ਸਵੈ-ਮੁਲਾਂਕਣ ਦੀ ਅਹਿਮੀਅਤ
ਸਮੇਂ ਦੇ ਨਾਲ ਜੀਵਨ ਦਾ ਇਕ ਹੋਰ ਗੇੜ ਵੀ ਆਉਂਦਾ ਹੈ-ਤਜਰਬਿਆਂ ਅਤੇ ਸੰਘਰਸ਼ਾਂ ਨਾਲ ਪਰਪੱਕ ਹੋਇਆ ਗੇੜ। ਇਹ ਅਵਸਥਾ ਉਦੋਂ ਆਉਂਦੀ ਹੈ ਜਦ ਅਸੀਂ ਅੰਦਰੋਂ ਪੂਰੀ ਤਰ੍ਹਾਂ ਦ੍ਰਿੜ ਅਤੇ ਮਜ਼ਬੂਤ ਹੋ ਚੁੱਕੇ ਹੁੰਦੇ ਹਾਂ। ਤਦ ਆਪਣੀ ਹੋਂਦ ਦੀ ਪੁਸ਼ਟੀ ਲਈ ਸਾਨੂੰ ਬਾਹਰਲੀ ਸ਼ਲਾਘਾ ਦੀ ਜ਼ਰੂਰਤ ਨਹੀਂ ਰਹਿ ਜਾਂਦੀ।
Publish Date: Thu, 12 Mar 2026 08:23 AM (IST)
Updated Date: Thu, 12 Mar 2026 08:24 AM (IST)
ਜੀਵਨ ਵਿਚ ਇਕ ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਤਾਰੀਫ਼ਾਂ ਮਨ ਨੂੰ ਅਤਿਅੰਤ ਚੰਗੀਆਂ ਲੱਗਦੀਆਂ ਹਨ। ਉਸ ਸਮੇਂ ਦੂਜਿਆਂ ਦੇ ਖਿੱਚੇ ਹੋਏ ਸ਼ਬਦ-ਚਿੱਤਰ ਹੀ ਸਾਡੇ ਲਈ ਸ਼ੀਸ਼ਾ ਬਣ ਜਾਂਦੇ ਹਨ। ਅਸੀਂ ਖ਼ੁਦ ਨੂੰ ਆਮ ਤੌਰ ’ਤੇ ਉਨ੍ਹਾਂ ਦੀ ਨਜ਼ਰ ਤੋਂ ਹੀ ਦੇਖਣ ਅਤੇ ਪਰਖਣ ਲੱਗਦੇ ਹਾਂ। ਕੋਈ ਸਾਡੇ ਗੁਣਾਂ ਦੀ ਸਰਾਹਨਾ ਕਰ ਦੇਵੇ ਤਾਂ ਦਿਲ ਖ਼ੁਸ਼ ਹੋ ਜਾਂਦਾ ਹੈ ਅਤੇ ਜੇ ਅਣਦੇਖੀ ਮਿਲ ਜਾਵੇ ਤਾਂ ਅੰਦਰੋਂ ਕਿਤਿਓਂ ਇਕ ਹਲਕੀ ਜਿਹੀ ਕਮੀ-ਪੇਸ਼ੀ ਦਾ ਅਹਿਸਾਸ ਹੋਣ ਲੱਗਦਾ ਹੈ। ਸਮੇਂ ਦੇ ਨਾਲ ਜੀਵਨ ਦਾ ਇਕ ਹੋਰ ਗੇੜ ਵੀ ਆਉਂਦਾ ਹੈ-ਤਜਰਬਿਆਂ ਅਤੇ ਸੰਘਰਸ਼ਾਂ ਨਾਲ ਪਰਪੱਕ ਹੋਇਆ ਗੇੜ। ਇਹ ਅਵਸਥਾ ਉਦੋਂ ਆਉਂਦੀ ਹੈ ਜਦ ਅਸੀਂ ਅੰਦਰੋਂ ਪੂਰੀ ਤਰ੍ਹਾਂ ਦ੍ਰਿੜ ਅਤੇ ਮਜ਼ਬੂਤ ਹੋ ਚੁੱਕੇ ਹੁੰਦੇ ਹਾਂ। ਤਦ ਆਪਣੀ ਹੋਂਦ ਦੀ ਪੁਸ਼ਟੀ ਲਈ ਸਾਨੂੰ ਬਾਹਰਲੀ ਸ਼ਲਾਘਾ ਦੀ ਜ਼ਰੂਰਤ ਨਹੀਂ ਰਹਿ ਜਾਂਦੀ।
