- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਨਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ ਪਰ ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ। ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਲੱਗ ਪਿਆ

ਬਸੰਤ ਰੁੱਤ ਵਾਂਗ ਹੋਲੀ ਭਾਰਤੀਆਂ ਦਾ ਮੌਸਮੀ ਤਿਉਹਾਰ ਹੈ। ਸਰਦੀਆਂ ਖ਼ਤਮ ਹੋਣ ’ਤੇ ਜਦੋਂ ਮੌਸਮ ਥੋੜ੍ਹਾ ਜਿਹਾ ਖੁੱਲ੍ਹ ਜਾਂਦਾ ਹੈ। ਨਾ ਬਹੁਤੀ ਸਰਦੀ ਅਤੇ ਨਾ ਗਰਮੀ, ਉਸ ਸਮੇਂ ਇਹ ਤਿਉਹਾਰ ਹੁੰਦਾ ਹੈ। ਹੋਲੀ ਸਮੁੱਚੇ ਭਾਰਤ ਦਾ ਤਿਉਹਾਰ ਹੈ ਤੇ ਹੋਲਾ-ਮਹੱਲਾ ਕੇਵਲ ਪੰਜਾਬ ਦਾ ਖ਼ਾਸ ਕਰਕੇ ਸਿੱਖਾਂ ਦਾ ਇੱਕ ਪ੍ਰਸਿੱਧ ਮੌਸਮੀ ਤਿਉਹਾਰ ਹੈ।
ਗੁਰੂ ਜੀ ਨੇ ਮਸਨੂਈ ਜੰਗ ਦੀ ਰੀਤ ਚਲਾਈ
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਚੇਤ ਵਦੀ ਇੱਕ ਨੂੰ ਮਸਨੂਈ ਜੰਗ ਦੀ ਰੀਤ ਚਲਾਈ। ਪੈਦਲ, ਘੋੜ-ਸਵਾਰ ਤੇ ਸ਼ਸ਼ਤਰਧਾਰੀ ਸਿੰਘਾਂ ਦੇ ਦੋ ਦਲ ਬਣਾ ਕੇ ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗ਼ੀਧਰ ਪਾਤਸ਼ਾਹ ਆਪ ਇਸ ਮਸਨੂਈ ਜੰਗ (ਮਹੱਲਾ) ਦਾ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਜੋ ਦਲ ਕਾਮਯਾਬ ਹੋ ਜਾਂਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ।
ਹੋਲੇ-ਮਹੱਲੇ ਦੇ ਪੁਰਬ ’ਤੇ ਸ਼ਸਤਰ ਅਭਿਆਸ
ਮਾਘੀ ਸ੍ਰੀ ਮੁਕਤਸਰ ਸਾਹਿਬ ਮੇਲੇ ਵਾਂਗ ਹੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਆਰੰਭ ਹੋਣ ਤੋਂ ਮਹੀਨਾ ਭਰ ਪਹਿਲਾਂ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੇ ਦਲ ਘੋੜਿਆਂ ’ਤੇ ਸਵਾਰ ਹੋ ਕੇ ਨਗਾਰੇ ਵਜਾਉਦੇ, ਸ਼ਸਤਰਾਂ-ਬਸਤਰਾਂ ਵਿੱਚ ਸਜੇ ਹੋਏ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਤੋਂ 19 ਸਾਲ ਪਹਿਲਾਂ ਹੀ 1680 ਈ: ਤੋਂ ਸਿੱਖਾਂ ਨੂੰ ਹੋਲੇ-ਮਹੱਲੇ ਦੇ ਪੁਰਬ ਤੇ ਸ਼ਸਤਰ ਅਭਿਆਸ ਕਰਵਾਉਣੇ ਆਰੰਭ ਕਰ ਦਿੱਤੇ ਸਨ।
