ਦ੍ਰਿਕ ਪੰਚਾਂਗ ਮੁਤਾਬਕ, ਸਾਲ 2026 ਵਿੱਚ ਜੇਠ (ਜਯੇਸ਼ਠ) ਦੇ ਮਹੀਨੇ ਵਿੱਚ ਅਧਿਕ ਮਾਸ ਲੱਗੇਗਾ। ਇਸਦੀ ਸ਼ੁਰੂਆਤ 17 ਮਈ ਨੂੰ ਜੇਠ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਤੋਂ ਹੋਵੇਗੀ ਅਤੇ ਸਮਾਪਤੀ 15 ਜੂਨ ਨੂੰ ਜੇਠ ਮੱਸਿਆ ਦੇ ਦਿਨ ਹੋਵੇਗੀ। ਇਹ ਪੂਰਾ ਮਹੀਨਾ ਭਗਵਾਨ ਵਿਸ਼ਨੂੰ ਦੀ ਵਿਸ਼ੇਸ਼ ਭਗਤੀ ਅਤੇ ਉਪਾਸਨਾ ਲਈ ਸਮਰਪਿਤ ਹੈ।

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਸੋਚਿਆ ਹੈ ਕਿ ਹਿੰਦੂ ਪੰਚਾਂਗ 'ਚ ਕਦੇ-ਕਦਾਈਂ ਇਕ ਵਾਧੂ ਮਹੀਨਾ ਕਿਉਂ ਜੁੜ ਜਾਂਦਾ ਹੈ? ਸਾਲ 2026 ਵੀ ਅਜਿਹਾ ਹੀ ਇਕ ਸਾਲ ਹੋਣ ਵਾਲਾ ਹੈ ਜਿਸ ਵਿਚ ਸਾਨੂੰ 12 ਨਹੀਂ ਬਲਕਿ 13 ਮਹੀਨੇ ਮਿਲਣ ਵਾਲੇ ਹਨ। ਇਸ ਵਧੇ ਹੋਏ ਮਹੀਨੇ ਨੂੰ ਅਸੀਂ 'ਅਧਿਕ ਮਾਸ', 'ਮਲ ਮਾਸ' ਜਾਂ 'ਪੁਰਸ਼ੋਤਮ ਮਾਸ' ਦੇ ਨਾਂ ਨਾਲ ਜਾਣਦੇ ਹਾਂ। ਪਰ ਕੀ ਅਧਿਕ ਮਾਸ ਹੀ ਪੁਰਸ਼ੋਤਮ ਮਾਸ ਹੈ? ਚਲੋ ਅੱਜ ਇਸ ਗੁੰਝਲ ਨੂੰ ਸੁਲਝਾਉਂਦੇ ਹਾਂ।
ਪੌਰਾਣਿਕ ਕਥਾਵਾਂ (ਜਿਵੇਂ ਪਦਮ ਪੁਰਾਣ ਅਤੇ ਨਾਰਦ ਪੁਰਾਣ) ਅਨੁਸਾਰ, ਕਿਹਾ ਜਾਂਦਾ ਹੈ ਕਿ ਜਦੋਂ ਇਸ ਵਾਧੂ ਮਹੀਨੇ ਦੀ ਉਤਪਤੀ ਹੋਈ ਤਾਂ ਇਸਨੂੰ 'ਮਲ ਮਾਸ' (ਗੰਦਾ ਜਾਂ ਅਸ਼ੁੱਧ ਮਹੀਨਾ) ਕਿਹਾ ਗਿਆ। ਕੋਈ ਵੀ ਦੇਵਤਾ ਇਸ ਮਹੀਨੇ ਦਾ ਸਵਾਮੀ ਬਣਨ ਨੂੰ ਤਿਆਰ ਨਹੀਂ ਸੀ ਕਿਉਂਕਿ ਇਸ ਵਿਚ ਕੋਈ ਵੀ ਮੰਗਲ ਕਾਰਜ (ਜਿਵੇਂ ਵਿਆਹ, ਮੁੰਡਨ) ਨਹੀਂ ਹੁੰਦੇ ਸਨ।
ਆਪਣੀ ਅਣਦੇਖੀ ਤੋਂ ਦੁਖੀ ਹੋ ਕੇ ਇਹ ਮਹੀਨਾ ਭਗਵਾਨ ਵਿਸ਼ਨੂੰ ਕੋਲ ਗਿਆ ਤੇ ਆਪਣੀ ਵਿਥਿਆ ਸੁਣਾਈ। ਤਦ ਭਗਵਾਨ ਵਿਸ਼ਨੂੰ ਨੇ ਦਯਾ ਭਾਵ ਦਿਖਾਉਂਦੇ ਹੋਏ ਇਸ ਮਹੀਨੇ ਨੂੰ ਆਪਣਾ ਨਾਂ ਦਿੱਤਾ। ਇਸ ਤੋਂ ਬਾਅਦ ਹੀ ਇਸਨੂੰ 'ਪੁਰਸ਼ੋਤਮ ਮਾਸ' ਕਿਹਾ ਜਾਣ ਲੱਗਾ। ਉਨ੍ਹਾਂ ਵਰਦਾਨ ਦਿੱਤਾ ਕਿ ਜੋ ਵੀ ਇਸ ਮਹੀਨੇ ਮੇਰੀ ਭਗਤੀ ਕਰੇਗਾ, ਉਸਨੂੰ ਸਾਲ ਭਰ ਦੀ ਪੂਜਾ ਤੋਂ ਵੀ ਵੱਧ ਫਲ ਮਿਲੇਗਾ। ਇਸ ਲਈ ਇਸ ਮਹੀਨੇ ਨੂੰ 'ਅਧਿਕਮਾਸ' ਵੀ ਕਿਹਾ ਗਿਆ। ਪਦਮ ਪੁਰਾਣ 'ਚ ਇੱਕ ਪੂਰਾ ਖੰਡ 'ਪੁਰਸ਼ੋਤਮ ਮਾਸ ਮਾਹਾਤਮ' ਦੇ ਨਾਮ ਨਾਲ ਹੈ। ਇਸ ਵਿੱਚ ਭਗਵਾਨ ਕ੍ਰਿਸ਼ਨ ਦੁਆਰਾ ਯੁਧਿਸ਼ਟਰ ਨੂੰ ਇਸ ਮਹੀਨੇ ਦੀ ਮਹਿਮਾ ਸੁਣਾਉਣ ਦਾ ਵੀ ਪ੍ਰਸੰਗ ਹੈ।
