Hind di Chadar : ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ
ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਫ਼ੈਸਲਾ ਕੀਤਾ ਕਿ ਗ਼ੈਰ- ਮੁਸਲਮਾਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਅਤੇ ਸਭ ਤੋਂ ਪਹਿਲਾਂ ਕਸ਼ਮੀਰ ਹੀ ਚੁਣਿਆ ਜਾਵੇ। ਉਸ ਦਾ ਖ਼ਿਆਲ ਸੀ ਕਿ ਜੇ ਇਹ ਲੋਕ ਇਸਲਾਮ ਕਬੂਲ ਕਰ ਲੈਣਗੇ ਤਾਂ ਬਾਕੀਆਂ ਨੂੰ ਵੀ ਤੋੜਨਾ ਔਖਾ ਨਹੀਂ। ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋਲ ਜਾ ਫ਼ਰਿਆਦ ਕੀਤੀ।
Publish Date: Tue, 20 Apr 2021 09:52 AM (IST)
Updated Date: Tue, 20 Apr 2021 09:54 AM (IST)
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਇਸ ਸਾਲ ਸਾਰੀ ਦੁਨੀਆ ’ਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜਨਮ ਪਹਿਲੀ ਅਪ੍ਰੈਲ 1621 ਈ: ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ, ਅੰਮਿ੍ਰਤਸਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ 1630 ਈ: ਤਕ ਅੰਮਿ੍ਰਤਸਰ ਵਿਖੇ ਰਹੇ ਤੇ ਉਸ ਤੋਂ ਬਾਅਦ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਵਿਖੇ ਚਲੇ ਗਏ। ਆਪ ਜੀ ਬਚਪਨ ਤੋਂ ਹੀ ਸੰਤ ਸਰੂਪ ਤੇ ਉੱਚੀ ਸੋਚ ਦੇ ਮਾਲਕ ਸਨ। ਉਨ੍ਹਾਂ ਨੂੰ ਧਰਮ ਗ੍ਰੰਥਾਂ ਦੀ ਵਿੱਦਿਆ ਦੇਣ ਦੇ ਨਾਲ-ਨਾਲ ਸ਼ਸਤਰਾਂ ਅਤੇ ਘੋੜ ਸਵਾਰੀ ਦੀ ਸਿਖਲਾਈ ਵੀ ਕਰਵਾਈ ਗਈ। ਉਨ੍ਹਾਂ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਧੀ ਬੀਬੀ ਗੁਜਰੀ ਜੀ ਨਾਲ ਹੋਇਆ। 1634 ਈ: ਨੂੰ ਕਰਤਾਰਪੁਰ ਸਾਹਿਬ ਵਿਖੇ ਹੋਈ ਜੰਗ ’ਚ ਉਨ੍ਹਾਂ ਨੇ ਆਪਣੇ ਜੌਹਰ ਦਿਖਾਏ ਤੇ ਆਪਣੇ ਆਪ ਨੂੰ ਤੇਗ ਦਾ ਧਨੀ ਸਾਬਿਤ ਕੀਤਾ। 1644 ਈ: ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਜੀ ਆਪਣੀ ਮਾਤਾ ਜੀ ਸਮੇਤ ਬਾਬਾ ਬਕਾਲਾ ਆ ਕੇ ਰਹਿਣ ਲੱਗ ਪਏ, ਜੋ ਉਨ੍ਹਾਂ ਦਾ ਨਾਨਕਾ ਪਿੰਡ ਸੀ। ਉਹ ਸਾਧਾਰਨ ਜਿਹੇ ਮਕਾਨ ਵਿਚ ਰਹਿਣ ਲੱਗ ਪਏ ਜਿੱਥੇ ਜ਼ਿਆਦਾ ਸਮਾਂ ਸਿਮਰਨ ਵਿਚ ਲੀਨ ਰਹਿੰਦੇ। ਇੱਥੇ ਹੀ ਭਜਨ ਬੰਦਗੀ ਵਿਚ 20 ਸਾਲ ਬੀਤ ਗਏ।