ਅਸ �ਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਹਥੀ ਯਹੈ
ਹਮਾਰੈ ਪੀਰ॥
(ਦਸਮ ਗ੍ਰੰਥ ਸਾਹਿਬ ਜੀ,
ਅੰਗ 717)
ਹੋਲਾ-ਮਹੱਲੇ ਦਾ ਸ਼ਸਤਰ ਵਿੱਦਿਆ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਨਾਲ ਕਿੰਨਾ ਗੂੜ੍ਹਾ ਸਬੰਧ ਹੈ। ਇਹ ਗੱਲ ਕਵੀ ਨਿਹਾਲ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਪੰਨਾ 283 ’ਤੇ ਇੰਝ ਸਪਸ਼ਟ ਕੀਤੀ ਹੈ।
ਕੜਛਾ ਢਾਲ ਕਟਾਰਾ ਤੇਗਾ
ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸ਼ਾਦ ਸਜਾ ਦਸਤਾਰਾ
ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰੁ ਲਖ ਬਾਹਾ
ਕਲਗਾ ਸਿੰਘ ਸੁਚੋਲ ਹੈ।
ਅਪਰ ਮੁਛਹਿਰਾ ਦਾੜ੍ਹਾ ਜੈਸੇ,
ਤੈਸੇ ਬੋਲਾ ਹੋਲਾ ਹੈ।
ਭਾਈ ਨੰਦ ਲਾਲ ਗ੍ਰੰਥਾਵਲੀ ਸੰਪਾਦਕ ਡਾ. ਗੰਡਾ ਸਿੰਘ ਵਿੱਚ ਪੰਨਾ 58-59 ਤੇ ਹੋਲੀ ਬਾਰੇ ਇਸ ਤਰ੍ਹਾਂ ਅੰਕਿਤ ਹੈ।
ਗੁਲਿ ਹੋਲੀ ਬਬਾਗਿ ਦਹਿਰ ਬੂ ਕਰਦ
ਲਬਿ ਚੂੰ ਗੁੰਚਾ ਰਾ ਫਰਖੰਦਾ ਖ਼ੂ ਕਰਦ।
ਗੁਲਾਬੋ ਅੰਬਰੋ ਮਸ਼ਕੋ ਅਬੇਰੀ
ਚੂ ਬਾਰਾਨਿ ਬਾਰਿਸ਼ ਅਜ਼ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜ਼ਅਰਫਾਨੀ
ਕਿ ਹਰ ਬੇਰੰਗ ਰਾ ਖ਼ੁਸ਼ਰੰਗੋ ਬੂ ਕਰਦ।
ਗੁਲਾਲਿ ਅਫ਼ਸਾਨੀਇ ਦਸਤਿ ਮੁਬਾਰਿਕ
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫੈਲਸ਼
ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ।
ਭਾਵ:- ਹੋਲੀ ਦੇ ਫੁੱਲਾਂ ਨੇ ਜ਼ਮਾਨੇ ਦੇ ਬਾਗ਼ ਨੂੰ ਮਹਿਕ ਨਾਲ ਭਰ ਦਿੱਤਾ, ਬੰਦ ਕਲੀ ਵਰਗੇ ਹੋਠਾਂ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿੱਤਾ।ਉਸ ਨੇ ਮੀਂਹ ਦੇ ਪਾਣੀ ਵਾਂਗ ਗੁਲਾਬ, ਅੰਬਰ, ਮੁਸ਼ਕ ਤੇ ਅਬੀਰ ਨੂੰ ਸਾਰੇ ਪਾਸੇ ਖਿਲਾਰ ਦਿੱਤਾ। ਕੇਸਰ ਭਰੀ ਪਿਚਕਾਰੀ ਦਾ ਕੀ ਕਹਿਣਾ? ਕਿ ਉਸ ਨੇ ਹਰ ਬਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਿਤ ਕਰ ਦਿੱਤਾ। ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕਣ ਨੇ ਧਰਤ ਅਸਮਾਨ ਨੂੰ ਲਾਲੋ-ਲਾਲ ਕਰ ਦਿੱਤਾ। ਉਸ ਦੀ ਕਿਰਪਾ ਦੁਆਰਾ ਦੋਵੇਂ ਦੁਨੀਆਂ ਰੰਗੀਨ ਹੋ ਗਈਆਂ। ਉਸ ਨੇ ਸ਼ਾਹਾਂ ਵਾਂਗ ਮੇਰੇ ਗਲ ਵਿੱਚ ਰੰਗੀਨ ਕੱਪੜੇ ਪਵਾ ਦਿੱਤੇ।
