- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਬਣੀਆਂ ਬਉਲੀਆਂ, ਜਿੱਥੋਂ ਭਾਈ ਘਨੱਈਆ ਜੀ ਪਾਣੀ ਦੀ ਮਸ਼ਕ ਲੈ ਕੇ ਜ਼ਖ਼ਮੀ ਹੋਏ ਸਿੰਘਾਂ ਤੇ ਮੁਗ਼ਲਾਂ ਨੂੰ ਪਾਣੀ ਪਿਲਾਉਣ ਦੀ ਮਹਾਨ ਸੇਵਾ ਕਰਦੇ ਸਨ, ਉਨਾਂ ਬਉਲੀਆਂ ਤੋਂ ਲੋਕ ਅੱਜ ਵੀ ਪਾਣੀ ਪੀ ਕੇ ਪ੍ਰਸੰਨ ਹੋ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਦੇਂ ਪਿੰਡ ਮੋਹੀਆਲ ਵਿਖੇ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਤੇ ਪੁਰਾਤਨ ਬਉਲੀਆਂ ਅੱਜ ਵੀ ਭਾਈ ਘਨੱਈਆ ਜੀ ਦੀ ਉਸ ਯਾਦ ਨੂੰ ਤਾਜ਼ਾ ਕਰਵਾ ਰਹੀਆਂ ਹਨ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ‘ਹੋਲਾ ਮਹੱਲਾ’ ਬਾਰੇ ਸਪੱਸ਼ਟ ਲਿਖਦੇ ਹਨ ਕਿ ‘ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ਇਕ ਨੂੰ ਸਿੱਖਾਂ ’ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਤਰ੍ਹਾਂ ਦੀ ਮਸਨੂਈ ਲੜਾਈ ਹੈ, ਜਿਸ ’ਚ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉਤੇ ਹਮਲਾ ਕਰਦੇ ਸਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਦੇਖਦੇ ਹੋਏ ਦੋਵਾਂ ਦਲਾਂ ਨੂੰ ਲੋੜੀਂਦੀ ਸ਼ੁੱਭ ਸਿੱਖਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ’ਚ ਵਿਸ਼ੇਸ਼ ਇਨਾਮ ਬਖ਼ਸ਼ਦੇ ਸਨ। ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਨ 1700 ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ ਮਹਾਨ ਦੀਵਾਨ ਸਜਾਇਆ ਗਿਆ, ਜਿਸ ਵਿਚ ਦੂਰ-ਦੁਰਾਡੇ ਤੋਂ ਸੰਗਤਾਂ ਸ਼ਸਤਰ-ਬਸਤਰ ਸਜਾ ਕੇ ਘੋੜੇ-ਹਾਥੀਆਂ ਉਪਰ ਸ਼ੁਸ਼ੋਭਿਤ ਸੂਰਬੀਰ ਖ਼ਾਲਸਾ, ਨਿਹੰਗ ਫ਼ੌਜਾਂ, ਗੱਤਕਾ ਖੇਡਣ ਵਾਲੇ ਨੌਜਵਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਸ ਸਮੇਂ ਦੀਵਾਨ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਰੰਗਾਂ ਦੇ ਤਿਉਹਾਰ ‘ਹੋਲੀ’ ਨੂੰ ‘ਹੋਲਾ ਮਹੱਲਾ’ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ।
ਖ਼ਾਲਸਾ ਮੇਰੋ ਰੂਪ ਹੈ ਖ਼ਾਸ
