ਜ਼ਿੰਦਗੀ ਤਜਰਬਿਆਂ, ਮੌਕਿਆਂ, ਹਾਲਾਤ ਅਤੇ ਸੰਘਰਸ਼ਾਂ ਦੀ ਨਿਰੰਤਰ ਯਾਤਰਾ ਹੈ। ਇਸ ਸਫ਼ਰ ਵਿਚ ਜਾਗਰੂਕਤਾ ਇਕ ਅਜਿਹੀ ਤਾਕਤ ਹੈ ਜੋ ਸਾਨੂੰ ਬਾਹਰਲੇ ਜਗਤ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ। ਜਾਗਰੂਕਤਾ ਦੀ ਤਾਕਤ ਹੀ ਸਾਨੂੰ ਆਪਣੇ ਅੰਤਰ-ਮਨ ਨਾਲ ਵੀ ਜੋੜਦੀ ਹੈ। ਜਾਗਰੂਕਤਾ ਦਾ ਅਰਥ ਹੈ-ਕਿਸੇ ਵੀ ਵਿਸ਼ੇ ਪ੍ਰਤੀ ਚੌਕਸੀ ਦਾ ਸਬੂਤ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਗਿਆਨ ਹਾਸਲ ਕਰਨ ਦਾ ਯਤਨ ਕਰਨਾ।
ਜ਼ਿੰਦਗੀ ਤਜਰਬਿਆਂ, ਮੌਕਿਆਂ, ਹਾਲਾਤ ਅਤੇ ਸੰਘਰਸ਼ਾਂ ਦੀ ਨਿਰੰਤਰ ਯਾਤਰਾ ਹੈ। ਇਸ ਸਫ਼ਰ ਵਿਚ ਜਾਗਰੂਕਤਾ ਇਕ ਅਜਿਹੀ ਤਾਕਤ ਹੈ ਜੋ ਸਾਨੂੰ ਬਾਹਰਲੇ ਜਗਤ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ। ਜਾਗਰੂਕਤਾ ਦੀ ਤਾਕਤ ਹੀ ਸਾਨੂੰ ਆਪਣੇ ਅੰਤਰ-ਮਨ ਨਾਲ ਵੀ ਜੋੜਦੀ ਹੈ। ਜਾਗਰੂਕਤਾ ਦਾ ਅਰਥ ਹੈ-ਕਿਸੇ ਵੀ ਵਿਸ਼ੇ ਪ੍ਰਤੀ ਚੌਕਸੀ ਦਾ ਸਬੂਤ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਗਿਆਨ ਹਾਸਲ ਕਰਨ ਦਾ ਯਤਨ ਕਰਨਾ। ਅਸਲ ਵਿਚ ਜਾਗਰੂਕਤਾ ਇਕ ਵਿਸਥਾਰਤ ਅਤੇ ਡੂੰਘੀ ਧਾਰਨਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਜੀਵਨ ਦੇ ਹਰ ਪੱਧਰ ’ਤੇ ਸਾਨੂੰ ਜਾਗਰੂਕਤਾ ਦੀ ਜ਼ਰੂਰਤ ਪੈਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਕੁਦਰਤ ਨੇ ਸਿਰਫ਼ ਮਨੁੱਖ ਨੂੰ ਹੀ ਸੋਚ-ਵਿਚਾਰ, ਤਰਕ-ਕੁਤਰਕ ਅਤੇ ਆਤਮ-ਮੰਥਨ ਦੀ ਸ਼ਕਤੀ ਨਾਲ ਸੰਪੰਨ ਬਣਾਇਆ ਹੈ। ਜਾਗਰੂਕਤਾ ਦਾ ਸਬੰਧ ਸਿਰਫ਼ ਸਾਡੀਆਂ ਬਾਹਰਲੀਆਂ ਇੰਦਰੀਆਂ ਨਾਲ ਹੀ ਨਹੀਂ ਹੈ ਸਗੋਂ ਸਾਡੀਆਂ ਭਾਵਨਾਵਾਂ, ਵਿਚਾਰਾਂ ਅਤੇ ਕਲਪਨਾ ਸ਼ਕਤੀ ਦਾ ਵੀ ਜਾਗਰੂਕਤਾ ਨਾਲ ਇਕ ਡੂੰਘਾ ਸਬੰਧ ਹੈ। ਜੀਵਨ ਦੀ ਸਾਰਥਕਤਾ ਉਦੋਂ ਹੀ ਸਿੱਧ ਹੋ ਸਕਦੀ ਹੈ ਜਦ ਅਸੀਂ ਇਸ ਨੂੰ ਜਾਗਰੂਕਤਾ ਨਾਲ ਜਿਉਣ ਦਾ ਯਤਨ ਕਰੀਏ। ਜਾਗਰੂਕਤਾ ਨੂੰ ਆਪਣੀ ਜੀਵਨਸ਼ੈਲੀ ਵਿਚ ਸ਼ਾਮਲ ਕਰ ਕੇ ਅਸੀਂ ਜੀਵਨ ਦੀਆਂ ਅਨੰਤ ਗਹਿਰਾਈਆਂ ਵਿਚ ਉਤਰ ਕੇ ਇਸ ਦੇ ਅਸਲੀ ਅਰਥ ਸਮਝਣ ਵਿਚ ਕਾਮਯਾਬੀ ਹਾਸਲ ਕਰ ਸਕਦੇ ਹਾਂ।
ਸਹੀ ਅਰਥਾਂ ਵਿਚ ਜੀਵਨ ਅਤੇ ਜਾਗਰੂਕਤਾ ਇਕ-ਦੂਜੇ ਦੇ ਪੂਰਕ ਹਨ। ਕਿਸੇ ਵੀ ਵਿਸ਼ੇ ਪ੍ਰਤੀ ਜਾਗਰੂਕਤਾ ਉਸ ਵਿਸ਼ੇ ਵਿਚ ਸਾਡੀ ਸਮਝ ਨੂੰ ਵਿਕਸਤ ਅਤੇ ਉੱਨਤ ਬਣਾਉਣ ਵਿਚ ਸਹਾਇਤਾ ਕਰਦੀ ਹੈ। ਮਿਸਾਲ ਵਜੋਂ ਜੇ ਅਸੀਂ ਖ਼ੁਦ ਪ੍ਰਤੀ ਜਾਗਰੂਕ ਹੋਈਏ ਤਾਂ ਅਸੀਂ ਨਿਸ਼ਚਤ ਤੌਰ ’ਤੇ ਆਤਮਿਕ ਉੱਨਤੀ ਵੱਲ ਵਧਣ ਲੱਗਾਂਗੇ। ਜੇ ਅਸੀਂ ਸਮਾਜ ਅਤੇ ਰਾਸ਼ਟਰ ਪ੍ਰਤੀ ਜਾਗਰੂਕ ਹਾਂ ਤਾਂ ਯਕੀਨਨ ਅਸੀਂ ਉਸ ਦੀ ਤਰੱਕੀ ਵਿਚ ਆਪਣਾ ਅਨਮੋਲ ਯੋਗਦਾਨ ਪਾ ਸਕਾਂਗੇ। ਜੇ ਅਸੀਂ ਅਧਿਆਤਮ ਪ੍ਰਤੀ ਜਾਗਰੂਕ ਹਾਂ ਤਾਂ ਇਹ ਜਾਗਰੂਕਤਾ ਈਸ਼ਵਰ ਨਾਲ ਜੁੜਨ ਵਿਚ ਸਾਡੀ ਮਦਦ ਕਰੇਗੀ। ਜਿੱਥੇ ਇਕ ਪਾਸੇ ਜਾਗਰੂਕਤਾ ਦੀ ਘਾਟ ਜੀਵਨ ਵਿਚ ਅਨੇਕ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਓਥੇ ਹੀ ਜਾਗਰੂਕਤਾ ਨਾਲ ਭਰਪੂਰ ਜੀਵਨ ਸਾਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਨ ਵੱਲ ਅੱਗੇ ਵਧਾਉਂਦਾ ਹੈ। ਜੋ ਮਨੁੱਖ ਜਾਗਰੂਕਤਾ ਵਾਲਾ ਜੀਵਨ ਨਹੀਂ ਗੁਜ਼ਾਰਦੇ, ਉਨ੍ਹਾਂ ਨੂੰ ਜ਼ਿੰਦਗੀ ਦੇ ਪੰਧ ’ਤੇ ਕਈ ਤਰ੍ਹਾਂ ਦੇ ਨੁਕਸਾਨ ਸਹਿਣੇ ਪੈਂਦੇ ਹਨ।
-ਪ੍ਰੇਰਨਾ ਅਵਸਥੀ।