੋਈ ਅਨੰਤ ਧਨ ਨਾਲ, ਕੋਈ ਹੱਸਦੇ-ਵਸਦੇ ਪਰਿਵਾਰ ਨਾਲ, ਕੋਈ ਗਿਆਨ ਦੇ ਹਾਸਲ ਕਰਨ ਨਾਲ ਤੇ ਕੋਈ ਇਕਾਂਤ ਅਤੇ ਸਾਧਨਾ ਵਿਚ ਖ਼ੁਸ਼ ਹੁੰਦਾ ਹੈ ਪਰ ਇਸ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਮੌਸਮ ਬਦਲਦੇ ਹਨ, ਉਸੇ ਤਰ੍ਹਾਂ ਅੱਜ ਦਾ ਸੁੱਖ ਕੱਲ੍ਹ ਨੂੰ ਦੁੱਖ ਦੀ ਲਪੇਟ ਵਿਚ ਆ ਸਕਦਾ ਹੈ। ਸਰੀਰ ਵੀ ਸਦਾ ਇਕ ਸਮਾਨ ਨਹੀਂ ਰਹਿੰਦਾ। ਮਨੁੱਖ ਕਿੰਨਾ ਵੀ ਸਮਰੱਥਾਵਾਨ ਕਿਉਂ ਨਾ ਹੋਵੇ, ਉਮਰ ਦੇ ਨਾਲ ਸਰੀਰਕ ਬਿਮਾਰੀਆਂ ਤੋਂ ਬਚ ਨਹੀਂ ਪਾਉਂਦਾ। ਸੱਚ ਹੀ ਕਿਹਾ ਗਿਆ ਹੈ ਕਿ ਸਮਾਂ ਅਤੇ ਕਿਸਮਤ ਦੇ ਸਾਹਮਣੇ ਸਭ ਲਾਚਾਰ ਹਨ। ਜੀਵਨ ਦੇ ਨਤੀਜਿਆਂ ਨਾਲ ਬਹੁਤ ਜ਼ਿਆਦਾ ਲਗਾਅ ਅਤੇ ਮੋਹ ਹੀ ਮਨੁੱਖੀ ਪੀੜਾ ਨੂੰ ਵਧਾਉਂਣ ਵਿਚ ਸਹਾਇਕ ਹੁੰਦੇ ਹਨ। ਜੇਕਰ ਦੁੱਖ ਵਿਚ ਬੁੱਧੀ ਗੁੱਸੇ ਵਾਲੀ ਹੋ ਜਾਂਦੀ ਹੈ ਅਤੇ ਇੰਦਰੀਆਂ ਕਰੋਧ ਅਤੇ ਭਰਮ ਦੇ ਜਾਲ਼ ਵਿਚ ਫਸ ਜਾਂਦੀਆਂ ਹਨ, ਤਾਂ ਸੁੱਖ ਵਿਚ ਮਨੁੱਖ ‘ਮੈਂ’ ਅਤੇ ‘ਮੇਰਾ’ ਦੇ ਹੰਕਾਰ ਦੇ ਮਾਇਆਜਾਲ਼ ਵਿਚ ਉਲਝ ਜਾਂਦਾ ਹੈ। ਹਾਲਾਂਕਿ ਦੁੱਖ ਦਾ ਇਕ ਸਕਾਰਾਤਮਕ ਪੱਖ ਇਹ ਹੈ ਕਿ ਇਹ ਸਾਨੂੰ ਸਾਡੇ ਸੱਚੇ ਸਰੂਪ ਤੋਂ ਜਾਣੂ ਕਰਵਾਉਂਦਾ ਹੈ, ਦੂਜਿਆਂ ਦੀ ਸੰਵੇਦਨਾਵਾਂ ਨਾਲ ਜੋੜਦਾ ਹੈ ਅਤੇ ਸਹਿਯੋਗ ਦੀ ਭਾਵਨਾ ਵਿਕਸਤ ਕਰਦਾ ਹੈ। ਨੰਨ੍ਹੇ ਬੱਚੇ ਦੀ ਕਿਲਕਾਰੀ, ਖਿੜਦਾ ਹੋਇਆ ਫੁੱਲ, ਭਿਆਨਕ ਗਰਮੀ ਵਿਚ ਬਰਸਾਤ ਦਾ ਆਗਮਨ ਅਤੇ ਪਾਣੀ ਦੀ ਕਲ-ਕਲ ਧੁਨੀ ਖ਼ੁਸ਼ੀ ਦੇ ਕਾਰਨ ਬਣ ਸਕਦੇ ਹਨ। ਆਤਮ-ਚਿੰਤਨ ਤੇ ਅਧਿਆਤਮਕ ਅਵਸਥਾ ਵਿਚ ਲੀਨ ਹੋਣਾ ਹੀ ਜੀਵਨ ਜਿਉਣ ਦਾ ਸਹੀ ਰਸਤਾ ਦਿਖਾ ਸਕਦਾ ਹੈ। ਖੇਦ ਦਾ ਵਿਸ਼ਾ ਇਹ ਹੈ ਕਿ ਕਸ਼ਟਾਂ ਤੋਂ ਮੁਕਤੀ ਪਾਉਂਦੇ ਹੀ ਮਨੁੱਖ ਫਿਰ ਤੋਂ ਸੁੱਖ ਦੇ ਮੱਕੜਜਾਲ਼ ਵਿਚ ਫਸ ਕੇ ਅਣਜਾਣ ਮਾਰਗ ਦਾ ਪਾਂਧੀ ਬਣ ਜਾਂਦਾ ਹੈ। ਹਕੀਕੀ ਆਨੰਦ ਤਾਂ ਉਹ ਹੈ ਜਿਸ ਵਿਚ ਅਸੀਂ ਦੂਜਿਆਂ ਦੇ ਦੁੱਖ ਘਟਾਉਣ ਲਈ ਯਤਨਸ਼ੀਲ ਰਹਿ ਕੇ ਆਪਣੇ ਜੀਵਨ ਨੂੰ ਸਾਰਥਕ ਬਣਾ ਸਕੀਏ ਅਤੇ ਅੰਤ ਵਿਚ ਹੀਣਭਾਵਨਾ ਦੇ ਭਾਗੀਦਾਰ ਨਾ ਬਣੀਏ।