ਚੜ੍ਹਦੀ ਕਲਾ ਦੀ ਇਸ ਪ੍ਰੰਪਰਾ ਨੂੰ ਨਿਰੰਤਰ ਜਾਰੀ ਰੱਖਣ ਲਈ ਅੱਜ ਵੀ ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਹੋਲਾ ਮਹੱਲਾ’ ਮਨਾਉਣ ਲਈ ਵੱਡੀ ਗਿਣਤੀ ਵਿਚ ਇਕੱਤਰ ਹੁੰਦਾ ਹੈ। ਵੱਡੇ ਦੀਵਾਨ ਸੱਜਦੇ ਹਨ। ਅਨੇਕਾਂ ਗੱਤਕਾ ਪਾਰਟੀਆਂ, ਦੁਮਾਲੇ ਸਜਾਏ ਸ਼ਸਤਰਾਂ-ਬਸਤਰਾਂ ’ਚ ਸਜੇ ਹੋਏ ਨਿਹੰਗ ਸਿੰਘਾਂ ਦੇ ਜੱਥੇ, ਘੋੜਿਆਂ-ਹਾਥੀਆਂ ’ਤੇ ਸਵਾਰ ਖ਼ਾਲਸਾ ਫ਼ੌਜ ਜਦੋਂ ਹੋਲੇ ਦੇ ਮਹਾਨ ਨਗਰ ਕੀਰਤਨ ’ਚ ਸ਼ਾਮਿਲ ਹੁੰਦੀ ਹੈ ਤਾਂ ਖ਼ਾਲਸੇ ਦੀ ਸ਼ਾਨ, ਜਲੌਅ, ਸੂਰਬੀਰਤਾ ਤੇ ਕਰਤੱਬ ਦੇਖ ਕੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦਾ ਵਰਦਾਨ ਪ੍ਰਤੱਖ ਦ੍ਰਿਸ਼ਟੀਮਾਨ ਹੁੰਦਾ ਹੈ। ਸ਼ਸਤਰਾਂ-ਬਸਤਰਾਂ ਨਾਲ ਸਜਿਆ ਇਹ ਹੋਲਾ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੁੰਦਾ ਹੈ, ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ ਸੰਪੰਨ ਹੁੰਦਾ ਹੈ। ਇਸ ਦੌਰਾਨ ਸ਼ਸਤਰਾਂ ਦੇ ਜੰਗਜੂ ਕਰਤੱਬ ਦਿਖਾਏ ਜਾਂਦੇ ਹਨ। ਸਿੰਘਾਂ ਦੀ ਘੋੜ ਦੌੜ, ਗੱਤਕੇਬਾਜ਼ੀ, ਨੇਜ਼ੇਬਾਜ਼ੀ, ਤੀਰਅੰਦਾਜ਼ੀ ਆਦਿ ਦੇ ਨਜ਼ਾਰੇ ਸੂਰਬੀਰਤਾ ਦੇ ਮਹਾਨ ਦ੍ਰਿਸ਼ ਪੇਸ਼ ਕਰਦੇ ਹਨ।
ਪੰਜ ਕਿਲ੍ਹਿਆਂ ਦਾ ਮਾਣਮੱਤਾ ਇਤਿਹਾਸਕ ਪੱਖ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਸ ਗੁਰੂ ਨਗਰੀ ਵਿਖੇ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਸੀ, ਜੋ ਆਪਣੀ ਮਿਸਾਲ ਆਪ ਹਨ। ਇਨ੍ਹਾਂ ਵਿਚ ਪਾਵਨ ਕਿਲ੍ਹਾ ਆਨੰਦਗੜ੍ਹ ਸਾਹਿਬ ਉਨ੍ਹਾਂ ਵੈਰਾਗਮਈ ਪਲਾਂ ਦੀ ਯਾਦ ਤਾਜ਼ ਕਰਵਾਉਂਦਾ ਹੈ, ਜੋ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਕਿਲ੍ਹੇ ਨੂੰ ਛੱਡਣ ਮੌਕੇ ਹੰਢਾਏ ਗਏ ਸਨ। ਇੱਥੋਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਇਸ ਕਿਲ੍ਹੇ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਨੇ ਲਗਪਗ 14 ਵਾਰ ਘੇਰਾ ਪਾਇਆ ਪਰ ਹਰ ਵਾਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਪਾਇਆ ਗਿਆ ਆਖ਼ਰੀ ਘੇਰਾ ਬਹੁਤ ਲੰਮਾ ਸਮਾਂ ਰਿਹਾ, ਜਿਸ ਕਰਕੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੇ ਨਮੋਸ਼ੀ ਤੋਂ ਬਚਣ ਲਈ ਗੁਰੂ ਸਾਹਿਬ ਨੂੰ ਕਿਲ੍ਹਾ ਖ਼ਾਲੀ ਕਰਨ ਦੀਆਂ ਬੇਨਤੀਆਂ ਕੀਤੀਆਂ। ਉਨ੍ਹਾਂ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਖਾਧੀਆਂ ਕਿ ਕਿਲ੍ਹਾ ਖ਼ਾਲੀ ਕਰ ਜਾਣ ਦੀ ਸੂਰਤ ਵਿਚ ਗੁਰੂ ਸਾਹਿਬ ਤੇ ਸਿੰਘਾਂ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ ਪਰ ਜਦੋਂ ਗੂਰੂ ਸਾਹਿਬ ਨੇ 6 ਤੇ 7 ਪੋਹ, 21-22 ਦਸੰਬਰ ਸੰਨ 1704 ਵਿਚਲੀ ਰਾਤ ਨੂੰ ਕਿਲ੍ਹਾ ਛੱਡਿਆ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਧੋਖਾ ਕਰ ਕੇ ਹਮਲਾ ਕਰ ਦਿੱਤਾ। ਇਸ ਪਾਵਨ ਅਸਥਾਨ ਤੋਂ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਹੋਰ ਸਿੰਘਾਂ ਨਾਲ ਸਦਾ-ਸਦਾ ਲਈ ਅਨੰਦਪੁਰੀ ਨੂੰ ਛੱਡ ਕੇ ਚਲੇ ਗਏ ਸਨ। ਅੱਜ ਵੀ ਇਸ ਕਿਲ੍ਹੇ ਦੀ ਉਸਾਰੀ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਦੂਰਅੰਦੇਸ਼ੀ ਸੋਚ ਤੇ ਹਾਲਾਤਾਂ ਦੇ ਮੱਦੇਨਜ਼ਰ ਇਸ ਦੀ ਉਸਾਰੀ ਬੜੇ ਸੁਚੱਜੇ ਤਰੀਕੇ ਨਾਲ ਕਰਵਾਈ ਸੀ।
ਖ਼ਾਸ ਅਹਿਮੀਅਤ ਰੱਖਦਾ ਕਿਲ੍ਹਾ ਲੋਹਗੜ੍ਹ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਵਾਏ ਕਿਲ੍ਹਿਆਂ ਵਿੱਚੋਂ ਕਿਲ੍ਹਾ ਲੋਹਗੜ੍ਹ ਸਾਹਿਬ ਵੀ ਖ਼ਾਸ ਅਹਮੀਅਤ ਰੱਖਦਾ ਹੈ। ਇਹ ਕਿਲ੍ਹਾ ਚੱਕ ਨਾਨਕੀ ਦੇ ਸਿਰੇ ਤੇ ਚਰਨ ਗੰਗਾ ਨਾਲੇ ਦੇ ਕੰਢੇ ’ਤੇ ਸੀ। ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਬਾਅਦ ਦੂਜੇ ਨੰਬਰ ’ਤੇ ਵਧੇਰੇ ਤਕੜਾ ਕਿਲ੍ਹਾ ਸੀ। ਇਸ ਵਿਚ ਗੁਰੂ ਸਾਹਿਬ ਨੇ ਹਥਿਆਰ ਬਣਾਉਣ ਦਾ ਕਾਰਖ਼ਾਨਾ ਲਗਾਇਆ ਹੋਇਆ ਸੀ। ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਸਾਰੇ ਕਿਲ੍ਹਿਆਂ ’ਤੇ ਹਮਲਾ ਕੀਤਾ ਤੇ ਹਰ ਜਗ੍ਹਾ ’ਤੇ ਹਾਰ ਦਾ ਮੂੰਹ ਦੇਖਿਆ ਪਰ ਲੋਹਗੜ੍ਹ ’ਤੇ ਉਹ ਹਮਲਾ ਕਰਨੋਂ ਉਂਜ ਵੀ ਝਿਜਕਦੇ ਸਨ ਕਿਉਂਕਿ ਇਸ ਦਾ ਗੇਟ ਤੋੜਨਾ ਉਨ੍ਹਾਂ ਦੇ ਵੱਸ ’ਚ ਨਹੀ ਸੀ। ਪਹਿਲੀ ਸਤੰਬਰ ਸੰਨ 1700 ਨੂੰ ਕਿਲ੍ਹਾ ਲੋਹਗੜ੍ਹ ਸਾਹਿਬ ’ਤੇ ਹਮਲਾ ਕਰਨ ਵਾਸਤੇ ਮਦਮਸਤ ਹਾਥੀ ਨੂੰ ਅੱਗੇ ਕੀਤਾ ਗਿਆ। ਇਸ ਹਾਥੀ ਨੂੰ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਗੇਟ ਨੇੜੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛਾ ਮਾਰ ਕੇ ਮੋੜਿਆ ਸੀ। ਇਸੇ ਜਗ੍ਹਾ ’ਤੇ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ। ਹੁਣ ਵਾਲੀ ਇਮਾਰਤ 1985 ਵਿਚ ਬਣੀ ਸੀ।