ਹੋਲੀ ਤਿਉਹਾਰ ਬਾਰੇ ਪ੍ਰਚੱਲਿਤ ਧਾਰਨਾਵਾਂ
ਹੋਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਨਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ ਪਰ ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ। ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਲੱਗ ਪਿਆ ਪਰ ਅੱਜ ਹੋਲੀ ਦਾ ਤਿਉਹਾਰ ਗੰਦ-ਮੰਦ ਵਰਸਾਉਣ, ਗਾਲੀ-ਗਲੋਚ, ਲੜਾਈ-ਝਗੜੇ, ਸ਼ਰਾਬ ਪੀਣ, ਜੂਆ ਖੇਡਣ ਅਤੇ ਸ਼ੂਦਰਾਂ ਦੀ ਬੇਇੱਜ਼ਤੀ ਕਰਨਾ ਆਦਿ ਬਣ ਗਿਆ ਹੈ। ਗੁਰਬਾਣੀ ਵਿੱਚ ਹੋਲੀ ਬਾਰੇ ਇਸ ਤਰ੍ਹਾਂ ਦਰਜ ਹੈ।
ਆਜੁ ਹਮਾਰੈ ਬਨੇ ਫਾਗ॥
ਪ੍ਰਭੁ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
(ਬਸੰਤ ਮਹਲਾ 5 ਘਰੁ 1,
ਅੰਗ 1180)
ਵੀਰਤਾ ਦੇ ਤਿਉਹਾਰ ਵਜੋਂ ਮਾਨਤਾ
ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਉਣ ਦੇ ਆਦੇਸ਼ ਦਿੱਤੇ। ਗੁਰੂ ਜੀ ਨੇ ਜਦੋਂ ਹੋਲੇ-ਮਹੱਲੇ ਨੂੰ ਵੀਰਤਾ ਦੇ ਤਿਉਹਾਰ ਦਾ ਰੂਪ ਦੇ ਕੇ ਪ੍ਰਚਲਿਤ ਕੀਤਾ ਤਾਂ ਸਾਰੇ ਹੀ ਸਿੰਘ ਇਸ ਉਤਸਵ ਵਿੱਚ ਬੜੇ ਜੋਸ਼ ਤੇ ਸੱਜ-ਧੱਜ ਨਾਲ ਸ਼ਾਮਲ ਹੋਏ। ਗੁਰੂ ਸਾਹਿਬ ਸਿੱਖਾਂ ਨੂੰ ਵੱਖ-ਵੱਖ ਰੰਗਾਂ ਦੇ ਪੁਸ਼ਾਕੇ ਪਾ ਕੇ ਦੋ ਹਿੱਸਿਆਂ ਵਿੱਚ ਵੰਡ ਦਿੰਦੇ। ਇੱਕ ਹਿੱਸਾ ਦੂਰ ਜੰਗਲ ਵਿੱਚ ਆਪਣਾ ਡੇਰਾ ਲਾਉਦਾ, ਦੂਜਾ ਉਨ੍ਹਾਂ ਉੱਤੇ ਹੱਲਾ ਬੋਲਦਾ, ਨਗਾਰਾ ਵੱਜਦਾ, ਸਿੰਘ ਘੋੜਿਆਂ ਉੱਤੇ ਸਵਾਰ ਹੋ ਕੇ ਸ਼ਸਤਰ ਲੈ ਕੇ ਮਾਰੋ-ਮਾਰ ਕਰਦੇ, ਦੂਜਿਆਂ ਉੱਤੇ ਹੱਲਾ ਬੋਲਦੇ। ਉਹ ਵੀ ਅੱਗੋਂ ਜੋਸ਼ ਬਹਾਦਰੀ ਨਾਲ ਇਨ੍ਹਾਂ ਦਾ ਮੁਕਾਬਲਾ ਕਰਦੇ। ਇਸ ਤਰ੍ਹਾਂ ਦੋ ਦਿਨ ਨਕਲੀ ਲੜਾਈਆਂ ਦਾ ਸਿਲਸਿਲਾ ਜਾਰੀ ਰਹਿੰਦਾ, ਤੀਜੇ ਦਿਨ ਮਹੱਲਾ ਕੱਢਿਆ ਜਾਂਦਾ। ਜਿਸ ਵਿੱਚ ਸਿੰਘ ਘੋੜ-ਸਵਾਰੀ ਤੇ ਸ਼ਸਤਰਾਂ ਦੇ ਕਰਤੱਬ ਦਿਖਾਉਦੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਘੋੜਾ ਦੌੜਾਉਦੇ, ਤੀਰ ਨਾਲ ਦੇਗ ਨੂੰ ਭੋਗ ਲਾਉਣ ਕਾਰਨ ਇਹ ਕੜਾਹ-ਪ੍ਰਸ਼ਾਦ ਬਣ ਜਾਂਦਾ, ਸਮਾਪਤੀ ਸਮੇਂ ਸਿੰਘ ਰੱਜ-ਰੱਜ ਕੇ ਦੇਗ ਛਕਦੇ ਅਤੇ ਨਿਹਾਲ ਹੋ ਜਾਂਦੇ ਸਨ।
