ਬੌਧਿਕ ਭਾਵ-ਧਾਰਾ
ਕਠੋਰਤਾ ਅਨਿਆ ਕਰਦੀ ਹੈ। ਕਠੋਰਤਾ ਦੀ ਥਾਂ ’ਤੇ ਕੋਮਲਤਾ ਨੂੰ ਸਵੀਕਾਰ ਕਰਨ ਵਾਲੀ ਬਿਰਤੀ ਪ੍ਰਸੰਨ ਬਣੀ ਰਹਿੰਦੀ ਹੈ। ਕਠੋਰਤਾ ਕਾਤਲ ਬਣ ਕੇ ਜ਼ਿੰਦਗੀ ਨੂੰ ਜ਼ਖ਼ਮੀ ਕਰਦੀ ਰਹਿੰਦੀ ਹੈ। ਯੁੱਧ ਨੂੰ ਵਿਸ਼ਵ ਪੱਧਰ ਦੀ ਕਠੋਰਤਾ ਕਿਹਾ ਜਾ ਸਕਦਾ ਹੈ। ਇਸ ਦੇ ਉਲਟ ਕੋਮਲਤਾ ਹੰਕਾਰੀ ਨਹੀਂ ਹੁੰਦੀ।
Publish Date: Sun, 10 May 2026 11:28 PM (IST)
Updated Date: Mon, 11 May 2026 06:45 AM (IST)
ਬੁੱਧੀਮਤਾ ਵਾਲੀ ਸਮਾਜਿਕ ਭਾਵ-ਧਾਰਾ ਕਲਾਤਮਿਕ ਭਾਵ-ਧਾਰਾ ਸਦਕਾ ਕਰੁਣਾਮਈ ਕਰਮ ਨੂੰ ਅਪਣਾਉਂਦੀ ਰਹਿੰਦੀ ਹੈ। ਕਰੁਣਾਮਈ ਕਰਮਾਂ ਨੂੰ ਗ੍ਰਹਿਣ ਕਰਵਾਉਣ ਵਾਲਾ ਉਪਦੇਸ਼ ਬਾਣੀ ਬਣ ਜਾਂਦਾ ਹੈ। ਬਾਣੀ, ਬਚਨ, ਵਾਰਤਾਲਾਪ, ਉਪਦੇਸ਼, ਅਰਥ ਅਤੇ ਗਿਆਨ ਨੂੰ ਪ੍ਰਕਾਸ਼ ਕਿਹਾ ਜਾ ਸਕਦਾ ਹੈ।
ਪ੍ਰਕਾਸ਼ ਨੂੰ ਪ੍ਰਗਤੀ ਅਤੇ ਹਨੇਰੇ ਨੂੰ ਅਧੋਗਤੀ ਕਿਹਾ ਜਾ ਸਕਦਾ ਹੈ। ਇੰਝ ਉਹ ਚਿੰਤਨ ਜਿਹੜਾ ਸਮਾਜਿਕ ਪ੍ਰਕਰਣ ਨੂੰ ਪ੍ਰਕਾਸ਼ਮਈ ਗੁਣ ਪ੍ਰਦਾਨ ਕਰਨ ਲਈ ਯਤਨਸ਼ੀਲ ਬਣਿਆ ਰਹਿੰਦਾ ਹੈ, ਉਸ ਚਿੰਤਨ ਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਤੇ ਗਿਆਨ, ਪ੍ਰਕਾਸ਼ ਅਤੇ ਪ੍ਰਾਣ, ਯਤਨ ਅਤੇ ਪ੍ਰੇਰਣਾ, ਜੋਤ ਅਤੇ ਜਗਿਆਸਾ, ਸਮਾਜ ਅਤੇ ਸਾਧਨਾ ਲਈ ਜਿਹੜਾ ਸੰਕਲਪ ਉਪਯੋਗੀ ਅਤੇ ਲਾਭਦਾਇਕ ਹੁੰਦਾ ਹੈ, ਉਸ ਨੂੰ ਸਿਧਾਂਤਕ-ਦ੍ਰਿਸ਼ਟੀ ਦਾ ਦਰਜਾ ਹਾਸਲ ਹੋ ਜਾਂਦਾ ਹੈ।
