- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਹਾਨੀਅਤ, ਕੁਰਬਾਨੀ, ਚੜ੍ਹਦੀਕਲਾ ਅਤੇ ਆਪਾ ਵਾਰਨ ਦੀ ਮਸ਼ਾਲ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਜਗਾ ਦਿੱਤੀ ਸੀ। ਉਪਰੰਤ ਇਸ ’ਚ ਗੁਰੂ ਸਾਹਿਬਾਨ ਨੇ ਆਪਣਾ ਸਭ ਕੁਝ ਵਾਰ ਕੇ ਰੱਬੀ ਪੈਗ਼ਾਮ ਦਾ ਸਦੀਵੀ ਸੋਮਾ ਬਣਾ ਦਿੱਤਾ। ਗੁਰੂ ਸਾਹਿਬ ਦੇ ਬਾਅਦ ਇਸ ਸ਼ਮਾਂ ਦੇ ਪਰਵਾਨਿਆਂ ਨੇ ਇਸ ਲੋਅ ਨੂੰ ਨਾ ਕੇਵਲ ਜਗਦੀ ਰੱਖਿਆ ਬਲਕਿ ਇਸ ਨੂੰ ਹੋਰ ਪ੍ਰਚੰਡ ਕੀਤਾ।

ਰੂਹਾਨੀਅਤ, ਕੁਰਬਾਨੀ, ਚੜ੍ਹਦੀਕਲਾ ਅਤੇ ਆਪਾ ਵਾਰਨ ਦੀ ਮਸ਼ਾਲ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਜਗਾ ਦਿੱਤੀ ਸੀ। ਉਪਰੰਤ ਇਸ ’ਚ ਗੁਰੂ ਸਾਹਿਬਾਨ ਨੇ ਆਪਣਾ ਸਭ ਕੁਝ ਵਾਰ ਕੇ ਰੱਬੀ ਪੈਗ਼ਾਮ ਦਾ ਸਦੀਵੀ ਸੋਮਾ ਬਣਾ ਦਿੱਤਾ। ਗੁਰੂ ਸਾਹਿਬ ਦੇ ਬਾਅਦ ਇਸ ਸ਼ਮਾਂ ਦੇ ਪਰਵਾਨਿਆਂ ਨੇ ਇਸ ਲੋਅ ਨੂੰ ਨਾ ਕੇਵਲ ਜਗਦੀ ਰੱਖਿਆ ਬਲਕਿ ਇਸ ਨੂੰ ਹੋਰ ਪ੍ਰਚੰਡ ਕੀਤਾ।
ਇਸ ਪ੍ਰਚੰਡ ਕੌਮੀ ਲਹਿਰ ਵਿਚ ਅਣਗਿਣਤ ਪਰਵਾਨੇ ਆਏ ਪਰ ਕੁਝ ਐਸੀਆਂ ਰੂਹਾਂ ਵੀ ਪ੍ਰਗਟ ਹੋਈਆਂ ਜਿਨ੍ਹਾਂ ਵਲੋਂ ਸਿਰਜੇ ਇਤਿਹਾਸ ਨੇ ਸਾਰੇ ਜਗਤ ਨੂੰ ਚਕਾਚੌਂਧ ਕਰ ਦਿੱਤਾ। ਇਨ੍ਹਾਂ ’ਚ ਅਕਾਲੀ ਫੂਲਾ ਸਿੰਘ ਇਕ ਐਸਾ ਹੀ ਧਰੂ ਤਾਰਾ ਸੀ। ਬਾਬਾ ਜੀ ਨੇ ਆਉਣ ਵਾਲੀਆਂ ਨਸਲਾਂ ਲਈ ਗੁਰਸਿੱਖੀ ਅਤੇ ਚੜ੍ਹਦੀਕਲਾ ਦੇ ਪੈਮਾਨੇ ਨਿਸ਼ਚਤ ਕਰ ਦਿੱਤੇ। ਬਾਬਾ ਜੀ ਵੱਲੋਂ ਜੀਵਨ ਦੇ ਹਰ ਖੇਤਰ ਵਿਚ ਕੀਤੇ ਕਾਰਨਾਮੇ ਆਉਣ ਵਾਲੇ ਇਤਿਹਾਸ ਲਈ ਇਕ ਆਦਰਸ਼ ਅਤੇ ਚੁਣੌਤੀ ਰਹਿਣਗੇ।
ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ ,
ਹੈਸੀ ਨਾਲ ਸਰਕਾਰ ਦੇ ਸੰਗ ਯਾਰੋ।
ਇਕ ਨਾਮ ਗਰਾਮੀ ਸਰਦਾਰ ਭਾਰਾ,
ਹੁਸ਼ਿਆਰ ਮਾਨਿੰਦ ਪਲੰਗ ਯਾਰੋ।
ਮਸਤ ਜੰਗ ਦੇ ਵਿਚ ਅਨੰਦ ਰਹਿੰਦਾ,
ਮਸ਼ਹੂਰ ਜਹਾਨ ਅੰਦਰ।