ਜੇਕਰ ਅਸੀਂ ਜੋਤਿਸ਼ ਸ਼ਾਸਤਰ ਅਤੇ ਪੰਚਾਂਗ ਦੀ ਗਣਨਾ ਨੂੰ ਦੇਖੀਏ, ਤਾਂ ਇਹ ਕੋਈ ਜਾਦੂ ਨਹੀਂ ਬਲਕਿ ਇਕ ਵਿਗਿਆਨਕ ਗਣਨਾ ਹੈ। ਸੌਰ ਸਾਲ (ਸੂਰਜ 'ਤੇ ਅਧਾਰਿਤ) 365 ਦਿਨ ਅਤੇ 6 ਘੰਟੇ ਦਾ ਹੁੰਦਾ ਹੈ, ਜਦੋਂਕਿ ਚੰਦਰ ਸਾਲ (ਚੰਦ 'ਤੇ ਅਧਾਰਿਤ) 354 ਦਿਨਾਂ ਦਾ ਹੁੰਦਾ ਹੈ। ਹਰ ਸਾਲ ਇਨ੍ਹਾਂ ਦੋਵਾਂ ਦੇ ਵਿਚਕਾਰ 11 ਦਿਨਾਂ ਦਾ ਅੰਤਰ ਆ ਜਾਂਦਾ ਹੈ। ਤਿੰਨ ਸਾਲਾਂ 'ਚ ਇਹ ਅੰਤਰ ਲਗਪਗ 1 ਮਹੀਨਾ (33 ਦਿਨ) ਹੋ ਜਾਂਦਾ ਹੈ।
ਇਸੇ ਅੰਤਰ ਨੂੰ ਬਰਾਬਰ ਕਰਨ ਲਈ ਹਰ ਤੀਜੇ ਸਾਲ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ, ਜਿਸਨੂੰ 'ਪੁਰਸ਼ੋਤਮ ਮਾਸ' ਦਾ ਨਾਮ ਦਿੱਤਾ ਗਿਆ ਹੈ।
ਦ੍ਰਿਕ ਪੰਚਾਂਗ ਮੁਤਾਬਕ, ਸਾਲ 2026 ਵਿੱਚ ਜੇਠ (ਜਯੇਸ਼ਠ) ਦੇ ਮਹੀਨੇ ਵਿੱਚ ਅਧਿਕ ਮਾਸ ਲੱਗੇਗਾ। ਇਸਦੀ ਸ਼ੁਰੂਆਤ 17 ਮਈ ਨੂੰ ਜੇਠ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਤੋਂ ਹੋਵੇਗੀ ਅਤੇ ਸਮਾਪਤੀ 15 ਜੂਨ ਨੂੰ ਜੇਠ ਮੱਸਿਆ ਦੇ ਦਿਨ ਹੋਵੇਗੀ। ਇਹ ਪੂਰਾ ਮਹੀਨਾ ਭਗਵਾਨ ਵਿਸ਼ਨੂੰ ਦੀ ਵਿਸ਼ੇਸ਼ ਭਗਤੀ ਅਤੇ ਉਪਾਸਨਾ ਲਈ ਸਮਰਪਿਤ ਹੈ।
ਕੀ ਨਾ ਕਰੀਏ: ਕਿਉਂਕਿ ਇਹ ਸਮਾਂ ਆਤਮ-ਸ਼ੁੱਧੀ ਦਾ ਹੈ, ਇਸ ਲਈ ਵਿਆਹ-ਸ਼ਾਦੀ, ਨਵਾਂ ਘਰ ਖਰੀਦਣਾ ਜਾਂ ਜਨੇਊ ਸੰਸਕਾਰ ਵਰਗੇ ਭਾਰੀ ਆਯੋਜਨ ਟਾਲ ਦਿੱਤੇ ਜਾਂਦੇ ਹਨ।
ਕੀ ਕਰੀਏ: ਸ਼ਾਸਤਰਾਂ ਅਨੁਸਾਰ, ਇਸ ਮਹੀਨੇ ਵਿੱਚ ਦਾਨ-ਪੁੰਨ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ। ਦੀਪਦਾਨ (ਦੀਵੇ ਜਗਾਉਣਾ), ਸ਼੍ਰੀਮਦ ਭਾਗਵਤ ਕਥਾ ਦਾ ਪਾਠ ਅਤੇ 'ਓਮ ਨਮੋ ਭਗਵਤੇ ਵਾਸੂਦੇਵਾਏ' ਮੰਤਰ ਦਾ ਜਾਪ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।