ਅੱਜਕੱਲ੍ਹ ਸਿਧਾਂਤਕ-ਯੋਗਤਾ ਦੀ ਥਾਂ ’ਤੇ ਸੁਆਰਥੀ ਸਿਲਸਿਲੇ ਅੱਗੇ ਹੋ ਰਹੇ ਹਨ। ਇਸ ਪ੍ਰਕਾਰ ਦੀ ਕਰਤੂਤ ਕਾਰਨ ਮਨੁੱਖੀ ਰਿਸ਼ਤੇ ਕਠੋਰ ਤੇ ਮਾੜੇ ਕਰਮਾਂ ਵਾਲੇ ਬਣੇ ਹੋਏ ਹਨ। ਜੋ ਜ਼ਿੰਦਗੀ ਨੂੰ ਉਲਝਣ ’ਚ ਪਾਈ ਰੱਖਦੇ ਹਨ। ਇਸ ਤਰ੍ਹਾਂ ਦੀ ਕਠੋਰਤਾ ਘਾਤਕ ਹੁੰਦੀ ਹੈ। ਕਠੋਰਤਾ ਕੀ ਹੁੰਦੀ ਹੈ? ਕਠੋਰਤਾ ਹੰਕਾਰੀ ਹੁੰਦੀ ਹੈ। ਕਠੋਰਤਾ ਨਿਰਦਈ ਹੁੰਦੀ ਹੈ। ਕਠੋਰਤਾ ਮਾੜੇ ਕਰਮਾਂ ਵਾਲੀ ਹੁੰਦੀ ਹੈ। ਕਠੋਰਤਾ ਮੂਰਖ ਹੁੰਦੀ ਹੈ। ਕਠੋਰਤਾ ਕਰੂਪ ਹੁੰਦੀ ਹੈ।
ਕਠੋਰਤਾ ਅਨਿਆ ਕਰਦੀ ਹੈ। ਕਠੋਰਤਾ ਦੀ ਥਾਂ ’ਤੇ ਕੋਮਲਤਾ ਨੂੰ ਸਵੀਕਾਰ ਕਰਨ ਵਾਲੀ ਬਿਰਤੀ ਪ੍ਰਸੰਨ ਬਣੀ ਰਹਿੰਦੀ ਹੈ। ਕਠੋਰਤਾ ਕਾਤਲ ਬਣ ਕੇ ਜ਼ਿੰਦਗੀ ਨੂੰ ਜ਼ਖ਼ਮੀ ਕਰਦੀ ਰਹਿੰਦੀ ਹੈ। ਯੁੱਧ ਨੂੰ ਵਿਸ਼ਵ ਪੱਧਰ ਦੀ ਕਠੋਰਤਾ ਕਿਹਾ ਜਾ ਸਕਦਾ ਹੈ। ਇਸ ਦੇ ਉਲਟ ਕੋਮਲਤਾ ਹੰਕਾਰੀ ਨਹੀਂ ਹੁੰਦੀ। ਕੋਮਲਤਾ ਹਮਦਰਦ ਹੁੰਦੀ ਹੈ। ਕੋਮਲਤਾ ’ਚ ਚੰਗੇ ਕਰਮ ਸ਼ਾਮਲ ਹਨ। ਕੋਮਲਤਾ ਗਿਆਨਵਾਨ ਹੁੰਦੀ ਹੈ। ਕੋਮਲਤਾ ਸੁਹੱਪਣ ਦਾ ਦੂਜਾ ਨਾਂ ਹੈ।
ਕੋਮਲਤਾ ’ਚ ਬੇਇਨਸਾਫ਼ੀ ਨਹੀਂ ਹੁੰਦੀ। ਇਸ ਤੋਂ ਇਲਾਵਾ ਕੋਮਲਤਾ ਨੂੰ ਸ਼ਾਂਤੀ ਅਤੇ ਅਮਨ ਦਾ ਸੂਚਕ ਆਖਿਆ ਜਾ ਸਕਦਾ ਹੈ। ਕੋਮਲਤਾ ਨੂੰ ਮਹਿਕ ਆਖਿਆ ਜਾ ਸਕਦਾ ਹੈ। ਕੋਮਲਤਾ ਨੂੰ ਕਲਾ ਕਿਹਾ ਜਾ ਸਕਦਾ ਹੈ। ਕੋਮਲਤਾ ਨੂੰ ਆਨੰਦ ਆਖਿਆ ਜਾ ਸਕਦਾ ਹੈ। ਕੋਮਲਤਾ ਨੂੰ ਜ਼ਿੰਦਗੀ ਦੇ ਹੁਨਰ ਦਾ ਸੰਗੀਤ ਕਿਹਾ ਜਾ ਸਕਦਾ ਹੈ।
- ਓਮ ਪ੍ਰਕਾਸ਼ ਗਾਸੋ