ਤੀਸਰਾ ਕਿਲ੍ਹਾ ਫ਼ਤਿਹਗੜ੍ਹ ਸਾਹਿਬ ਹੈ, ਜੋ ਸ਼ਹਿਰ ਦੇ ਬਿਲਕੁਲ ਅੰਦਰ ਸਥਿਤ ਹੈ। ਇਹ ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਦੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਸੀ ਤੇ ਚਰਨ ਗੰਗਾ ਖੱਡ ਦੇ ਕੰਢੇ ’ਤੇ ਬਣਵਾਇਆ ਗਿਆ ਸੀ। ਚੌਥਾ ਕਿਲ੍ਹਾ ਤਾਰਾਗੜ੍ਹ ਸਾਹਿਬ ਹੈ, ਜਿੱਥੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਮਾਲੇ ਸਜਾਏ ਗਏ ਸਨ। ਇੱਥੇ ਹੀ ਸਾਹਿਬਜ਼ਾਦਿਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇੱਥੇ ਬਹੁਤ ਵੱਡਾ ਬੋਹੜ ਦਾ ਦਰੱਖ਼ਤ ਹੁੰਦਾ ਸੀ, ਜਿੱਥੇ ਬੈਠ ਕੇ ਦਸਮੇਸ਼ ਪਿਤਾ ਜੀ ਆਪ ਯੁੱਧ ਵਿੱਦਿਆ ਦੀ ਸਿਖਲਾਈ ਦੀ ਦੇਖ-ਰੇਖ ਕਰਦੇ ਸਨ। ਪੰਜਵਾਂ ਕਿਲ੍ਹਾ ਹੋਲਗੜ੍ਹ ਸਾਹਿਬ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੰਗੀ ਹਥਿਆਰ ਤਿਆਰ ਕਰਵਾਉਂਦੇ ਸਨ। ਇਹ ਕਿਲ੍ਹਾ ਜਿੱਥੇ ਰੱਖਿਆ ਲਈ ਸੀ, ਉੱਥੇ ਇਸ ’ਚ ਇਕ ਕਾਰਖ਼ਾਨਾ ਵੀ ਸੀ, ਜਿੱਥੇ ਸੋਹਣੇ ਤੇ ਸੁੰਦਰ ਸ਼ਸਤਰ ਤਿਆਰ ਕੀਤੇ ਜਾਂਦੇ ਸਨ। ਇਨ੍ਹਾਂ ਸ਼ਸਤਰਾਂ ਦੀ ਵਰਤੋਂ ਜੰਗ ਸਮੇਂ ਕੀਤੀ ਜਾਂਦੀ ਸੀ। ਜਿਸ ਨਾਗਣੀ ਬਰਛੇ ਨਾਲ ਭਾਈ ਬੱਚਿਤਰ ਸਿੰਘ ਨੇ ਮਸਤ ਹਾਥੀ ਨੂੰ ਭਜਾਇਆ ਸੀ, ਉਹ ਨਾਗਣੀ ਬਰਛਾ ਵੀ ਇੱਥੇ ਹੀ ਤਿਆਰ ਕੀਤਾ ਗਿਆ ਸੀ।
ਭਾਈ ਘਨੱਈਆ ਦੀ ਯਾਦ ਤਾਜ਼ਾ ਕਰਵਾਉਂਦੀਆਂ ਪੁਰਾਤਨ ਬਉਲੀਆਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਬਣੀਆਂ ਬਉਲੀਆਂ, ਜਿੱਥੋਂ ਭਾਈ ਘਨੱਈਆ ਜੀ ਪਾਣੀ ਦੀ ਮਸ਼ਕ ਲੈ ਕੇ ਜ਼ਖ਼ਮੀ ਹੋਏ ਸਿੰਘਾਂ ਤੇ ਮੁਗ਼ਲਾਂ ਨੂੰ ਪਾਣੀ ਪਿਲਾਉਣ ਦੀ ਮਹਾਨ ਸੇਵਾ ਕਰਦੇ ਸਨ, ਉਨਾਂ ਬਉਲੀਆਂ ਤੋਂ ਲੋਕ ਅੱਜ ਵੀ ਪਾਣੀ ਪੀ ਕੇ ਪ੍ਰਸੰਨ ਹੋ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਦੇਂ ਪਿੰਡ ਮੋਹੀਆਲ ਵਿਖੇ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਤੇ ਪੁਰਾਤਨ ਬਉਲੀਆਂ ਅੱਜ ਵੀ ਭਾਈ ਘਨੱਈਆ ਜੀ ਦੀ ਉਸ ਯਾਦ ਨੂੰ ਤਾਜ਼ਾ ਕਰਵਾ ਰਹੀਆਂ ਹਨ, ਜਿੱਥੇ ਕਦੇ ਭਾਈ ਘਨੱਈਆ ਜੀ ਸਿੰਘਾਂ ਨਾਲ ਲੜਾਈ ਕਰਨ ਵਾਲੇ ਮੁਗ਼ਲਾਂ ਨੂੰ ਵੀ ਪਾਣੀ ਪਿਲਾ ਕੇ ਸਾਰਿਆਂ ਵਿਚ ਇਕ ਪਰਮਾਤਮਾ ਦੀ ਜੋਤ ਦੇਖਣ ਵਾਲੀ ਮਹਾਨ ਅਵਸਥਾ ਵਿਚ ਅੱਪੜ ਚੁੱਕੇ ਸਨ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਇਨ੍ਹਾਂ ਪੁਰਾਤਨ ਬਉਲੀਆਂ ’ਚੋਂ ਆਪਣੀ ਮਸ਼ਕ ਵਿਚ ਪਾਣੀ ਪਾ ਕੇ ਭਾਈ ਘਨੱਈਆ ਜੀ ਜ਼ਖ਼ਮੀਆਂ ਨੂੰ ਪਾਣੀ ਪਿਲਾਉਂਦੇ ਸਨ ਤਾਂ ਕਈ ਸਿੰਘਾਂ ਨੇ ਦਸਮ ਪਾਤਸ਼ਾਹ ਨੂੰ ਇਹ ਸ਼ਿਕਾਇਤ ਕੀਤੀ ਕਿ ਭਾਈ ਘਨੱਈਆ ਸਿੰਘਾਂ ਦੇ ਨਾਲ-ਨਾਲ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਹਨ। ਜਦੋਂ ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਤੋਂ ਇਸ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਜੁਆਬ ਦਿੱਤਾ ਕਿ ਮੈਨੂੰ ਤਾਂ ਹਰ ਚਿਹਰੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਦਰਸ਼ਨ ਹੁੰਦੇ ਹਨ। ਮੈਂ ਕਿਸੇ ਦੁਸ਼ਮਣ ਨੂੰ ਨਹੀ ਸਗੋਂ ਆਪਣੇ ਗੁਰੂ ਨੂੰ ਪਾਣੀ ਪਿਲਾ ਰਿਹਾ ਹਾਂ। ਇਸ ’ਤੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਮੱਲ੍ਹਮ ਦੀ ਡੱਬੀ ਦਿੰਦਿਆਂ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਸੇਵਾ ਵੀ ਕਰੋ। ਇਹ ਇਤਿਹਾਸਕ ਜਗ੍ਹਾ ਪਹਿਲਾਂ ਬੀਆਬਾਨ ਜੰਗਲ ਹੁੰਦਾ ਸੀ ਪਰ ਹੁਣ ਇੱਥੇ ਆਬਾਦੀ ਹੋ ਗਈ ਹੈ ਤੇ ਸ਼ਰਧਾਲੂ ਇਨ੍ਹਾਂ ਬਉਲੀਆਂ ਦੇ ਦਰਸ਼ਨ ਲਈ ਪੁੱਜਦੇ ਹਨ।
ਵਿਰਾਸਤ-ਏ-ਖ਼ਾਲਸਾ ਦੇ ਦੀਦਾਰ ਕਰਨ ਲਈ ਹੁੰਦਾ ਸੰਗਤਾਂ ਦਾ ਹੜ੍ਹ
ਅੱਠਵੇਂ ਅਜੂਬੇ ਦੇ ਨਾਂ ਨਾਲ ਜਾਣੇ ਜਾਂਦੇ ਵਿਰਾਸਤ-ਏ-ਖ਼ਾਲਸਾ ਦੇ ਦੀਦਾਰ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੇ ਇਤਿਹਾਸ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਦਰਸਾਇਆ ਗਿਆ ਹੈ। ਹੋਲੇ-ਮਹੱਲੇ ਮੌਕੇ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਵਿਰਾਸਤ-ਏ-ਖ਼ਾਲਸਾ ਦੇਖਣ ਦਾ ਸਮਾਂ ਵਧਾ ਦਿੱਤਾ ਜਾਂਦਾ ਹੈ।
ਹਰ ਪਾਸੇ ਹੁੰਦਾ ਖ਼ਾਲਸਾਈ ਜਾਹੋ-ਜਲਾਲ ਦਾ ਮਾਹੌਲ
ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਸ਼ੁਰੂਆਤ ਹੁੰਦਿਆਂ ਹੀ ਚਾਰੇ ਪਾਸੇ ਖ਼ਾਲਸਾਈ ਜਾਹੋ ਜਲਾਲ ਵਾਲਾ ਮਾਹੌਲ ਸਿਰਜ ਜਾਂਦਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਲੱਖਾਂ ਦੀ ਤਾਦਾਦ ਵਿਚ ਖ਼ਾਲਸੇ ਦੀ ਪਾਵਨ ਨਗਰੀ ਵਿਖੇ ਪੁੱਜ ਜਾਂਦੀ ਹੈ। ਹਰ ਪਾਸੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਹਨ। ਕੇਸਰੀ ਤੇ ਨੀਲੀਆਂ ਦਸਤਾਰਾਂ ਦਾ ਹੜ੍ਹ ਆ ਜਾਂਦਾ ਹੈ। ਹਰ ਗੁਰਸਿੱਖ ਡਾਢੇ ਚਾਅ ਤੇ ਉੁਤਸ਼ਾਹ ਨਾਲ ਇਸ ਪਾਵਨ ਮੌਕੇ ’ਤੇ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਆਪਣੇ ਧੰਨ ਭਾਗ ਸਮਝਦਾ ਹੈ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਗੁਰਸਿੱਖ ਵੀ ਇਸ ਮੌਕੇ ਹੋਲੇ ਦੇ ਰੰਗ ਵਿਚ ਰੰਗੇ ਨਜ਼ਰੀਂ ਆਉਂਦੇ ਹਨ।
ਸਜਾਏ ਜਾਂਦੇ ਹਨ ਧਾਰਮਿਕ ਦੀਵਾਨ
ਸਿੱਖ ਕੌਮ ਦੀ ਸਰਬਉੱਚ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥਕ ਜਥੇਬੰਦੀਆਂ ਵੱਲੋ ਹੋਲੇ-ਮਹੱਲੇ ਮੌਕੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਸੰਗਤਾਂ ਬਹੁਤ ਵੱਡੀ ਗਿਣਤੀ ਵਿਚ ਹਾਜ਼ਰੀ ਭਰਦੀਆਂ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ, ਕੀਰਤਨ ਦਰਬਾਰ, ਕਵੀ ਦਰਬਾਰ, ਕਥਾ ਦਰਬਾਰ ਹੁੰਦੇ ਹਨ, ਜਿਸ ਨਾਲ ਸਮੁੱਚਾ ਮਾਹੌਲ ਧਾਰਮਿਕ ਸ਼ਰਧਾ ਵਿਚ ਰੰਗਿਆ ਜਾਂਦਾ ਹੈ।
ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਦਰਸ਼ਨ
ਮਹੱਲੇ ਵਾਲੇ ਦਿਨ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਦੇ ਚਰਨਗੰਗਾ ਸਟੇਡੀਅਮ ਵਿਚ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਘੋੜਿਆਂ ’ਤੇ ਚੜ੍ਹੇ ਨਿਹੰਗ ਸਿੰਘ ਅਜਿਹੇ ਜੰਗਜੂ ਕਰਤੱਬ ਦਿਖਾਉਂਦੇ ਹਨ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ ਹਨ। ਪਹਿਲਾਂ ਇਕ ਨਿਹੰਗ ਸਿੰਘ ਇੱਕੋ ਘੋੜੇ ’ਤੇ ਫੇਰ ਦੋ ਤੇ ਫਿਰ ਤਿੰਨ ਘੋੜਿਆਂ ’ਤੇ ਅਤੇ ਬਾਅਦ ਵਿਚ ਇੱਕੋ ਨਿਹੰਗ ਸਿੰਘ ਚਾਰ ਚਾਰ ਘੋੜਿਆਂ ਨੂੰ ਦੌੜਾਉਂਦਾ ਹੋਇਆ ਲੋਕਾਂ ਦੀ ਵਾਹ-ਵਾਹ ਖੱਟਦਾ ਹੈ ਤੇ ਸੰਗਤਾਂ ਜੈਕਾਰਿਆਂ ਦੀ ਗੂੰਜ ਵਿਚ ਕਰਤੱਬ ਦਿਖਾਉਣ ਵਾਲਿਆਂ ਦਾ ਸਵਾਗਤ ਕਰਦੀਆਂ ਹਨ।