ਪ੍ਰਸ਼ੰਸਾ ਸੁਣਨਾ ਹਾਲੇ ਵੀ ਸੁਖਦ ਲੱਗ ਸਕਦਾ ਹੈ ਪਰ ਉਹ ਸਾਡੇ ਲਈ ਲਾਜ਼ਮੀ ਨਹੀਂ ਰਹਿ ਜਾਂਦੀ ਕਿਉਂਕਿ ਹੁਣ ਅਸੀਂ ਖ਼ੁਦ ਨੂੰ ਜਾਣਦੇ ਹਾਂ ਕਿ ਸਾਡੀ ਸ਼ਖ਼ਸੀਅਤ ਦਾ ਕਿਹੜਾ ਪੱਖ ਪ੍ਰਸ਼ੰਸਾਯੋਗ ਹੈ ਅਤੇ ਕਿੱਥੇ ਹਾਲੇ ਵੀ ਸੁਧਾਰ ਦੀ ਸੰਭਾਵਨਾ ਬਾਕੀ ਹੈ। ਸਾਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਹਰ ਸ੍ਰੇਸ਼ਠ ਕੰਮ ਨੂੰ ਤਾੜੀਆਂ ਦੀ ਜ਼ਰੂਰਤ ਨਹੀਂ ਹੁੰਦੀ। ਅਨੇਕ ਕਰਮ ਅਜਿਹੇ ਹੁੰਦੇ ਹਨ ਜੋ ਸਿਰਫ਼ ਆਪਣੀ ਸੰਤੁਸ਼ਟੀ ਅਤੇ ਅੰਦਰਲੀ ਸ਼ਾਂਤੀ ਲਈ ਕੀਤੇ ਜਾਂਦੇ ਹਨ। ਹੁਣ ਜੇ ਕੋਈ ਸਾਡੀ ਸ਼ਲਾਘਾ ਕਰ ਦੇਵੇ ਤਾਂ ਅਸੀਂ ਉਸ ਨੂੰ ਨਿਮਰ ਮੁਸਕਾਨ ਨਾਲ ਸਵੀਕਾਰ ਕਰ ਲੈਂਦੇ ਹਾਂ ਅਤੇ ਪ੍ਰਸ਼ੰਸਾ ਨਾ ਮਿਲਣ ’ਤੇ ਸਾਡੇ ਅੰਦਰ ਕੋਈ ਥੋੜ੍ਹ ਜਨਮ ਨਹੀਂ ਲੈਂਦੀ।
ਅਸੀਂ ਆਪਣੇ-ਆਪ ਪ੍ਰਤੀ ਨਿਰਪੱਖ ਹੋ ਚੁੱਕੇ ਹੁੰਦੇ ਹਾਂ। ਗੁਣ-ਔਗੁਣ ਵਾਲੀ ਤੱਕੜੀ ਕਿਸੇ ਵੀ ਪਾਸੇ ਨਹੀਂ ਝੁਕਦੀ। ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਅੰਦਰ ਕੀ ਸੁੰਦਰ ਹੈ ਅਤੇ ਕੀ ਹਾਲੇ ਵੀ ਹਾਸਲ ਕਰਨਾ ਬਾਕੀ ਹੈ। ਆਮ ਤੌਰ ’ਤੇ ਇਹੀ ਪਰਪੱਕਤਾ ਹੈ ਜਦ ਮਨੁੱਖ ਦੂਜਿਆਂ ਦੀ ਨਜ਼ਰ ਨਾਲ ਨਹੀਂ ਸਗੋਂ ਆਪਣੀ ਅੰਤਰ-ਦ੍ਰਿਸ਼ਟੀ ਦੇ ਆਧਾਰ ’ਤੇ ਖ਼ੁਦ ਨੂੰ ਪਛਾਣਨ ਲੱਗਦਾ ਹੈ। ਬਸ, ਇਸ ਅੰਤਰ-ਦ੍ਰਿਸ਼ਟੀ ਨੂੰ ਹਾਸਲ ਕਰਨ ਲਈ ਇਕ ਉਮਰ ਖ਼ਰਚ ਕਰਨੀ ਹੁੰਦੀ ਹੈ ਕਿਉਂਕਿ ਕੋਈ ਵੀ ਚੰਗੀ ਵਸਤੂ ਬਿਨਾਂ ਕੀਮਤ ਅਦਾ ਕੀਤੇ ਹਾਸਲ ਨਹੀਂ ਹੁੰਦੀ। ਜਿਸ ਨੇ ਇਹ ਅੰਤਰ-ਦ੍ਰਿਸ਼ਟੀ ਜਿੰਨੀ ਜਲਦੀ ਹਾਸਲ ਕਰ ਲਈ, ਉਹ ਓਨੇ ਜ਼ਿਆਦਾ ਫ਼ਾਇਦੇ ਵਿਚ ਰਿਹਾ।
-ਟਵਿੰਕਲ ਤੋਮਰ ਸਿੰਘ।