ਆਦਰਸ਼ ਸਮਾਜ
ਆਮ ਤੌਰ 'ਤੇ ਅਸੀਂ ਲੋਕ ਸਮਾਜ ਦਾ ਅਰਥ ਨਾਰੀ ਅਤੇ ਪੁਰਸ਼ ਦਾ ਸਮੂਹ ਸਮਝਦੇ ਹਾਂ ਪਰ ਇਸ ਦਾ ਅਸਲ ਅਰਥ ਇਹ ਨਹੀਂ ਹੈ। ਇਸ ਦਾ ਸਹੀ ਅਰਥ ਹੈ, ਇਕੱਠੇ ਮਿਲ ਕੇ ਚੱਲਣਾ।
Publish Date: Thu, 03 Sep 2020 11:04 PM (IST)
Updated Date: Fri, 04 Sep 2020 08:55 AM (IST)

ਆਮ ਤੌਰ 'ਤੇ ਅਸੀਂ ਲੋਕ ਸਮਾਜ ਦਾ ਅਰਥ ਨਾਰੀ ਅਤੇ ਪੁਰਸ਼ ਦਾ ਸਮੂਹ ਸਮਝਦੇ ਹਾਂ ਪਰ ਇਸ ਦਾ ਅਸਲ ਅਰਥ ਇਹ ਨਹੀਂ ਹੈ। ਇਸ ਦਾ ਸਹੀ ਅਰਥ ਹੈ, ਇਕੱਠੇ ਮਿਲ ਕੇ ਚੱਲਣਾ। ਜਦ ਵੱਖ-ਵੱਖ ਲੋਕ ਸਮੂਹਿਕ ਆਦਰਸ਼ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਪ੍ਰਾਪਤੀ ਲਈ ਇਕੱਠੇ ਅੱਗੇ ਵੱਧਦੇ ਹਾਂ ਤਾਂ ਉਹੀ ਆਦਰਸ਼ ਸਮਾਜ ਕਹਾਉਂਦਾ ਹੈ। ਇਸੇ ਤਰ੍ਹਾਂ ਸਮਾਜਿਕ ਤਰੱਕੀ ਦਾ ਅਰਥ ਇਕੱਠੇ ਚੱਲਦੇ ਹੋਏ ਆਪਸੀ ਏਕਤਾ ਨੂੰ ਮਜ਼ਬੂਤ ਬਣਾਉਣਾ ਹੈ। ਸਵਾਲ ਹੈ ਕਿ ਲੋਕਾਂ ਵਿਚ ਸਮਾਜਿਕ ਜਾਗਰੂਕਤਾ ਕਿੱਦਾਂ ਪੈਦਾ ਕੀਤੀ ਜਾ ਸਕਦੀ ਹੈ? ਦਰਅਸਲ, ਸਮਾਜਿਕ ਚੇਤਨਾ ਜਦ ਇਕ ਵਿਸ਼ੇਸ਼ ਆਦਰਸ਼ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਵਿਚ ਉਸ ਆਦਰਸ਼ ਕਾਰਨ ਇਕ ਨਵਾਂ ਜਾਗਰਣ ਪੈਦਾ ਹੁੰਦਾ ਹੈ, ਉਦੋਂ ਹੀ ਸਮਾਜਿਕ ਜਾਗਰੂਕਤਾ ਸੰਭਵ ਹੁੰਦੀ ਹੈ। ਇਸ ਦੇ ਲਈ ਇਕ ਮਹਾਨ ਅਤੇ ਆਦਰਸ਼ ਸ਼ਖ਼ਸੀਅਤ ਦੀ ਜ਼ਰੂਰਤ ਹੁੰਦੀ ਹੈ। ਜਦ ਤਕ ਇਸ ਦੀ ਕਮੀ ਰਹੇਗੀ ਉਦੋਂ ਤਕ ਇਕ ਸੱਭਿਅਕ ਅਤੇ ਮਜ਼ਬੂਤ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ। ਇਸ ਦੀ ਘਾਟ ਵਿਚ ਅਸੀਂ ਸਮਾਜਿਕ ਤਬਦੀਲੀ ਦੀ ਵੀ ਗੱਲ ਨਹੀਂ ਸੋਚ ਸਕਦੇ ਹਾਂ। ਇਕ ਸਮਾਜ ਨੂੰ ਸਹੀ ਰਾਹ 'ਤੇ ਅੱਗੇ ਵਧਾਉਣ ਲਈ ਇਹ ਜ਼ਰੂਰੀ ਸ਼ਰਤ ਹੁੰਦੀ ਹੈ। ਜ਼ਾਹਿਰ ਹੈ ਕਿ ਸਮਾਜਿਕ ਚੇਤਨਾ ਦਾ ਬੀਜ ਇਕੱਠੇ ਚੱਲਣ ਅਤੇ ਇਕੱਠੇ ਚਿੰਤਨ ਕਰਨ ਦੇ ਮੂਲ ਮੰਤਰ ਵਿਚ ਹੈ। ਜਿਸ ਸਮਾਜ ਵਿਚ ਅਜਿਹੇ ਮੰਤਰ ਨਹੀਂ ਹਨ, ਉੱਥੇ ਕੋਈ ਆਦਰਸ਼ ਨਹੀਂ ਹਨ ਅਤੇ ਜਿੱਥੇ ਕੋਈ ਆਦਰਸ਼ ਨਹੀਂ ਹਨ, ਉੱਥੇ ਜੀਵਨ ਟੀਚਾ ਰਹਿਤ ਹੈ। ਕੀ ਟੀਚਾ ਰਹਿਤ ਜੀਵਨ ਜਿਊਣ ਦਾ ਕੋਈ ਫ਼ਾਇਦਾ ਹੈ? ਜਵਾਬ ਨਾਂਹ ਵਿਚ ਹੈ। ਦੂਜੇ ਬੰਨੇ ਇਕ ਸਮੂਹ ਦੇ ਵਿਅਕਤੀ ਦੇ ਨਾਲ ਦੂਜੇ ਸਮੂਹ ਦੇ ਵਿਅਕਤੀ ਦੀ ਪ੍ਰਗਟਾਵੇ ਦੇ ਤਰੀਕਿਆਂ ਵਿਚ ਵੀ ਭਿੰਨਤਾ ਹੋ ਸਕਦੀ ਹੈ। ਮਸਲਨ ਇਕ ਸਮੂਹ ਦੇ ਵਿਅਕਤੀ ਆਪਣੇ ਹੱਥਾਂ ਨਾਲ ਖਾਂਦੇ ਹਨ ਜਦਕਿ ਦੂਜੇ ਸਮੂਹ ਦੇ ਵਿਅਕਤੀ ਚਮਚੇ ਨਾਲ ਖਾਂਦੇ ਹਨ। ਅਵਿਕਸਤ ਸਮੂਹ ਦੇ ਲੋਕਾਂ ਕੋਲ ਪ੍ਰਗਟਾਵੇ ਦੇ ਤਰੀਕੇ ਘੱਟ ਹੁੰਦੇ ਹਨ। ਬੌਧਿਕ ਵਿਕਾਸ ਦੇ ਨਾਲ ਮਨੁੱਖ ਦੇ ਪ੍ਰਗਟਾਵੇ ਦੇ ਤਰੀਕਿਆਂ ਵਿਚ ਵਾਧਾ ਹੁੰਦਾ ਜਾਂਦਾ ਹੈ। ਵੱਖ-ਵੱਖ ਪ੍ਰਗਟਾਵਿਆਂ ਨੂੰ ਪ੍ਰਗਟਾਉਣ ਵਿਚ ਜੋ ਸਮਾਜ ਸੰਜਮ ਅਤੇ ਵਿਵੇਕ ਦਾ ਸਬੂਤ ਦਿੰਦਾ ਹੈ, ਉਹੀ ਸੱਭਿਅਕ ਮੰਨਿਆ ਜਾਂਦਾ ਹੈ। ਜੇਕਰ ਸੱਭਿਆਚਾਰਕ ਵਿਕਾਸ ਨਾਲ ਅਧਿਆਤਮ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਉਹ ਸਮਾਜ ਹੋਰ ਮਜ਼ਬੂਤ ਹੋ ਜਾਂਦਾ ਹੈ।