ਸੰਗਤਾਂ ਲਈ ਲੱਗਦੇ ਲੰਗਰ ਸ਼ਰਧਾ ਦੇ ਪ੍ਰਤੀਕ
ਹੋਲੇ ਮਹੱਲੇ ਦੇ ਆਰੰਭ ਹੁੰਦਿਆਂ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਕਰੀਬਨ 60-70 ਕਿਲੋਮੀਟਰ ਦੀ ਵਿੱਥ ਤੋਂ ਹੀ ਗੁਰੂ ਕੇ ਲੰਗਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਸ਼ਰਧਾ ਵਿਚ ਭਿੱਜੇ ਸ਼ਰਧਾਵਾਨ ਸੰਗਤਾਂ ਨੂੰ ਰੋਕ-ਰੋਕ ਕੇ ਗੁਰੂ ਕੇ ਲੰਗਰ ਛਕਾਉਂਦੇ ਹਨ।
ਗੱਤਕੇ ਤੇ ਸ਼ਸਤਰਾਂ ਦੀ ਸਿੱਖਿਆ ਦੇਣ ਦੀ ਲੋੜ
ਗੱਤਕੇ ਤੇ ਸ਼ਸਤਰਾਂ ਦੀ ਇਸ ਮਹਾਨ ਰਵਾਇਤ ਨੂੰ ਸਮੁੱਚੇ ਭਾਰਤ ਦੇ ਹਰ ਕਸਬੇ ਤੇ ਹਰ ਸ਼ਹਿਰ ਵਿਚ ਪਹੁੰਚਾਉਣ ਦੀ ਲੋੜ ਹੈ। ਜਿੱਥੇ-ਜਿੱਥੇ ਗੁਰੂ ਘਰ ਸਥਾਪਿਤ ਹਨ, ਉੱਥੇ ਹੋਲਾ-ਮਹੱਲਾ ਆਨ ਤੇ ਸ਼ਾਨ ਨਾਲ ਮਨਾਇਆ ਜਾਵੇ ਤੇ ਨੌਜਵਾਨਾਂ ਵਿਚ ਗੱਤਕੇ ਤੇ ਸ਼ਸਤਰਾਂ ਦੀ ਸਿੱਖਿਆ ਦਿੱਤੀ ਜਾਵੇ। ਹਰ ਗੁਰਦੁਆਰੇ, ਸਕੂਲ, ਕਾਲਜ, ਯੂਨੀਵਰਸਿਟੀ ਵਿਚ ਵੀ ਗੱਤਕੇ ਦੀ ਸਿਖਲਾਈ ਦੇ ਪ੍ਰਬੰਧ ਹੋਣੇ ਸਮੇਂ ਦੀ ਲੋੜ ਹੈ।
ਮੁਫ਼ਤ ਵੰਡਿਆ ਜਾਵੇਗਾ ਲਿਟਰੇਚਰ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹੋਲੇ-ਮਹੱਲੇ ਮੌਕੇ ਧਰਮ ਪ੍ਰਚਾਰ ਲਈ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਕਾਲਜ ਦੇ ਚੇਅਰਮੈਨ ਭਾਈ ਹਰਜੀਤ ਸਿੰਘ ਤੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦਾ ਜੱਥਾ ਧਰਮ ਪ੍ਰਚਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਸਿੱਖੀ ਸਿਧਾਂਤਾਂ ’ਤੇ ਆਧਾਰਿਤ ਲਿਟਰੇਚਰ ਸਟਾਲ, ਸਿੱਖ ਫੁਲਵਾੜੀ ਮੈਗਜ਼ੀਨ, ਦੋ ਸਾਲਾ ਪੱਤਰ ਵਿਹਾਰ ਕੋਰਸ ਦੀ ਬੁਕਿੰਗ ਕੀਤੀ ਜਾਵੇਗੀ ਤੇ ਸੰਗਤਾਂ ਨੂੰ ਮੁਫ਼ਤ ਲਿਟਰੇਚਰ ਵੰਡ ਕੇ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣਗੇ।
ਨਾਨਕਸ਼ਾਹੀ ਇੱਟਾਂ ਨਾਲ ਤਿਆਰ ਬਿਲਡਿੰਗ ਦੀ ਸੰਭਾਲ
