ਵਿਅਕਤੀ ਦਾ ਵਿਵਹਾਰ ਉਸ ਦੀ ਮੁੱਢਲੀ ਪਛਾਣ ਹੁੰਦਾ ਹੈ। ਉਸ ਦੇ ਵਿਵਹਾਰ ਨਾਲ ਉਸ ਦੀ ਸ਼ਖ਼ਸੀਅਤ ਦਾ ਨਿਰਧਾਰਨ ਕੀਤਾ ਜਾ ਸਕਦਾ ਹੈ। ਸਾਡਾ ਵਤੀਰਾ ਹੀ ਸਾਡੇ ਪ੍ਰਤੀ ਦੂਜਿਆਂ ਦੇ ਨਜ਼ਰੀਏ ਨੂੰ ਨਿਰਧਾਰਤ ਕਰਦਾ ਹੈ। ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਵਿਹਾਰਕ ਪਾਕੀਜ਼ਗੀ ਬਹੁਤ ਮਹੱਤਵਪੂਰਨ ਤੱਤ ਹੈ।

ਵਿਅਕਤੀ ਦਾ ਵਿਵਹਾਰ ਉਸ ਦੀ ਮੁੱਢਲੀ ਪਛਾਣ ਹੁੰਦਾ ਹੈ। ਉਸ ਦੇ ਵਿਵਹਾਰ ਨਾਲ ਉਸ ਦੀ ਸ਼ਖ਼ਸੀਅਤ ਦਾ ਨਿਰਧਾਰਨ ਕੀਤਾ ਜਾ ਸਕਦਾ ਹੈ। ਸਾਡਾ ਵਤੀਰਾ ਹੀ ਸਾਡੇ ਪ੍ਰਤੀ ਦੂਜਿਆਂ ਦੇ ਨਜ਼ਰੀਏ ਨੂੰ ਨਿਰਧਾਰਤ ਕਰਦਾ ਹੈ। ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਵਿਹਾਰਕ ਪਾਕੀਜ਼ਗੀ ਬਹੁਤ ਮਹੱਤਵਪੂਰਨ ਤੱਤ ਹੈ। ਵਿਵਹਾਰ ਦਾ ਤਾਣਾ-ਬਾਣਾ ਬੋਲ-ਬਾਣੀ ’ਤੇ ਆਧਾਰਤ ਹੁੰਦਾ ਹੈ। ਚੰਗਾ, ਸਹਿਜ ਅਤੇ ਮਿੱਠਾ ਬੋਲਣ ਵਾਲੇ ਵੱਲ ਹਰ ਕੋਈ ਆਕਰਸ਼ਿਤ ਹੁੰਦਾ ਹੈ।
ਇਹੀ ਆਕਰਸ਼ਣ ਵਿਅਕਤੀ ਦੀ ਲੋਕਪ੍ਰਿਅਤਾ ਦਾ ਕਾਰਨ ਬਣ ਜਾਂਦਾ ਹੈ। ਇਸ ਸਦਕਾ ਸਾਰੇ ਉਸ ਨੂੰ ਪਛਾਣਨ ਲੱਗਦੇ ਹਨ ਅਤੇ ਉਸ ਨਾਲ ਸਬੰਧਾਂ ਨੂੰ ਗੂੜ੍ਹੇ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਵਿਹਾਰਕ ਜਗਤ ਵਿਚ ਸਫਲ ਵਿਅਕਤੀ ਹੀ ਲੋਕ ਜੀਵਨ ਅਤੇ ਸਮਾਜਿਕ ਜੀਵਨ ਵਿਚ ਜਿੱਤ ਹਾਸਲ ਕਰ ਸਕਦੇ ਹਨ। ਭਗਵਾਨ ਸ੍ਰੀਰਾਮ ਮਰਿਆਦਾ ਅਤੇ ਲੋਕ ਵਿਵਹਾਰ ਦੇ ਬਲਬੂਤੇ ਹੀ ਜਨਮਾਨਸ ਦੇ ਨਾਇਕ ਬਣੇ। ਅੱਜ ਹਜ਼ਾਰਾਂ ਸਾਲਾਂ ਬਾਅਦ ਵੀ ਆਮ ਜਨਤਾ ਪ੍ਰਤੀ ਉਨ੍ਹਾਂ ਦਾ ਲੋਕ ਵਿਵਹਾਰ ਉਦਾਹਰਨ ਵਜੋਂ ਪੇਸ਼ ਹੁੰਦਾ ਹੈ। ਛੋਟੇ ਜਾਂ ਵੱਡੇ ਤੋਂ ਵੱਡੇ ਵਿਅਕਤੀ ਪ੍ਰਤੀ ਉਨ੍ਹਾਂ ਦੀ ਵਿਹਾਰਕ ਉਦਾਰਤਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੀ ਹੈ। ਜੰਗਲ ਵਾਸੀਆਂ ਅਤੇ ਗਿਰੀ ਵਾਸੀਆਂ ਨੂੰ ਗਲੇ ਲਗਾ ਕੇ ਉਨ੍ਹਾਂ ਪ੍ਰਤੀ ਪ੍ਰੇਮ ਪ੍ਰਗਟ ਕਰ ਕੇ ਹੀ ਰਾਮ ਲੋਕ-ਜੀਵਨ ਵਿਚ ਮਰਿਆਦਾ ਦੇ ਸਰਬਉੱਚ ਆਦਰਸ਼ ਸਥਾਪਤ ਕਰ ਸਕੇ। ਇਸੇ ਤਰ੍ਹਾਂ, ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਅੰਕਿਤ ਮਹਾਪੁਰਖਾਂ ਦੀ ਸ਼ਖ਼ਸੀਅਤ ਵਿਚ ਉਨ੍ਹਾਂ ਦੇ ਲੋਕ ਵਿਵਹਾਰ ਦੀ ਛਾਪ ਜ਼ਰੂਰ ਪ੍ਰਗਟ ਹੁੰਦੀ ਹੈ।
ਉਨ੍ਹਾਂ ਦਾ ਲੋਕ ਵਿਵਹਾਰ ਹੀ ਉਨ੍ਹਾਂ ਨੂੰ ਵਿਸ਼ੇਸ਼ ਬਣਾ ਕੇ ਮਹਾਨਤਾ ਦੀ ਸ਼੍ਰੇਣੀ ਵਿਚ ਸਥਾਪਤ ਕਰਦਾ ਹੈ। ਅਸੀਂ ਵੀ ਆਪਣੇ ਜੀਵਨ ਵਿਚ ਸੁਚੱਜੇ ਆਚਰਣ ਜਾਂ ਵਿਵਹਾਰ ਨੂੰ ਅੰਗ-ਸੰਗ ਰੱਖ ਕੇ ਜਨਤਕ ਜੀਵਨ ਵਿਚ ਲੋਕਪ੍ਰਿਅਤਾ ਦੇ ਨਵੇਂ ਮਾਪਦੰਡ ਸਥਾਪਤ ਕਰ ਸਕਦੇ ਹਾਂ। ਯਾਦ ਰੱਖਣਾ ਚਾਹੀਦਾ ਹੈ ਕਿ ਵਿਹਾਰ ਹੀ ਸ਼ਖ਼ਸੀਅਤ ਦਾ ਦਰਪਣ ਹੁੰਦਾ ਹੈ। ਸਾਡੇ ਵਿਵਹਾਰ ਵਿਚ ਜਿੰਨੀ ਪਵਿੱਤਰਤਾ ਅਤੇ ਸ਼ੁੱਧਤਾ ਹੋਵੇਗੀ, ਸਾਡੀ ਸ਼ਖ਼ਸੀਅਤ ਵੀ ਉਸੇ ਆਧਾਰ ’ਤੇ ਹੋਰਾਂ ਵਿਚ ਪ੍ਰਵਾਨਯੋਗ ਬਣੇਗੀ। ਜੇਕਰ ਅਸੀਂ ਹੋਰਾਂ ਨਾਲ ਲੜਦੇ-ਝਗੜਦੇ ਰਹਾਂਗੇ, ਹੋਰਾਂ ਬਾਰੇ ਮੰਦਾ ਸੋਚਦੇ ਤੇ ਮਾੜਾ ਕਰਦੇ ਰਹਾਂਗੇ ਤਾਂ ਕੋਈ ਵੀ ਸਾਡੇ ਲਾਗੇ ਖੜ੍ਹਨਾ ਪਸੰਦ ਨਹੀਂ ਕਰੇਗਾ।
-ਲਲਿਤ ਸ਼ੌਰਿਆ।