ਚੁੱਪਚਾਪ ਦੱਬੇ ਪੈਰੀਂ ਇਹ ਸਾਡੇ ਅੰਦਰ ਆ ਕੇ ਆਪਣਾ ਦਬਦਬਾ ਬਣਾ ਲੈਂਦੇ ਹਨ ਜਿਸ ਕਾਰਨ ਸਾਨੂੰ ਗੁੱਸਾ ਆਉਂਦਾ ਹੈ, ਅਸੀਂ ਝੂਠ ਬੋਲਦੇ ਹਾਂ, ਅਸੀਂ ਹੋਰਾਂ ਨੂੰ ਧੋਖਾ ਦਿੰਦੇ ਹਾਂ ਤੇ ਹੰਕਾਰ ਕਾਰਨ ਅਸੀਂ ਕਈ ਤਰ੍ਹਾਂ ਦੀ ਖ਼ਰਾਬੀ ਕਰਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਚੋਰ ਸਾਨੂੰ ਸਾਡੇ ਸੱਚੇ ਘਰ ਤੇ ਰੂਹਾਨੀਅਤ ਤੋਂ ਦੂਰ ਕਰ ਦਿੰਦੇ ਹਨ।

ਜੀਵਨ ਵਿਚ ਹਰੇਕ ਮਨੁੱਖ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕੋਲ ਆਪਣਾ ਘਰ ਹੋਵੇ। ਇਕ ਪਿਤਾ ਆਪਣੇ ਪਰਿਵਾਰ ਨੂੰ ਵਧਾਉਂਦਾ ਹੈ ਤੇ ਆਪਣੇ ਪਰਿਵਾਰ ਤੇ ਬੱਚਿਆਂ ਦੀ ਸੁਰੱਖਿਆ ਲਈ ਉਹ ਕੰਮ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਪਰਿਵਾਰ ਤੇ ਸੰਪਤੀ ਦੀ ਸੁਰੱਖਿਆ ਲਈ ਇਕ ਘਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ।
ਜਦ ਅਸੀਂ ਕੋਈ ਘਰ ਖ਼ਰੀਦਦੇ ਹਾਂ, ਚਾਹੇ ਉਹ ਅਸੀਂ ਬਣਵਾਇਆ ਹੋਵੇ ਜਾਂ ਕਿਰਾਏ ’ਤੇ ਲਿਆ ਹੋਵੇ, ਉਸ ਨੂੰ ਅਸੀਂ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਸਭ ਇਸ ਗੱਲ ਦਾ ਖ਼ਾਸ ਧਿਆਨ ਰੱਖਦੇ ਹਾਂ ਕਿ ਸਾਡਾ ਘਰ ਸੁਰੱਖਿਅਤ ਰਹੇ। ਉੱਥੇ ਅਸੀਂ ਮੋਟੀਆਂ ਗਰਿੱਲਾਂ ਤੇ ਸਕਿਉਰਿਟੀ ਦੇ ਹੋਰ ਸਾਧਨ ਲਗਵਾਉਂਦੇ ਹਾਂ। ਅੱਜ-ਕੱਲ੍ਹ ਤਾਂ ਸੁਰੱਖਿਆ ਅਲਾਰਮ ਵੀ ਲਗਵਾਏ ਜਾਂਦੇ ਹਨ ਤਾਂ ਕਿ ਚੋਰਾਂ ਨੂੰ ਘਰ ਵਿਚ ਵੜਨ ਤੋਂ ਰੋਕਿਆ ਜਾ ਸਕੇ।
ਅਸੀਂ ਸਭ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਰਹਿੰਦੇ ਹਾਂ, ਉਹ ਜਗ੍ਹਾ ਸੁਰੱਖਿਅਤ ਰਹੇ ਜਿਸ ਨਾਲ ਕਿ ਸਾਡੇ ਪਰਿਵਾਰ ਤੇ ਸੰਪਤੀ ਦੀ ਦੇਖਭਾਲ ਤੇ ਸੁਰੱਖਿਆ ਹੋ ਸਕੇ। ਸਾਰੇ ਸੰਤ-ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਅਸੀਂ ਚੋਰਾਂ ਤੋਂ ਆਪਣੇ ਘਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਆਪਣੀ ਆਤਮਾ ਦੀ ਵੀ ਸੁਰੱਖਿਆ ਕਰਨੀ ਚਾਹੀਦੀ ਹੈ। ਪਰ ਅਣਜਾਣੇ ਵਿਚ ਅਸੀਂ ਚੋਰਾਂ ਨੂੰ ਆਪਣੇ ਅੰਦਰ ਵੜਨ ਦਿੰਦੇ ਹਾਂ ਅਤੇ ਅੰਦਰ ਆਉਂਦੇ ਹੀ ਉਹ ਤਬਾਹੀ ਮਚਾ ਦਿੰਦੇ ਹਨ।
ਇਹ ਪੰਜ ਚੋਰ ਹਨ : ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ। ਇਹ ਸਾਡੇ ਅੰਦਰ ਵੜ ਚੁੱਕੇ ਹਨ ਤੇ ਦਿਨ-ਬ-ਦਿਨ ਖ਼ਰਾਬੀ ਕਰ ਰਹੇ ਹਨ। ਅਸੀਂ ਆਪਣੇ ਘਰਾਂ ਨੂੰ ਤਾਂ ਚੋਰੀ ਤੋਂ ਬਚਾਉਣ ’ਚ ਸਫਲ ਹੋ ਸਕਦੇ ਹਾਂ ਪਰ ਕੀ ਅਸੀਂ ਇਸੇ ਤਰ੍ਹਾਂ ਇਨ੍ਹਾਂ ਪੰਜ ਚੋਰਾਂ ਨੂੰ ਆਪਣੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕ ਸਕਦੇ ਹਾਂ?
ਚੁੱਪਚਾਪ ਦੱਬੇ ਪੈਰੀਂ ਇਹ ਸਾਡੇ ਅੰਦਰ ਆ ਕੇ ਆਪਣਾ ਦਬਦਬਾ ਬਣਾ ਲੈਂਦੇ ਹਨ ਜਿਸ ਕਾਰਨ ਸਾਨੂੰ ਗੁੱਸਾ ਆਉਂਦਾ ਹੈ, ਅਸੀਂ ਝੂਠ ਬੋਲਦੇ ਹਾਂ, ਅਸੀਂ ਹੋਰਾਂ ਨੂੰ ਧੋਖਾ ਦਿੰਦੇ ਹਾਂ ਤੇ ਹੰਕਾਰ ਕਾਰਨ ਅਸੀਂ ਕਈ ਤਰ੍ਹਾਂ ਦੀ ਖ਼ਰਾਬੀ ਕਰਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਚੋਰ ਸਾਨੂੰ ਸਾਡੇ ਸੱਚੇ ਘਰ ਤੇ ਰੂਹਾਨੀਅਤ ਤੋਂ ਦੂਰ ਕਰ ਦਿੰਦੇ ਹਨ।
ਰੂਹਾਨੀ ਤਰੱਕੀ ਕਰਨ ਦੀ ਥਾਂ ਅਸੀਂ ਇਨ੍ਹਾਂ ਚੋਰਾਂ ਦੁਆਰਾ ਨਕਾਰਾਤਮਕ ਵਿਚਾਰਾਂ ਨਾਲ ਭਰ ਜਾਂਦੇ ਹਾਂ ਤੇ ਸਾਡੀ ਸੱਚੀ ਦੌਲਤ, ਜੋ ਕਿ ਪਰਮਾਤਮਾ ਨਾਲ ਜੁੜਨਾ ਹੈ, ਉਸ ਨਾਲ ਅਸੀਂ ਜੁੜ ਨਹੀਂ ਪਾਉਂਦੇ। ਜੇ ਅਸੀਂ ਕਿਸੇ ਅਜਿਹੇ ਸੰਤ-ਮਹਾਪੁਰਸ਼ ਦੀ ਸੰਗਤ ਕਰੀਏ ਜੋ ਰੂਹਾਨੀਅਤ ਦੀ ਦੌਲਤ ਨੂੰ ਵੰਡਦਾ ਹੋਵੇ, ਉਸ ਨਾਲ ਰਹਿਣ, ਨਾਮ-ਸਿਮਰਨ ਤੇ ਸਤਿਸੰਗ ਨਾਲ ਅਸੀਂ ਆਪਣੇ ਮਨ ਦੀ ਸਥਿਤੀ ਨੂੰ ਬਦਲ ਸਕਦੇ ਹਾਂ।
-ਸੰਤ ਰਾਜਿੰਦਰ ਸਿੰਘ।