ਕਹਿੰਦੇ ਹਨ ਕਿ ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਉਸ ਦਾ ਇਤਿਹਾਸ ਖ਼ਤਮ ਕਰ ਦਿਉ, ਕੌਮ ਆਪਣੇ ਆਪ ਖ਼ਤਮ ਹੋ ਜਾਵੇਗੀ। ਸ਼ਾਇਦ ਸਿੱਖ ਕੌਮ ਨਾਲ ਵੀ ਇਸ ਤਰ੍ਹਾਂ ਕਰਨ ਦੇ ਯਤਨ ਹੋ ਰਹੇ ਹਨ। ਗੁਰੂ ਸਾਹਿਬਾਨ ਦੇ ਸਮੇਂ ਦੀਆਂ ਪੁਰਾਤਨ ਬਿਲਡਿੰਗਾਂ, ਪੁਰਾਤਨ ਇਤਿਹਾਸ ਹੌਲੀ-ਹੌਲੀ ਕਰਕੇ ਖ਼ਤਮ ਹੋ ਰਿਹਾ ਹੈ। ਕਦੇ ਸਮਾਂ ਸੀ, ਜਦੋਂ ਗੁਰੂ ਸਾਹਿਬ ਦੇ ਸਮੇਂ ਦੀਆਂ ਪੁਰਾਤਨ ਬਿਲਡਿੰਗਾਂ ਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ ਸੀ ਤੇ ਮਹਿਸੂਸ ਹੁੰਦਾ ਸੀ ਕਿ ਸੱਚਮੁੱਚ ਇਥੇ ਗੁਰੂ ਸਾਹਿਬ ਜੀ ਰਹਿੰਦੇ ਹੁੰਦੇ ਸਨ ਪਰ ਅੱਜ ਉਨ੍ਹਾਂ ਬਿਲਡਿੰਗਾਂ ਦੀ ਥਾਂ ਸੰਗਮਰਮਰ ਨੇ ਲੈ ਲਈ ਹੈ। ਇਸ ਕਰਕੇ ਅਜੋਕੇ ਬੱਚਿਆਂ ਲਈ ਇਹ ਸਮਝਣਾ ਔਖਾ ਹੋ ਗਿਆ ਕਿ ਇਹ ਅਸਥਾਨ ਗੁਰੂ ਸਾਹਿਬ ਦੇ ਸਮੇਂ ਦੇ ਹਨ ਜਾਂ ਨਹੀਂ। ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਨਜ਼ਦੀਕ ਸੋਢੀ ਖ਼ਾਨਦਾਨ ਦੀ ਪੁਰਾਤਨ ਹਵੇਲੀ ਹੈ, ਜਿਸ ਦੀ ਸੰਭਾਲ ਸੋਢੀ ਵਿਕਰਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਏਕੜ ਦੇ ਕਰੀਬ ਰਕਬੇ ਵਿਚ ਨਾਨਕਸ਼ਾਹੀ ਇੱਟ ਨਾਲ ਤਿਆਰ ਹੋਈ ਇਸ ਹਵੇਲੀ ਦੀ ਸਮੁੱਚੀ ਬਿਲਡਿੰਗ, ਦਰਵਾਜ਼ੇ, ਬਾਰੀਆਂ ਆਦਿ ਗੁਰੂ ਸਾਹਿਬ ਦੇ ਸਮੇਂ ਦੀਆਂ ਹਨ ਤੇ ਇੱਥੇ ਨੌਵੇਂ ਤੇ ਦਸਵੇਂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਵੀ ਪਏ ਹੋਏ ਹਨ। ਹਵੇਲੀ ਦੀਆਂ ਚੌੜੀਆਂ ਕੰਧਾਂ, ਵੱਡੇ ਦਰਵਾਜ਼ੇ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਹਵੇਲੀ ਪੁਰਾਤਨ ਹੈ। ਹਵੇਲੀ ਦੇ ਬਾਹਰ ਦਾ ਵੱਡਾ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੈ, ਜੋ ਹਾਥੀਆਂ ਦੇ ਲੰਘਣ ਲਈ ਤਿਆਰ ਕੀਤਾ ਗਿਆ ਸੀ ਤੇ ਅੱਜ ਵੀ ਇਸ ਦੀ ਬਣਾਵਟ ਇਸ ਗੱਲ ਦੀ ਗਵਾਹ ਹੈ ਕਿ ਇੱਥੇ ਹਾਥੀ, ਘੋੜੇ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗ ਹਾਥੀਆਂ ਦੀ ਸਵਾਰੀ ਕਰਦੇ ਸਨ ਤੇ ਉਨ੍ਹਾਂ ਨਾਲ ਹਰ ਸਮੇਂ ਘੋੜਸਵਾਰ ਹੁੰਦੇ ਸਨ। ਇਸ ਹਵੇਲੀ ਵਿੱਚ ਜਿੱਥੇ ਸੋਢੀ ਖ਼ਾਨਦਾਨ ਦੀ ਰਿਹਾਇਸ਼ ਹੁੰਦੀ ਸੀ, ਉੱਥੇ 50 ਘੋੜਿਆਂ ਦੇ ਤਬੇਲੇ, 100 ਦੇ ਕਰੀਬ ਸੇਵਾਦਾਰਾਂ ਦੀ ਰਿਹਾਇਸ਼ ਵੀ ਹੁੰਦੀ ਸੀ। ਬਜ਼ੁਰਗ ਇੱਥੇ ਕਚਹਿਰੀਆਂ ਲਗਾਉਂਦੇ ਸਨ ਤੇ ਦੂਰ-ਦੁਰਾਡੇ ਤੋਂ ਲੋਕ ਇੱਥੇ ਪੁੱਜਦੇ ਸਨ। ਹਵੇਲੀ ਵਿਚ ਗੁਰੂ ਸਾਹਿਬ ਦੇ ਸਮੇਂ ਦਾ ਇਕ ਖ਼ੂਹ ਵੀ ਹੈ, ਜਿਸ ’ਚੋਂ ਅੱਜ ਵੀ ਪਾਣੀ ਮਿਲਦਾ ਹੈ।
- ਸੁਰਿੰਦਰ ਸਿੰਘ ਸੋਨੀ