ਵਿਸ਼ਵ ’ਚ ਸ਼ਾਂਤੀ ਬਣਾਈ ਰੱਖਣੀ ਬੇਹੱਦ ਜ਼ਰੂਰੀ
ਜ਼ਿਆਦਾਤਰ ਲੋਕ ਸੰਸਾਰ ਵਿਚ ਸ਼ਾਂਤੀ ਚਾਹੁੰਦੇ ਹਨ। ਉਹ ਆਪਣੇ ਮਹਾਦੀਪਾਂ, ਦੇਸ਼ਾਂ, ਸ਼ਹਿਰਾਂ ਅਤੇ ਇੱਥੋਂ ਤਕ ਕਿ ਆਪਣੇ ਘਰ-ਪਰਿਵਾਰ ਵਿਚ ਵੀ ਸ਼ਾਂਤੀ ਚਾਹੁੰਦੇ ਹਨ। ਫਿਰ ਵੀ ਅੱਜ ਅਸੀਂ ਸੰਸਾਰ ਭਰ ਵਿਚ ਹੋ ਰਹੇ ਅੱਤਿਆਚਾਰਾਂ, ਹਿੰਸਾ ਅਤੇ ਅਪਰਾਧਾਂ ਨੂੰ ਦੇਖਦੇ ਹਾਂ। ਸਾਨੂੰ ਇਹ ਦੇਖਣਾ ਪਵੇਗਾ ਕਿ ਸੰਸਾਰ ਵਿਚ ਅਮਨ-ਅਮਾਨ ਦੀ ਸਥਾਪਨਾ ਲਈ ਅਸੀਂ ਕੀ ਕਰ ਸਕਦੇ ਹਾਂ?
Publish Date: Sat, 02 Sep 2023 11:29 PM (IST)
Updated Date: Sun, 03 Sep 2023 07:44 AM (IST)
ਅੱਜ-ਕੱਲ੍ਹ ਅਸੀਂ ਦੁਨੀਆ ਵਿਚ ਦੇਖਦੇ ਹਾਂ ਕਿ ਚੁਫੇਰੇ ਹਿੰਸਾ ਤੇ ਨਫ਼ਰਤ ਵਾਲਾ ਮਾਹੌਲ ਹੈ। ਕੋਈ ਦੇਸ਼ ਕਿਸੇ ਹੋਰ ਮੁਲਕ ’ਤੇ ਕਬਜ਼ਾ ਕਰਨਾ ਲੋਚਦਾ ਹੈ। ਇਸੇ ਤਰ੍ਹਾਂ ਸਮਾਜਿਕ ਤੌਰ ’ਤੇ ਵੀ ਉੱਚ ਅਹੁਦੇ ਨੂੰ ਹਾਸਲ ਕਰਨ ਲਈ ਲੋਕ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਨਿੱਜੀ ਤੌਰ ’ਤੇ ਵੀ ਅਸੀਂ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਕਾਰਨ ਆਪਣੇ ਅੰਦਰ ਨਫ਼ਰਤ ਤੇ ਹਿੰਸਾ ਦੀ ਭਾਵਨਾ ਪੈਦਾ ਕਰ ਲੈਂਦੇ ਹਾਂ।
ਪਰਿਵਾਰ ਵਿਚ ਵੀ ਜੀਅ ਇਕ-ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਕਾਰਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਹਨ। ਸੰਤਾਂ-ਮਹਾਪੁਰਸ਼ਾਂ ਦੀ ਸਿੱਖਿਆ ਅਨੁਸਾਰ ਜੇ ਅਸੀਂ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਪ੍ਰੇਮ ਦੇ ਗੁਣ ਨੂੰ ਸਾਨੂੰ ਆਪਣੇ ਅੰਦਰ ਵਿਕਸਤ ਕਰਨਾ ਹੋਵੇਗਾ। ਅੱਜ ਸੰਸਾਰ ਵਿਚ ਬੱਚੇ ਕਾਫ਼ੀ ਹਿੰਸਾ ਭਰਪੂਰ ਮਾਹੌਲ ਦੇਖ ਰਹੇ ਹਨ। ਹੁਣ ਵੇਲਾ ਆ ਗਿਆ ਹੈ ਕਿ ਅਸੀਂ ‘ਹਿੰਸਾ’ ਨੂੰ ਨਾਂਹ ਕਹਿਣ ਲਈ ਆਪਣੇ ਅੰਦਰ ਪਰਪੱਕਤਾ ਅਤੇ ਬੁੱਧੀ ਦਾ ਵਿਕਾਸ ਕਰੀਏ। ਆਓ! ਅਸੀਂ ਆਪਣੀ ਊਰਜਾ ਦਾ ਉਪਯੋਗ ਇਕ ਸ਼ਾਂਤੀਪੂਰਨ ਵਿਸ਼ਵ ਦੇ ਨਿਰਮਾਣ ਵਾਸਤੇ ਕਰੀਏ।
ਜ਼ਿਆਦਾਤਰ ਲੋਕ ਸੰਸਾਰ ਵਿਚ ਸ਼ਾਂਤੀ ਚਾਹੁੰਦੇ ਹਨ। ਉਹ ਆਪਣੇ ਮਹਾਦੀਪਾਂ, ਦੇਸ਼ਾਂ, ਸ਼ਹਿਰਾਂ ਅਤੇ ਇੱਥੋਂ ਤਕ ਕਿ ਆਪਣੇ ਘਰ-ਪਰਿਵਾਰ ਵਿਚ ਵੀ ਸ਼ਾਂਤੀ ਚਾਹੁੰਦੇ ਹਨ। ਫਿਰ ਵੀ ਅੱਜ ਅਸੀਂ ਸੰਸਾਰ ਭਰ ਵਿਚ ਹੋ ਰਹੇ ਅੱਤਿਆਚਾਰਾਂ, ਹਿੰਸਾ ਅਤੇ ਅਪਰਾਧਾਂ ਨੂੰ ਦੇਖਦੇ ਹਾਂ। ਸਾਨੂੰ ਇਹ ਦੇਖਣਾ ਪਵੇਗਾ ਕਿ ਸੰਸਾਰ ਵਿਚ ਅਮਨ-ਅਮਾਨ ਦੀ ਸਥਾਪਨਾ ਲਈ ਅਸੀਂ ਕੀ ਕਰ ਸਕਦੇ ਹਾਂ? ਸ਼ਾਂਤੀਪੂਰਨ ਦੁਨੀਆ ਦਾ ਨਿਰਮਾਣ ਕਰਨ ਲਈ ਸ਼ੁਰੂਆਤ ਸਾਨੂੰ ਖ਼ੁਦ ਤੋਂ ਕਰਨੀ ਚਾਹੀਦੀ ਹੈ। ਆਓ! ਅਸੀਂ ਆਪਣੇ ਦਿਲਾਂ ਵਿਚ ਸ਼ਾਂਤੀ ਦਾ ਇਕ ਦੀਵਾ ਬਾਲੀਏ ਤੇ ਹੋਰਾਂ ਲਈ ਚਾਨਣ ਕਰੀਏ।
ਧਿਆਨ-ਅਭਿਆਸ ਦੇ ਮਾਧਿਅਮ ਨਾਲ ਸ਼ਾਂਤੀ, ਪ੍ਰੇਮ ਅਤੇ ਏਕਤਾ ਆਪਣੇ ਅੰਦਰ ਖੋਜੀ ਜਾ ਸਕਦੀ ਹੈ। ਧਿਆਨ-ਅਭਿਆਸ ਸਾਨੂੰ ਅੰਦਰੂਨੀ ਅਮਨ-ਸ਼ਾਂਤੀ ਹਾਸਲ ਕਰਨ ਵਿਚ ਮਦਦਗਾਰ ਸਿੱਧ ਹੁੰਦਾ ਹੈ। ਜਦ ਸਾਡੀ ਆਤਮਾ ਪ੍ਰਭੂ ਨਾਲ ਇਕਮਿਕ ਹੁੰਦੀ ਹੈ ਉਦੋਂ ਅਸੀਂ ਸੰਪੂਰਨ ਸ਼ਾਂਤੀ ਅਤੇ ਤ੍ਰਿਪਤੀ ਨਾਲ ਭਰ ਜਾਂਦੇ ਹਾਂ। ਅਸੀਂ ਅੰਦਰੋਂ ਸ਼ਾਂਤ ਹੋ ਜਾਂਦੇ ਹਾਂ ਅਤੇ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਨਹੀਂ ਹੁੰਦੇ। ਇਹ ਸ਼ਾਂਤੀ ਸਾਡੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਮਿਲਦੀ ਹੈ। ਇੰਜ ਅਸੀਂ ਹੋਰਾਂ ਲਈ ਖ਼ੁਸ਼ੀ ਤੇ ਪ੍ਰੇਰਨਾ ਦੇ ਸਰੋਤ ਬਣ ਜਾਂਦੇ ਹਾਂ।
-ਸੰਤ ਰਾਜਿੰਦਰ ਸਿੰਘ।