ਮੱਖਣ ਸ਼ਾਹ ਲੁਬਾਣਾ ਨੇ ਲੱਭਿਆ ਅਸਲ ਗੁਰੂ
ਸ੍ਰੀ ਗੁਰੂ ਹਰਕਿ੍ਰਸ਼ਨ ਜੀ 30 ਮਾਰਚ 1664 ਈ: ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤ ਨੂੰ ਕਹਿ ਗਏ ‘ਬਾਬਾ ਬਕਾਲਾ’। ਇਹ ਗੱਲ ਦੂਰ-ਦੂਰ ਤਕ ਫੈਲ ਗਈ। ਮੌਕੇ ਦਾ ਲਾਭ ਉਠਾਉਣ ਲਈ ਬਕਾਲੇ ’ਚ 22 ਲੋਕਾਂ ਨੇ ਗੱਦੀਆਂ ਲਾ ਲਈਆਂ ਤੇ ਉਹ ਸਮਝਦੇ ਸਨ ਕਿ ਸਾਨੂੰ ਗੁਰੂ ਮੰਨ ਲਿਆ ਜਾਵੇਗਾ। ਸਮਾਂ ਬੀਤਿਆ, ਮਾਰਚ 1665 ਵਿਚ ਮੱਖਣ ਸ਼ਾਹ ਲੁਬਾਣਾ ਨਾਂ ਦੇ ਸ਼ਰਧਾਲੂ ਨੇ ਆਪਣਾ ਬੇੜਾ ਬਰੋਤੀ ਪਾਰ ਚੜ੍ਹ ਜਾਣ ਕਰਕੇ ਪੰਜ ਸੌ ਮੋਹਰਾਂ ਗੁਰੂ ਘਰ ਨੂੰ ਭੇਂਟ ਕਰਨ ਦੀ ਸੁੱਖਣਾ ਸੁੱਖੀ ਸੀ। ਮੋਹਰਾਂ ਭੇਟਾ ਲੈ ਕੇ ਉਹ ਬਕਾਲਾ ਵਿਖੇ ਪੁੱਜਿਆ। ਏਨੇ ਗੁਰੂ ਵੇਖ ਕੇ ਉਹ ਦੁਬਿਧਾ ’ਚ ਫਸ ਗਿਆ। ਉਹ ਹਰ ਇਕ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗ ਪਿਆ ਪਰ ਤਸੱਲੀ ਨਾ ਹੋਈ। ਉਸ ਨੇ ਗੁਰੂ ਸਾਹਿਬ ਨੂੰ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਉਹ ਕਹਿਣ ਲੱਗੇ ਕਿ ਤੂੰ ਪੰਜ ਸੌ ਮੋਹਰਾਂ ਦੀ ਥਾਂ ਪੰਜ ਮੋਹਰਾਂ ਭੇਟ ਕਰ ਰਿਹਾ ਹੈਂ। ਉਸੇ ਵੇਲੇ ਮੱਖਣ ਸ਼ਾਹ ਨੇ ਮੋਹਰਾਂ ਗੁਰੂ ਚਰਨਾਂ ’ਚ ਧਰ ਕੇ ਮੱਥਾ ਟੇਕਿਆ ਤੇ ਕੋਠੇ ਚੜ੍ਹ ਕੇ ਉੱਚੀ-ਉੱਚੀ ਪੁਕਾਰਨ ਲੱਗਿਆ, ‘ਗੁਰੂ ਲਾਧੋ ਰੇ ਗੁਰੂ ਲਾਧੋ ਰੇ।’ 22 ਮੰਜੀਆਂ ਵਾਲੇ ਪਖੰਡੀ ਉੱਜੜ ਗਏ ਅਤੇ ਸੱਚੇ ਗੁਰੂ ਪ੍ਰਗਟ ਹੋ ਗਏ। ਸੰਗਤ ਹੁੰਮ-ਹੁੰਮਾ ਕੇ ਪੁੱਜਣ ਲੱਗੀ। 20 ਮਾਰਚ 1665 ਈ: ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਨੂੰ ਤਿਲਕ ਲਾ ਕੇ ਗੁਰਿਆਈ ਬਖ਼ਸ਼ੀ।
ਕਈ ਇਲਾਕਿਆਂ ’ਚ ਕੀਤਾ ਸਿੱਖੀ ਦਾ ਪ੍ਰਚਾਰ
ਜਿਸ ਤਰ੍ਹਾਂ ਬੱਦਲ ਅਨੇਕਾਂ ਥਾਵਾਂ ’ਤੇ ਮੀਂਹ ਪਾ ਕੇ ਤਪਦੇ ਸੰਸਾਰ ਨੂੰ ਠੰਢ ਪਾਉਂਦਾ ਹੈ, ਉਸੇ ਤਰ੍ਹਾਂ ਸਤਿਗੁਰ ਨੇ ਆਤਮਿਕ ਸੰਦੇਸ਼ਾਂ ਨਾਲ ਸੰਸਾਰ ਨੂੰ ਤਾਰਿਆ। ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਧਰਮ ਪ੍ਰਚਾਰ ਲਈ ਤੁਰ ਪਏ। ਕੁਝ ਉੱਘੇ ਸਿੱਖ ਸ਼ਰਧਾਲੂ ਵੀ ਨਾਲ ਸਨ। ਇਸ ਯਾਤਰਾ ਦਾ ਮੁੱਖ ਕਾਰਨ ਸੀ ਸਿੱਖ ਸੰਗਤ ਨਾਲ ਮੇਲ-ਜੋਲ ਕਰਨਾ ਤੇ ਦੂਜਾ ਔਰੰਗਜ਼ੇਬ ਦੀਆਂ ਗ਼ਲਤ ਨੀਤੀਆਂ ਕਾਰਨ ਕਸ਼ਟ ਝੱਲ ਰਹੇ ਲੋਕਾਂ ਨੂੰ ਜਥੇਬੰਦ ਕਰਨਾ ਅਤੇ ਉਨ੍ਹਾਂ ਦੀਆਂ ਤਕਲੀਫ਼ਾਂ ਦਾ ਹੱਲ ਕਰਨਾ। ਸੰਗਤ ਨਾਲ ਬਚਨ ਬਿਲਾਸ ਕਰਦੇ ਹੋਏ ਗੁਰੂ ਸਾਹਿਬ ਕੁਰੂਕਸ਼ੇਤਰ ਅਤੇ ਬਨੇਸਰ ਗਏ, ਜਿੱਥੇ ਉਨ੍ਹਾਂ ਦੀ ਯਾਦ ’ਚ ਕਈ ਇਤਿਹਾਸਿਕ ਗੁਰਦੁਆਰੇ ਹਨ। ਉਸ ਤੋਂ ਬਾਅਦ ਉਹ ਯਮੁਨਾ ਪਾਰ ਯੂਪੀ ਪਹੁੰਚੇ ਤੇ ਅਨੇਕਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਵਰਜਦਿਆਂ ਚੰਗਾ ਜੀਵਨ ਜਿਉਣ ਲਈ ਪ੍ਰੇਰਿਆ ਤੇ ਬਾਣੀ ਨਾਲ ਜੋੜਿਆ। ਇਸ ਉਪਰੰਤ ਉਹ ਮਥੁਰਾ ਅਤੇ ਆਗਰੇ ਤੋਂ ਤਿ੍ਰਵੇਣੀ ਅਤੇ ਕਾਸ਼ੀ ਪੁੱਜੇ। ਉਸ ਤੋਂ ਬਾਅਦ ਉਹ ਪਟਨਾ ਸਾਹਿਬ ਪੁੱਜੇ। ਉਹ ਜਿੱਥੇ- ਜਿੱਥੇ ਜਾਂਦੇ, ਉੱਥੇ ਬਾਣੀ ਦਾ ਰਸ ਵੰਡਦੇ।
ਸਿਦਕ ਅੱਗੇ ਹਾਰਿਆ ਮੁਗ਼ਲਾਂ ਦਾ ਜ਼ੁਲਮ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਦਾ ਇਨਸਾਫ੍ਰ, ਸੱਚਾਈ, ਦਲੇਰੀ ਤੇ ਇਮਾਨਦਾਰੀ ਵਾਲਾ ਜੀਵਨ ਜਿਉਣ ਲਈ ਸੰਗਤ ਨੂੰ ਪ੍ਰੇਰਦੇ ਸਨ। 11 ਜੁਲਾਈ, 1675 ਨੂੰ ਉਹ ਪੰਜ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਆਗਰਾ ਪੁੱਜੇ। ਗੁਰੂ ਸਾਹਿਬ ਨੂੰ ਸਿੱਖਾਂ ਸਮੇਤ ਆਗਰੇ ਤੋਂ ਗਿ੍ਰਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। ਗੁਰੂ ਸਾਹਿਬ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ : ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ, ਮੌਤ ਕਬੂਲ ਕਰੋ। ਸਤਿਗੁਰ ਨੇ ਜਵਾਬ ਦਿੱਤਾ ਕਿ ਸਾਡੇ ਲਈ ਆਪਣਾ ਧਰਮ ਪਿਆਰਾ ਹੈ। ਕਰਾਮਾਤ ਕਹਿਰ ਦਾ ਨਾਂ ਹੈ, ਇਹ ਅਸੀਂ ਦਿਖਾਉਣੀ ਨਹੀਂ। ਤੀਜੀ ਰਹੀ ਮੌਤ ਇਸ ਨੂੰ ਅਸੀਂ ਪਰਵਾਨ ਕਰਦੇ ਹਾਂ। ਜੇ ਕਿਸੇ ਜ਼ੁਲਮ ਨੂੰ ਮਿਟਾਉਣ ਲਈ ਸਰੀਰ ਮਿਟ ਜਾਵੇ ਤਾਂ ਇਸ ਨੇ ਇਕ ਦਿਨ ਮਿਟ ਹੀ ਜਾਣਾ ਹੈ। ਸਤਿਗੁਰ ਨੂੰ ਸ਼ਹੀਦ ਕਰਨ ਲਈ ਹੁਕਮ ਜਾਰੀ ਕਰ ਦਿੱਤਾ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਤੇ ਫਿਰ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀਅ ਰੂੰ ’ਚ ਲਪੇਟ ਕੇ ਅੱਗ ਲਾ ਕੇ ਸਾੜਿਆ ਗਿਆ। ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ ’ਚ ਉਬਾਲਿਆ ਗਿਆ। ਗੁਰੂ ਸਾਹਿਬ ਦੇ ਤਿੰਨ ਪਿਆਰੇ ਸਿੱਖ ਆਪਣਾ ਸਿਦਕ ਨਿਭਾਉਂਦੇ ਸ਼ਹੀਦ ਹੋ ਗਏ। 11 ਨਵੰਬਰ, 1675 ਵੀਰਵਾਰ ਦਾ ਦਿਨ ਸੀ ਜਦੋਂ ਦਿੱਲੀ ਦੇ ਚਾਂਦਨੀ ਚੌਂਕ ’ਚ ਗੁਰੂ ਸਾਹਿਬ ਦਾ ਸਿਰ ਜੱਲਾਦ ਵੱਲੋਂ ਧੜ ਤੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਥਾਂ ’ਤੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ। ਗੁਰੂ ਸਾਹਿਬ ਦੇ ਸਿਦਕ ਅੱਗੇ ਮੁਗਲਾਂ ਦਾ ਜੁਲਮ ਹਾਰ ਗਿਆ। ਚਾਂਦਨੀ ਚੌਂਕ ’ਚ ਹਾਹਾਕਾਰ ਮਚੀ ਪਈ ਸੀ ਪਰ ਗੁਰੂ ਘਰ ਦੇ ਪਿਆਰੇ ਸਿੱਖ ਭਾਈ ਜੈਤਾ ਜੀ ਬੜੀ ਹੀ ਚੁਸਤੀ ਨਾਲ ਹਾਕਮਾਂ ਤੋਂ ਅੱਖ ਬਚਾ ਕੇ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਪਹੁੰਚ ਗਏ। ਗੁਰੂ ਸਾਹਿਬ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਬੜੇ ਮਾਣ- ਸਤਿਕਾਰ ਸਹਿਤ ਆਪਣੇ ਘਰ ’ਚ ਲੈ ਗਿਆ ਅਤੇ ਉੱਥੇ ਹੀ ਸਸਕਾਰ ਕਰ ਦਿੱਤਾ ਗਿਆ, ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ। ਇਸ ਮਹਾਨ ਸ਼ਹੀਦੀ ਕਰਕੇ ਗੁਰੂ ਸਾਹਿਬ ਨੂੰ ਮਾਣ- ਸਤਿਕਾਰ ਨਾਲ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ।
ਕਸ਼ਮੀਰੀ ਪੰਡਤਾਂ ਦੀ ਸੁਣੀ ਫ਼ਰਿਆਦ
ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਫ਼ੈਸਲਾ ਕੀਤਾ ਕਿ ਗ਼ੈਰ- ਮੁਸਲਮਾਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਅਤੇ ਸਭ ਤੋਂ ਪਹਿਲਾਂ ਕਸ਼ਮੀਰ ਹੀ ਚੁਣਿਆ ਜਾਵੇ। ਉਸ ਦਾ ਖ਼ਿਆਲ ਸੀ ਕਿ ਜੇ ਇਹ ਲੋਕ ਇਸਲਾਮ ਕਬੂਲ ਕਰ ਲੈਣਗੇ ਤਾਂ ਬਾਕੀਆਂ ਨੂੰ ਵੀ ਤੋੜਨਾ ਔਖਾ ਨਹੀਂ। ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋਲ ਜਾ ਫ਼ਰਿਆਦ ਕੀਤੀ। ਸਤਿਗੁਰਾਂ ਨੇ ਉਨ੍ਹਾਂ ਦੇ ਦੁੱਖ ਨੂੰ ਬਹੁਤ ਹੀ ਹਮਦਰਦੀ ਨਾਲ ਸੁਣਿਆ ਤੇ ਫੁਰਮਾਇਆ ਕਿ ਇਹ ਸੰਕਟ ਟਲ ਸਕਦਾ ਹੈ ਜੇ ਕੋਈ ਮਹਾਨ ਵਿਅਕਤੀ ਬਲਿਦਾਨ ਦੇਵੇ। ਇਹ ਸੁਣ ਕੇ ਕੋਲ ਬੈਠੇ ਬਾਲ ਗੋਬਿੰਦ ਰਾਏ ਜੀ ਨੇ ਕਿਹਾ, ‘‘ ਪਿਤਾ ਜੀ ਤੁਹਾਡੇ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ?’’ ਸਤਿਗੁਰਾਂ ਨੇ ਪੰਡਤਾਂ ਨੂੰ ਕਿਹਾ ਕਿ ਤੁਸੀਂ ਬੇਸ਼ੱਕ ਬਾਦਸ਼ਾਹ ਨੂੰ ਲਿਖ ਭੇਜੋ ਕਿ ਅਸੀਂ ਤੁਹਾਡੇ ਧਾਰਮਿਕ ਰਹਿਬਰ ਹਾਂ, ਜੇ ਇਹ ਇਸਲਾਮ ਕਬੂਲ ਕਰਦੇ ਹਨ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਗਿ੍ਰਫ਼ਤਾਰ ਕਰ ਕੇ ਦਿੱਲੀ ਲਿਆਉਣ ਦਾ ਹੁਕਮ ਦਿੱਤਾ। ਸਤਿਗੁਰਾਂ ਨੂੰ ਪਤਾ ਸੀ ਕਿ ਕੁਰਬਾਨੀ ਸਮੇਂ ਦੀ ਲੋੜ ਹੈ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਸੰਗਤ ਨੂੰ ਬਚਨ ਕੀਤਾ ਕਿ ਸਾਡੇ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਗੋਬਿੰਦ ਰਾਇ ਸੰਭਾਲਣਗੇ।
ਚੱਕ ਨਾਨਕੀ ਵਸਾਉਣਾ
ਕੁਝ ਸਮਾਂ ਬਾਬਾ ਬਕਾਲਾ ਰਹਿਣ ਉਪਰੰਤ ਗੁਰੂ ਸਾਹਿਬ ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੀ ਯਾਤਰਾ ਕਰ ਕੇ ਅੰਮਿ੍ਰਤਸਰ ਪੁੱਜੇ। ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਥੜਾ ਸਾਹਿਬ ਤੋਂ ਬੇਰੀ ਥੱਲੇ ਆ ਬਿਰਾਜਣ ਤੋਂ ਬਾਅਦ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਸਾਹਿਬ ਬਾਹਰੋਂ ਹੀ ਦਰਸ਼ਨ ਕਰ ਕੇ ਕੁਝ ਕੁ ਦੂਰ ਪਿੰਡ ਵੱਲਾ ਵਿਖੇ ਪੁੱਜੇ। ਸੰਗਤ ਨੇ ਬਹੁਤ ਹੀ ਸਤਿਕਾਰ ਕੀਤਾ। ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ। ਗੁਰੂ ਸਾਹਿਬ ਨੇ ਮਾਝੇ ’ਚ ਗੁਰਦੁਆਰਿਆਂ ਦੀ ਯਾਤਰਾ ਤੋਂ ਬਾਅਦ ਕੀਰਤਪੁਰ ਸਾਹਿਬ ਜਾਣ ਦਾ ਮਨ ਬਣਾ ਲਿਆ ਪਰ ਧੀਰ ਮੱਲੀਆਂ ਦੇ ਹਮਾਇਤੀਆਂ ਦਾ ਵਤੀਰਾ ਠੀਕ ਨਾ ਹੋਣ ਕਾਰਨ ਸਤਿਗੁਰਾਂ ਨੇ ਕਹਿਲੂਰ ਦੇ ਰਾਜੇ ਪਾਸੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਇਸ ਦਾ ਨਾਂ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਂ ’ਤੇ ਰੱਖਿਆ, ਜੋ ਬਾਅਦ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
- ਮਨਜੋਤ ਸਿੰਘ ਕੰਗ