ੜਾਈ ਲਈ ਲੋਕਾਂ ਨੂੰ ਤਿਆਰ ਕਰਨ ਲਈ ਹੋਲੇ ਦਾ ਰੂਪ ਦੇ ਦਿੱਤਾ। ਗੁਰੂ ਜੀ ਨੇ ਨਿਮਾਣੇ ਸਮਝੇ ਜਾਣ ਵਾਲੇ ਲੋਕਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਸਵੈ-ਭਰੋਸੇ ਦੀ ਪਾਹੁਲ ਪਿਲਾ ਹਥਿਆਰ ਚੁੱਕਣ ਲਈ ਤਿਆਰ ਕੀਤਾ। ਹੋਲੀ ਵਾਲੇ ਦਿਨ ਰੰਗਾਂ ਤੇ ਨਸ਼ਿਆਂ ਦੀ ਵਰਤੋਂ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣਾ ਸਿਖਾਇਆ।

ਭਾਰਤ ਅਜਿਹਾ ਖ਼ੁਸ਼ਕਿਸਮਤ ਖਿੱਤਾ ਹੈ, ਜਿੱਥੇ ਕੁਦਰਤ ਦੇ ਸਾਰੇ ਛੇ ਦੇ ਛੇ ਮੌਸਮ ਆਉਂਦੇ ਹਨ। ਇਨ੍ਹਾਂ ਮੌਸਮਾਂ ਦੇ ਆਗਮਨ ਅਤੇ ਅਲਵਿਦਾ ਆਖਣ ਲਈ ਵਿਸ਼ੇਸ਼ ਤਿਉਹਾਰ ਮਨਾਏ ਜਾਂਦੇ ਹਨ। ਧਾਰਮਿਕ ਆਗੂਆਂ ਨੇ ਇਨ੍ਹਾਂ ਨਾਲ ਧਰਮ ਆਧਾਰਿਤ ਕਹਾਣੀਆਂ ਜੋੜ ਲੋਕਾਈ ਨੂੰ ਜੀਵਨ ਜਾਚ ਸਿਖਾਉਣ ਦਾ ਯਤਨ ਕੀਤਾ ਸੀ। ਜੀਵਨ ਜਾਚ ਦੇਣ ਲਈ ਸਾਰੇ ਤਿਉਹਾਰਾਂ, ਜਿਨ੍ਹਾਂ ਵਿਚ ਵਿਸਾਖੀ, ਦੁਸਹਿਰਾ, ਦੀਵਾਲੀ ਅਤੇ ਹੋਲੀ ਪ੍ਰਮੁੱਖ ਹਨ, ਨੂੰ ਅਜਿਹੀਆਂ ਕਹਾਣੀਆਂ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਰਾਹੀਂ ਬਦੀ ਉੱਤੇ ਨੇਕੀ ਦੀ ਜਿੱਤ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਸਾਖੀਆਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਇਹ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦੀ ਖ਼ੁਸ਼ੀ ਵਿਚ ਮਨਾਏ ਜਾਂਦੇ ਹਨ। ਇਸੇ ਕਰਕੇ ਸਾਨੂੰ ਸਾਰਿਆਂ ਨੂੰ ਬਦੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝਣ ਵਾਲੇ ਲੋਕਾਂ ਨੇ ਜਿੱਥੇ ਸਾਰੀ ਲੋਕਾਈ ਨੂੰ ਚਾਰ ਵਰਣਾਂ ਵਿਚ ਵੰਡਿਆ, ਉੱਥੇ ਤਿਉਹਾਰਾਂ ਦੀ ਵੀ ਵਰਗ ਵੰਡ ਕਰ ਦਿੱਤੀ। ਆਪਣੇ ਲਈ ਉਨ੍ਹਾਂ ਵਿਸਾਖੀ ਰੱਖ ਲਈ ਅਤੇ ਉਦੋਂ ਤੋਂ ਹੀ ਕਾਰੋਬਾਰੀ ਨਵਾਂ ਸਾਲ ਸ਼ੁਰੂ ਕਰ ਲਿਆ। ਕਿਸਾਨਾਂ ਦੇ ਘਰ ਨਵੀਂ ਫ਼ਸਲ ਆਉਣ ’ਤੇ ਹੀ ਕਿਸਾਨ ਪੁੰਨ-ਦਾਨ ਤੇ ਪੂਜਾ ਪਾਠ ਕਰਵਾਉਣ ਦੇ ਸਮਰੱਥ ਹੁੰਦਾ ਹੈ। ਕਸ਼ੱਤਰੀਆਂ ਨੂੰ ਦੁਸਹਿਰੇ ਨਾਲ ਜੋੜਿਆ ਗਿਆ ਹੈ ਕਿਉਂਕਿ ਇਸੇ ਦਿਨ ਕਸ਼ੱਤਰੀਆਂ ਨੇ ਬਦੀ ਦੇ ਸਰੂਪ ਰਾਵਣ ’ਤੇ ਜਿੱਤ ਪ੍ਰਾਪਤ ਕੀਤੀ ਸੀ। ਦੀਵਾਲੀ ਦਾ ਤਿਉਹਾਰ ਵੈਸ਼ਾਂ ਦੇ ਨਾਂ ਕਰ ਦਿੱਤਾ। ਨਵੀਂ ਫ਼ਸਲ ਆਉਣ ਨਾਲ ਕਿਸਾਨ ਦੇ ਘਰ ਰੌਣਕ ਹੋ ਜਾਂਦੀ ਹੈ ਤੇ ਦੀਵਾਲੀ ਸਮੇਂ ਉਹ ਖੁੱਲ੍ਹ ਕੇ ਖਾ ਪੀ ਸਕਦੇ ਹਨ।

ਇਕ ਕਥਾ ਅਨੁਸਾਰ ਹੋਲੀ ਵੀ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਹੈ। ਹੋਲਿਕਾ ਦੇ ਰੂਪ ਵਿਚ ਬਦੀ ਉਤੇ ਪ੍ਰਹਿਲਾਦ ਰੂਪੀ ਨੇਕੀ ਦੀ ਜਿੱਤ ਹੋਈ ਸੀ। ਸਮੇਂ ਦੇ ਬੀਤਣ ਨਾਲ ਇਹ ਤਿਉਹਾਰ ਆਪਣੇ ਅਸਲੀ ਮੰਤਵ ਨੂੰ ਭੁੱਲ ਕੇ ਕੇਵਲ ਮੌਜ-ਮਸਤੀ ਦਾ ਪ੍ਰਤੀਕ ਬਣ ਗਿਆ। ਅਸਲ ਵਿਚ ਹੋਲੀ ਸਿਆਲ਼ ਨੂੰ ਅਲਵਿਦਾ ਆਖ ਬਸੰਤ ਦੇ ਆਗਮਨ ਦੀ ਖੁ਼ਸ਼ੀ ਦਾ ਤਿਉਹਾਰ ਹੈ। ਵਰ੍ਹੇ ਦੇ ਆਖ਼ਰੀ ਮਹੀਨੇ ਫੱਗਣ ਵਿਚ ਆਉਂਦੀ ਹੈ ਹੋਲੀ। ਇਹ ਉਹ ਮਹੀਨਾ ਹੈ, ਜਦੋਂ ਮਿਹਨਤ ਨੂੰ ਫਲ ਪੈਂਦਾ ਹੈ। ਸਾਰੀਆਂ ਫ਼ਸਲਾਂ ਵਿਚ ਦਾਣਾ ਇਸੇ ਮਹੀਨੇ ਹੀ ਪੱਕਦਾ ਹੈ। ਰੁੱਖਾਂ ਨੂੰ ਨਵਾਂ ਪੁੰਗਾਰਾ ਫੁੱਟਦਾ ਹੈ, ਫੁੱਲਾਂ ਦੀ ਸੁਗੰਧੀ ਸਾਰੇ ਵਾਤਾਵਰਣ ਵਿਚ ਘੁਲ਼ ਜਾਂਦੀ ਹੈ ਅਤੇ ਜੀਵਨ ਨੂੰ ਮੁੜ ਅੰਗੜਾਈ ਲੈਣ ਲੱਗਦਾ ਹੈ। ਅਜਿਹੇ ਸੁੰਦਰ ਮੌਸਮ ਦੇ ਸੁੰਦਰ ਤਿਉਹਾਰ ਵਾਲੇ ਦਿਨ ਆਪਣੇ ਆਪ ਨੂੰ ਕਰੂਪ ਕਰ ਕੇ ਨਸ਼ੇ ਵਿਚ ਧੁੱਤ ਹੋ ਕੇ ਹੋਸ਼ ਗੁਆਉਣੀ ਸ਼ੋਭਾ ਨਹੀਂ ਦਿੰਦਾ। ਇਹ ਦਿਨ ਤਾਂ ਕੁਝ ਨਵਾਂ ਕਰਨ ਦੇ ਹੁੰਦੇ ਹਨ। ਹਰ ਪਾਸੇ ਮੌਲੀ ਬਨਸਪਤੀ ਤਾਂ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਕੁਝ ਕਰ ਸਕਣ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਮੌਕਾ ਹੈ। ਇਸ ਸੱਚ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦਾ ਰੂਪ ਬਦਲ ਕੇ ਸਾਕਾਰ ਕੀਤਾ। ਉਨ੍ਹਾਂ ਹੋਲੀ ਨੂੰ ਹੋਲੇ ਵਿਚ ਤਬਦੀਲ ਕਰ ਕੇ ਇਸ ਨੂੰ ਵਿਲਾਸਤਾ ਦੇ ਚੁੰਗਲ ਵਿੱਚੋਂ ਕੱਢ ਕੇ ਬਦਾਦਰੀ ਦੇ ਰਾਹ ਪਾਇਆ।
ਦਸਮੇਸ਼ ਪਿਤਾ ਇਹ ਜਾਣਦੇ ਸਨ ਕਿ ਨਿਮਾਣੇ, ਨਿਤਾਣੇ ਤੇ ਲਿਤਾੜੇ ਜਾ ਰਹੇ ਲੋਕ ਆਪਣੇ ਹੱਕਾਂ ਦੀ ਲੜਾਈ ਉਦੋਂ ਹੀ ਲੜ ਸਕਣਗੇ, ਜਦੋਂ ੳਨ੍ਹਾਂ ਦੇ ਤਨ ਅਤੇ ਮਨ ਨਿਰੋਗ ਹੀ ਨਹੀਂ ਸਗੋਂ ਮਜ਼ਬੂਤ ਹੋਣਗੇ। ਮਨ ਦੀ ਮਜ਼ਬੂਤੀ ਲਈ ਉਹ ਸਮਝਦੇ ਸਨ ਕਿ ਗਿਆਨ ਰੂਪੀ ਪ੍ਰਕਾਸ਼ ਨਾਲ ਹੀ ਅਗਿਆਨਤਾ, ਜਬਰ-ਜ਼ੁਲਮ, ਵੈਰ, ਵਿਰੋਧ ਨਫ਼ਰਤ ਅਤੇ ਊਚ-ਨੀਚ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅੰਧ-ਵਿਸ਼ਵਾਸਾਂ ਨੂੰ ਤੋੜ ਲੋਕਾਈ ਨੂੰ ਗੁਰ ਉਪਦੇਸ਼ ਅਨੁਸਾਰ ਸੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਰਵਾਇਤੀ ਤਿਉਹਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਇਨ੍ਹਾਂ ਨੂੰ ਨਵਾਂ ਰੂਪ ਅਤੇ ਮੰਤਵ ਦਿੱਤਾ। ਵਿਸਾਖੀ, ਜਿਸ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਸੀ, ਗੁਰੂ ਜੀ ਨੇ ਇਸੇ ਦਿਨ ਨੂੰ ਖ਼ਾਲਸੇ ਦੀ ਸਿਰਜਣਾ ਲਈ ਚੁਣਿਆ। ਇਸ ਦਿਨ ਖ਼ਾਲਸੇ ਦੀ ਸਿਰਜਣਾ ਕਰ ਕੇ ਗੁਰੂ ਜੀ ਨੇ ਸਮਾਜ ਵਿਚ ਸਦੀਆਂ ਤੋਂ ਪਈਆਂ ਵੰਡੀਆਂ ਨੂੰ ਤਲਵਾਰ ਦੇ ਇੱਕੋ ਝਟਕੇ ਨਾਲ ਖ਼ਤਮ ਕਰ ਦਿੱਤਾ ਅਤੇ ਆਪਣੇ ਬਚਨ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਸੱਚ ਕਰ ਵਿਖਾਇਆ। ਗੁਰੂ ਜੀ ਨੇ ਸਮਾਜ ਦੇ ਕਮਜ਼ੋਰ ਸਮਝੇ ਜਾਂਦੇ ਵਰਗ ਨੂੰ ਹੋਲੀ ਦੀਆਂ ਰੰਗ-ਰਲੀਆਂ ਵੱਲੋਂ ਮੋੜ ਕੇ ਹੋਲੇ ਮਹੱਲੇ ਦੇ ਰੂਪ ਵਿਚ ਬੀਰਤਾ ਦਾ ਪ੍ਰਗਗਾਵਾ ਕਰਨ ਲਈ ਉਤਸ਼ਾਹਿਤ ਕੀਤਾ। ਪੁਰਾਣੇ ਰਿਵਾਜਾਂ ਨੂੰ ਖ਼ਤਮ ਕਰ ਕੇ ਹੋਲੀ ਦੀ ਥਾਂ ਹੋਲਾ ਤਿਉਹਾਰ ਬਣਾ ਦਿੱਤਾ। ਹੋਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣ ਲੱਗ ਪਏ, ਜਿੱਥੇ ਤੀਰ, ਤਲਵਾਰਾਂ, ਗੱਤਕੇ ਆਦਿ ਦੇ ਮਾਹਿਰ ਆਪਣੇ ਕਰਤੱਵ ਦਿਖਾਉਂਦੇ ਅਤੇ ਇਨਾਮ ਪ੍ਰਾਪਤ ਕਰਦੇ। ਇੰਜ ਸ਼ਸਤਰ ਵਿੱਦਿਆ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ। ਹੱਥਾਂ ਵਿਚ ਟੋਕਰੀਆਂ, ਝਾੜੂ, ਹਲ਼, ਕਹੀਆਂ, ਫੜਨ ਵਾਲੇ ਲੋਕਾਂ ਨੇ ਜਦੋਂ ਤਲਵਾਰਾਂ ਨੂੰ ਹੱਥਾਂ ਵਿਚ ਫੜਿਆ ਤਾਂ ਇਤਿਹਾਸ ਦਾ ਰੁਖ ਹੀ ਪਲਟ ਦਿੱਤਾ। ਨਿਮਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੇ ਧੌਣਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਲੋਕਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਕੱਢ ਕੇ ਉਨ੍ਹਾਂ ਨੂੰ ਮਰਜੀਵੜੇ ਬਣਾਇਆ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੀ ਸੀਸ ਤਲੀ ’ਤੇ ਰੱਖਣ ਲਈ ਨਹੀਂ ਆਖਿਆ ਸਗੋਂ ਆਪ ਵੀ ਆਪਣਾ ਸਾਰਾ ਸਰਬੰਸ ਇਨ੍ਹਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ।
