ਨਿਮਰਤਾ ਦਾ ਗੁਣ ਵਿਅਕਤੀ ਦੇ ਕੰਮਾਂ ਨੂੰ ਹੋਰ ਵੀ ਸ੍ਰੇਸ਼ਠ ਬਣਾ ਦਿੰਦਾ ਹੈ। ਜੇਕਰ ਨਿਮਰ ਵਿਅਕਤੀ ਕੋਈ ਵੱਡੀ ਪ੍ਰਾਪਤੀ ਹਾਸਲ ਕਰਦਾ ਹੈ ਤਾਂ ਸਾਰੇ ਉਸ ਦੀ ਪ੍ਰਸ਼ੰਸਾ ਕਰਨ ਵਿਚ ਕਮੀ ਨਹੀਂ ਛੱਡਦੇ। ਜੇਕਰ ਉਹ ਵਿਅਕਤੀ ਇਸ ਦੇ ਉਲਟ ਸੁਭਾਅ ਰੱਖਦਾ ਹੈ ਤਾਂ ਕੋਈ ਉਸ ਦੀ ਪਰਵਾਹ ਨਹੀਂ ਕਰਦਾ।
ਕਿਸੇ ਵੀ ਵਿਅਕਤੀ ਦੀ ਪਛਾਣ ਉਸ ਦੀ ਸ਼ਖ਼ਸੀਅਤ ਤੋਂ ਹੁੰਦੀ ਹੈ ਅਤੇ ਆਕਰਸ਼ਕ ਸ਼ਖ਼ਸੀਅਤ ਦੇ ਨਿਰਮਾਣ ਵਿਚ ਨਿਮਰਤਾ ਵਰਗੇ ਗੁਣਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਨਿਮਰਤਾ ਦਾ ਭਾਵ ਹੀ ਸ਼ਖ਼ਸੀਅਤ ਦੀ ਆਭਾ ਨੂੰ ਵਧਾਉਂਦਾ ਹੈ ਅਤੇ ਉਸ ਨੂੰ ਲੋਕਪ੍ਰਿਆ ਬਣਾਉਂਦਾ ਹੈ। ਜੀਵਨ ਦੇ ਸੰਘਰਸ਼ ਵਿਚ ਨਿਮਰ ਵਿਅਕਤੀ ਹਰ ਮੁਸ਼ਕਲ ਨੂੰ ਆਸਾਨੀ ਨਾਲ ਪਾਰ ਕਰ ਲੈਂਦਾ ਹੈ। ਉਹ ਉਸ ਹਰੀ ਲੱਕੜੀ ਦੀ ਤਰ੍ਹਾਂ ਹੁੰਦਾ ਹੈ ਜੋ ਹਵਾ ਦੇ ਜ਼ੋਰ ਤੋਂ ਆਪਣੇ-ਆਪ ਨੂੰ ਬਚਾਉਣ ਵਿਚ ਸਮਰੱਥ ਰਹਿੰਦੀ ਹੈ। ਜਦਕਿ ਕੜਕ ਮਿਜ਼ਾਜ ਵਾਲਾ ਵਿਅਕਤੀ ਸੁੱਕੀ ਹੋਈ ਟਹਿਣੀ ਦੀ ਤਰ੍ਹਾਂ ਟੁੱਟ ਕੇ ਬਿਖਰ ਜਾਂਦਾ ਹੈ।
ਹਲੀਮੀ ਸਫਲਤਾ ਨੂੰ ਸਥਾਈ ਬਣਾਈ ਰੱਖਦੀ ਹੈ। ਸਫਲ ਵਿਅਕਤੀ ਨਿਮਰਤਾ ਦੇ ਰੱਥ ’ਤੇ ਸਵਾਰੀ ਕਰ ਕੇ ਲੰਬੀ ਦੂਰੀ ਤੈਅ ਕਰ ਲੈਂਦਾ ਹੈ। ਜਦਕਿ ਸਫਲਤਾ ਤੋਂ ਬਾਅਦ ਹੰਕਾਰ ਦੇ ਰੱਥ ’ਤੇ ਸਵਾਰ ਹੋਇਆ ਵਿਅਕਤੀ ਕੁਝ ਦੂਰੀ ਤਹਿ ਕਰਨ ਤੋਂ ਬਾਅਦ ਹੀ ਹਫ਼ਣ ਲੱਗਦਾ ਹੈ। ਉਸ ਦੀ ਸਫਲਤਾ ਸਥਾਈ ਨਹੀਂ ਰਹਿੰਦੀ। ਨਿਮਰ ਵਿਅਕਤੀ ਨਾਲ ਸਾਰੇ ਆਸਾਨੀ ਨਾਲ ਸਾਥ ਬਣਾਉਂਦੇ ਹਨ। ਅਜਿਹੇ ਵਿਅਕਤੀ ਕਦੇ ਵੀ ਆਪਣੇ-ਆਪ ਨੂੰ ਇਕੱਲੇ ਮਹਿਸੂਸ ਨਹੀਂ ਕਰਦੇ। ਉਨ੍ਹਾਂ ਦੇ ਆਸ-ਪਾਸ ਮਿੱਤਰਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ।
ਨਿਮਰਤਾ ਦਾ ਗੁਣ ਵਿਅਕਤੀ ਦੇ ਕੰਮਾਂ ਨੂੰ ਹੋਰ ਵੀ ਸ੍ਰੇਸ਼ਠ ਬਣਾ ਦਿੰਦਾ ਹੈ। ਜੇਕਰ ਨਿਮਰ ਵਿਅਕਤੀ ਕੋਈ ਵੱਡੀ ਪ੍ਰਾਪਤੀ ਹਾਸਲ ਕਰਦਾ ਹੈ ਤਾਂ ਸਾਰੇ ਉਸ ਦੀ ਪ੍ਰਸ਼ੰਸਾ ਕਰਨ ਵਿਚ ਕਮੀ ਨਹੀਂ ਛੱਡਦੇ। ਜੇਕਰ ਉਹ ਵਿਅਕਤੀ ਇਸ ਦੇ ਉਲਟ ਸੁਭਾਅ ਰੱਖਦਾ ਹੈ ਤਾਂ ਕੋਈ ਉਸ ਦੀ ਪਰਵਾਹ ਨਹੀਂ ਕਰਦਾ। ਉਸ ਦੀ ਅਸਫਲਤਾ ’ਤੇ ਮਜ਼ਾਕ ਉੱਡਣ ਲੱਗਦਾ ਹੈ, ਜਦਕਿ ਨਿਮਰਤਾ ਭਰਪੂਰ ਵਿਅਕਤੀ ਨੂੰ ਅਸਫਲਤਾ ਦੀ ਸਥਿਤੀ ਵਿਚ ਵੀ ਹੌਸਲਾ ਦੇਣ ਵਾਲਿਆਂ ਦੀ ਕਮੀ ਨਹੀਂ ਹੁੰਦੀ।
ਜਦੋਂ ਅਸੀਂ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤਾਂ ਉਨ੍ਹਾਂ ’ਚ ਇਕ ਪਹਿਲੂ ਇਹ ਪਤਾ ਲੱਗਦਾ ਹੈ ਕਿ ਸਾਰਿਆਂ ਦੀਆਂ ਸ਼ਖ਼ਸੀਅਤਾਂ ਇਕ ਸਮਾਨ ਹੁੰਦੀਆਂ ਹਨ ਅਤੇ ਉਨ੍ਹਾਂ ’ਚ ਇਕ ਗੁਣ ਵੀ ਸਾਂਝਾ ਹੁੰਦਾ ਹੈ ਤੇ ਉਹ ਹੈ ਉਨ੍ਹਾਂ ਦਾ ਨਿਮਰ ਸੁਭਾਅ। ਭਗਵਾਨ ਰਾਮ ਦੀ ਨਿਮਰਤਾ ਦੇ ਅਨੇਕ ਪ੍ਰਸੰਗ ਪੜ੍ਹਨ ਨੂੰ ਮਿਲਦੇ ਹਨ।
ਸ਼ਬਰੀ ਦੇ ਜੂਠੇ ਬੇਰਾਂ ਨੂੰ ਗ੍ਰਹਿਣ ਕਰਨਾ ਉਨ੍ਹਾਂ ਦੀ ਨਿਮਰਤਾ ਦਾ ਪ੍ਰਤੀਕ ਸੀ। ਨਿਮਰਤਾ ਵਾਲਾ ਗੁਣ ਵਿਅਕਤੀ ਦੇ ਅਨੇਕ ਔਗੁਣਾਂ ਨੂੰ ਢੱਕ ਦਿੰਦਾ ਹੈ। ਨਿਮਰਤਾ ਦੀ ਪੁਸਤਕ ਪੜ੍ਹ ਕੇ ਜੀਵਨ ਦੀਆਂ ਕਠਿਨ ਪ੍ਰੀਖਿਆਵਾਂ ਨੂੰ ਵੀ ਪਾਸ ਕੀਤਾ ਜਾ ਸਕਦਾ ਹੈ।
-ਲਲਿਤ ਸ਼ੌਰਿਆ।