ਖਾਲਸਾਈ ਜਾਹੋ-ਜਲਾਲ ਤੇ ਨਿਹੰਗ ਸਿੰਘਾਂ ਦੇ ਕਰਤੱਬ
ਵਰਤਮਾਨ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰੰਪਰਾ ਨਹੀਂ ਹੈ। ਪਹਿਲੇ ਦੋ ਦਿਨ ਤਾਂ ਵਿਸ਼ੇਸ਼ ਦੀਵਾਨ ਸਜਦੇ ਹਨ, ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਆਖਰੀ (ਮਹੱਲੇ ਵਾਲੇ) ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਘਾਟੀ ਤੋਂ ਚਮਕਦੇ ਪਿੰਡੇ ਵਾਲੇ ਖ਼ੂਬਸੂਰਤ ਘੋੜਿਆਂ ਉੱਤੇ ਨਿਹੰਗ ਸਿੰਘ ਖਾਲਸਾਈ ਜਾਹੋ-ਜਲਾਲ ਨਾਲ ਵਾਹੋ-ਦਾਹੀ ਭੱਜੇ ਜਾਂਦੇ ਕਰਤੱਬ ਵਿਖਾਉਦੇ ਹਨ। ਸੰਗਤਾਂ ਹੋਲੇ-ਮਹੱਲੇ ਦਾ ਅਲੌਕਿਕ ਨਜ਼ਾਰਾ ਦੇਖ ਕੇ ਅਤਿ ਪ੍ਰਸੰਨ ਹੁੰਦੀਆਂ ਹਨ।
ਰੰਗਾਂ ਦੀ ਮਹਿਕ ਤੇ ਰੌਣਕ
ਹੋਲੀ ਹੀ ਇੱਕ ਅਜਿਹਾ ਤਿਉਹਾਰ ਹੈ, ਜਿਸ ਦਿਨ ਲੋਕ ਆਪਣੇ ਪੁਰਾਣੇ ਜਾਂ ਹੰਢੇ ਹੋਏ ਕੱਪੜੇ ਕੱਢ ਕੇ ਪਾਉਦੇ ਹਨ। ਉਹਨਾਂ ਦੇ ਚਿਹਰਿਆਂ ਤੇ ਰੌਣਕ ਅਤੇ ਖ਼ੁਸ਼ੀ ਦੁਗਣੀ-ਚੌਗੁਣੀ ਝਲਕਦੀ ਹੁੰਦੀ ਹੈ, ਜਿੱਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਖਿੜਾਉਦੇ ਹਨ, ਉੱਥੇ ਇਨ੍ਹਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ਼੍ਹਬਾਂ ਤੇ ਅਮੀਰੀ-ਗ਼ਰੀਬੀ ਦੇ ਭੇਦ-ਭੁਲਾ ਕੇ ਇੱਕ ਦੂਜੇ ਨੂੰ ਗਲ ਨਾਲ ਲਾਉਦੇ ਹਨ।
ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ
ਗੁਰਮਤਿ ਮਾਰਤੰਡ ਅਨੁਸਾਰ ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗ਼ੀਧਰ ਪਾਤਸ਼ਾਹ ਦੀ ਚਲਾਈ ਹੋਈ ਰੀਤੀ ਅਨੁਸਾਰ ਚੇਤ ਵਦੀ ਇੱਕ ਨੂੰ ਸਿੱਖਾਂ ਵਿੱਚ ਹੋਲਾ-ਮਹੱਲਾ ਹੁੰਦਾ ਹੈ। ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ ਅਤੇ ਅਸਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇੱਕ ਨਿਸ਼ਚਿਤ ਕੀਤੀ ਥਾਂ ’ਤੇ ਜਾ ਕੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਦੇ ਹਨ। ਸਮੇਂ ਦੇ ਨਾਲ ਇਸ ਪਰੰਪਰਾ ਦਾ ਹੁਣ ਉਹ ਜਲੌਅ ਮੱਧਮ ਪੈਂਦਾ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦੇ ਰੂਪ ਹੁਣ ਬਦਲਦੇ ਜਾ ਰਹੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਹੋਲਾ-ਮਹੱਲਾ ਦੀ ਪਰੰਪਰਾ
ਡਾ. ਭਾਈ ਵੀਰ ਸਿੰਘ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ ਹੈ ਮਯ+ਹੱਲਾ ਭਾਵ ਬਣਾਉਟੀ ਹੱਲਾ। ਹੋਲਾ-ਮਹੱਲਾ ਦੀ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਬਿਕਰਮੀ ਸੰਮਤ 1757, ਸੰਨ 1700 ਈ: ਚੇਤ ਵਦੀ 1 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ’ਤੇ ਚਲਾਈ। ਹੋਲਾ-ਮਹੱਲਾ ਸਬੰਧੀ ਇੱਕ ਵਿਸ਼ੇਸ਼ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਦਿਹਾੜੇ ਵੱਖ-ਵੱਖ ਧਰਮ ਅਸਥਾਨਾਂ ਵਿਖੇ ਮਨਾਏ ਜਾਂਦੇ ਹਨ ਪਰ ਹੋਲਾ-ਮਹੱਲਾ ਵਿਸ਼ੇਸ਼ ਤੌਰ ’ਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਹੀ ਸਬੰਧਿਤ ਹੈ। ਉਝ ਇਹ ਤਿਉਹਾਰ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ ਯਮੁਨਾ ਨਗਰ ਹਰਿਆਣਾ, ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉੂਂਟਾ ਸਾਹਿਬ (ਹਿਮਾਚਲ ਪ੍ਰਦੇਸ਼), ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਗੋਦਾਵਰੀ ਸਰ ਢਿਲਵਾਂ ਕਲਾਂ ਨੇੜੇ ਕੋਟਕਪੂਰਾ (ਫ਼ਰੀਦਕੋਟ), ਪਿੰਡ ਬੇਗ਼ਮਪੁਰਾ ਠੱਟਾ ਜ਼ਿਲ੍ਹਾ ਅੰਮਿ੍ਰਤਸਰ ਵਿਖੇ ਵੀ ਬੜੀ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਜਿਹੇ ਮਨਮੋਹਣੇ ਸਮੇਂ ਸੰਗਤਾਂ ਦੂਰ-ਦੁਰੇਡੇ ਤੋਂ ਵਹੀਰਾਂ ਘੱਤ ਕੇ ਇਨ੍ਹਾਂ ਅਸਥਾਨਾਂ ’ਤੇ ਨਤਮਸਤਕ ਹੋਣ ਪਹੁੰਚਦੀਆਂ ਹਨ। ਸਾਈਕਲਾਂ, ਸਕੂਟਰਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਟਰਾਲੀਆਂ, ਬੱਸਾਂ, ਰੇਲਗੱਡੀਆਂ ਰਾਹੀਂ ਬੇਅੰਤ ਸੰਗਤਾਂ ਵੱਖ-ਵੱਖ ਰਸਤਿਆਂ ਤੋਂ ਉਕਤ ਸਥਾਨਾਂ ਨੂੰ ਤੁਰੀਆਂ ਜਾਂਦੀਆਂ ਦਿੱਸਦੀਆਂ ਹਨ।
- ਕਰਨੈਲ ਸਿੰਘ