ਗੁਰੂ ਜੀ ਨੇ ਨਸ਼ਿਆਂ ਨੂੰ ਤਿਆਗ ਸਰੀਰ ਅਤੇ ਮਨ ਦੀ ਤੰਦਰੁਸਤੀ ’ਤੇ ਜ਼ੋਰ ਦਿੱਤਾ। ਹੋਲੀ ਨੂੰ ਹੋਲੇ ਮਹੱਲੇ ਵਿਚ ਤਬਦੀਲ ਕਰਨ ਦਾ ਮੰਤਵ ਹੀ ਇਹੋ ਸੀ। ਜਿਹੜੇ ਸਿੰਘਾ ਨੂੰ ਸੰਸਾਰ ਦੇ ਸਭ ਤੋਂ ਵਧੀਆ ਕਿਸਾਨ ਅਤੇ ਜੁਆਨ ਮੰਨਿਆ ਜਾਂਦਾ ਸੀ। ਹੁਣ ਉਨ੍ਹਾਂ ਖੇਤਾਂ ਵਿਚ ਵਿਚ ਕੰਮ ਕਰਨ ਛੱਡ ਦਿੱਤਾ ਹੈ। ਸਾਡੇ ਨੌਜਵਾਨਾਂ ਦੇ ਸਰੀਰ ਫ਼ੌਜ ਵਿਚ ਭਰਤੀ ਹੋਣ ਦੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਿਚ ਅਸਮਰੱਥ ਹੋ ਰਹੇ ਹਨ। ਸੰਤ ਸਿਪਾਹੀ ਬਣਨ ਦੀ ਥਾਂ ਪੰਜਾਬੀ ਭ੍ਰਿਸ਼ਟਾਚਾਰ ਵਿਚ ਮੋਹਰੀ ਬਣ ਗਏ ਹਨ। ਸੰਤੋਖ ਦੀ ਥਾਂ ਵਿਖਾਵੇ ਲਈ ਫ਼ਜ਼ੂਲ ਖ਼ਰਚੀ ਕਾਰਨ ਕਿਸਾਨ ਕਰਜ਼ੇ ਹੇਠ ਦੱਬੇ ਪਏ ਹਨ। ਜਿਸ ਦਲੇਰ ਕੌਮ ਦਾ ਨਿਰਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਉਹ ਹਾਲਾਤ ਤੋਂ ਘਬਰਾ ਕੇ ਬੁਜ਼ਦਿਲਾਂ ਵਾਂਗ ਖ਼ੁਦਕੁਸ਼ੀਆਂ ਕਰ ਰਹੀ ਹੈ। ]
ਆਪਣੇ ਹੱਕਾਂ ਦੀ ਰਾਖੀ
ਹੋਲੀ ਜਿਹੜੀ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਉਸ ਨੂੰ ਸੱਚਮੁੱਚ ਬਦੀ ਦੇ ਵਿਰੁੱਧ ਲੜਾਈ ਲਈ ਲੋਕਾਂ ਨੂੰ ਤਿਆਰ ਕਰਨ ਲਈ ਹੋਲੇ ਦਾ ਰੂਪ ਦੇ ਦਿੱਤਾ। ਗੁਰੂ ਜੀ ਨੇ ਨਿਮਾਣੇ ਸਮਝੇ ਜਾਣ ਵਾਲੇ ਲੋਕਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਸਵੈ-ਭਰੋਸੇ ਦੀ ਪਾਹੁਲ ਪਿਲਾ ਹਥਿਆਰ ਚੁੱਕਣ ਲਈ ਤਿਆਰ ਕੀਤਾ। ਹੋਲੀ ਵਾਲੇ ਦਿਨ ਰੰਗਾਂ ਤੇ ਨਸ਼ਿਆਂ ਦੀ ਵਰਤੋਂ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣਾ ਸਿਖਾਇਆ। ਗ਼ੁਲਾਮ ਲੋਕਾਂ ਨੂੰ ਇਕ ਦਿਨ ਦੀ ਮਿਲੀ ਆਜ਼ਾਦੀ ਦਾ ਭੁਲੇਖਾ ਸੀ। ਇਸ ਭੁਲੇਖੇ ਵਿਚ ਉਹ ਹੋਲੀ ਨੂੰ ਵਿਲਾਸ ਤੇ ਬੇਕਾਰਾਂ ਦੀ ਵਰਤੋਂ ਲਈ ਵਰਤਣ ਲੱਗ ਪਏ ਸਨ। ਗੁਰੂ ਜੀ ਨੇ ਸਮਝਾਇਆ ਕਿ ਜੇ ਤੁਸੀਂ ਸੱਚਮੁੱਚ ਹੀ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਤਾਕਤ ਨੂੰ ਪਛਾਣੋ, ਸੁੱਤੀ ਜ਼ਮੀਰ ਨੂੰ ਜਗਾਵੋ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕੋ। ਇਸ ਤਾਕਤ ਦਾ ਨਮੂਨਾ ਲੋਕੀ ਭੰਗਾਣੀ ਦੇ ਯੁੱਧ ਸਮੇਂ ਵੇਖ ਚੁੱਕੇ ਸਨ।
ਗੁਰੂ ਜੀ ਨੇ ਸਾਨੂੰ ਗਿਆਨ ਦੇ ਲੜ ਲਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੌਮ ਨੂੰ ਸ਼ਬਦ ਦੇ ਲੜ ਲਾਇਆ। ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਹਾਂ। ਗੁਰੂ ਜੀ ਦੇ ਅੱਗੇ ਆਪਣੀਆਂ ਮੰਗਾਂ ਮੰਗਣ ਲਈ ਹੀ ਮੱਥਾ ਟੇਕਣ ਜਾਂਦੇ ਹਾਂ। ਗੁਰੂ ਜੀ ਦੇ ਹੁਕਮਾਂ ਤੋਂ ਅਣਜਾਣ ਹਾਂ। ਜਿਹੜੇ ਜਾਣਦੇ ਹਨ ਉਹ ਵੀ ਇਨ੍ਹਾਂ ਤੋਂ ਦੂਰ ਹੋ ਰਹੇ ਹਨ। ਕੌਮ ਦੀ ਚੜ੍ਹਦੀ ਕਲਾ ਲਈ ਲੋਕਾਈ ਨੂੰ ਸ਼ਬਦ ਗੁਰੂ ਦੇ ਉਪਦੇਸ਼ਾਂ ਨਾਲ ਜੋੜੀਏ, ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਨਾਤਾ ਜੋੜੀਏ। ਕੁਰੀਤੀਆਂ ਤੋਂ ਦੂਰ ਹੋ ਕੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਨਾਲ ਨਾਤਾ ਜੋੜੀਏ। ਗੁਰੂ ਜੀ ਵੱਲੋਂ ਬਖ਼ਸ਼ਿਸ਼ ਜੀਵਨ ਜਾਚ ਅਪਨਾ ਕੇ ਸਾਰੇ ਸੰਸਾਰ ਲਈ ਰਾਹ ਦਸੇਰੇ ਬਣੀਏ।
ਨਵੀਂ ਪੀੜ੍ਹੀ ਨੂੰ ਗੌਰਵਮਈ ਇਤਿਹਾਸ ਤੋਂ ਕਰਵਾਈਏ ਜਾਣੂ
ਲੋੜ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਹੈ। ਹੌਲੀ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਸਮੇਂ ਗੁਰੂ ਜੀ ਦੇ ਹੁਕਮਾਂ ਅਨੁਸਾਰ ਬੱਚਿਆਂ ਨੂੰ ਉਨ੍ਹਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਈਏ ਤੇ ਮੁੜ ਪੰਜਾਬੀਆਂ ਨੂੰ ਬਹਾਦਰੀ ਦਾ ਪ੍ਰਤੀਕ ਬਣਾਈਏ।
• ਡਾ. ਰਣਜੀਤ ਸਿੰਘ