ਫੂਲਾ ਸਿੰਘ ਅਕਾਲੀ ਨਿਹੰਗ ਯਾਰੋ ॥੧੩॥
(ਕਾਦਰਯਾਰ)
ਅਕਾਲੀ ਫੂਲਾ ਸਿੰਘ ਜੀ ਨੇ ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ।। ਦੇ ਪਾਵਨ ਗੁਰਵਾਕ ਨੂੰ ਸਰਸ਼ਾਰ ਕੀਤਾ। ਇਸ ਮੁਤਾਬਕ ਉਨ੍ਹਾਂ ਦੇ ਜੀਵਨ ਦੇ ਕਿਸ ਪੱਖ ਨੂੰ ਚੇਤੇ ਕੀਤਾ ਜਾਏ ਅਤੇ ਕਿਸ ਨੂੰ ਛੱਡਿਆ ਜਾਏ। ਉਨ੍ਹਾਂ ਦੇ ਜੀਵਨ ਦੀ ਜਿਸ ਵੀ ਘਟਨਾ ਨੂੰ ਯਾਦ ਕੀਤਾ ਜਾਏ ਉਹ ਪ੍ਰੇਰਨਾਦਾਇਕ ਹੋ ਨਿਬੜਦੀ ਹੈ। ਵਿਸ਼ੇਸ਼ ਤੌਰ ’ਤੇ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਕਾਲ ਦੇ ਦੋ ਪੱਖ ਪ੍ਰਮੁੱਖਤਾ ਨਾਲ ਉਜਾਗਰ ਹੁੰਦੇ ਹਨ। ਇਕ ਉਨ੍ਹਾਂ ਦੀ ਬਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਅਤੇ ਦੂਸਰਾ ਇਕ ਸੂਰਮੇ ਦੇ ਤੌਰ ’ਤੇ ਉਹਨਾਂ ਦੀ ਸ਼ਹਾਦਤ। ਅਕਾਲੀ ਫੂਲਾ ਸਿੰਘ ਇਤਿਹਾਸ ਦੇ ਉਸ ਦੌਰ ਵਿਚ ਆਏ ਜਦੋਂ ਇਕ ਪਾਸੇ ਮੁਗ਼ਲ-ਪਠਾਣ ਸਨ ਅਤੇ ਦੂਸਰੇ ਪਾਸੇ ਫਿਰੰਗੀ ਪੰਜਾਬ ’ਤੇ ਦਸਤਕ ਦੇ ਰਹੇ ਸਨ। ਪੱਛਮ ਅਤੇ ਪੂਰਬ ਦੋਨੋਂ ਪਾਸਿਆਂ ਤੋਂ ਪੰਥ ਹਮੇਸ਼ਾ ਹੀ ਇਕ ਤਿਕੋਨੀ ਲੜਾਈ ਵਿਚ ਉਲਝਇਆ ਰਿਹਾ ਹੈ। 1818 ਦੀ ਮੁਲਤਾਨ ਦੀ ਜੰਗ ਅਕਾਲੀ ਫੂਲਾ ਸਿੰਘ ਜੀ (1761-1823) ਦੀ ਕਮਾਨ ਵਿਚ ਹੋਈ। ਇਸ ਨੇ ਸਮੁੱਚੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਲਿਆਉਣ ਅਤੇ ਬਾਅਦ ਵਿਚ ਪਠਾਣਾਂ ਦੇ ਅਤਿਆਚਾਰਾਂ ਨੂੰ ਵੀ ਠੱਲ ਪਾਉਣ ਵਿਚ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ (1791-1837) ਦੀ ਅਹਿਮ ਭੂਮਿਕਾ ਰਹੀ।
ਇਕ ਜਥੇਦਾਰ, ਇਕ ਜਰਨੈਲ ਅਤੇ ਸਾਧਾਰਣ ਸਿੱਖ ਦੇ ਰੂਪ ਵਿਚ ਆਪ ਨੇ ਜੋ ਪੂਰਨੇ ਪਾਏ ਅਤੇ ਪੈੜਾਂ ਸਿਰਜੀਆਂ ਉਹ ਹਮੇਸ਼ਾ ਹੀ ਪੰਥ ਦੀ ਅਗਵਾਈ ਕਰਦੀਆਂ ਰਹਿਣਗੀਆਂ। ਬਾਬਾ ਜੀ ਦੇ ਜੀਵਨ ਕਾਲ ਦੇ ਇਹ ਐਸੇ ਦੋ ਪੈਮਾਨੇ ਹਨ ਜੋ ਕਿ ਕੌਮੀ ਸਿਹਤ ਦੇ ਮਿਆਰ ਨੂੰ ਦਰਸਾਉਂਦੇ ਹਨ।
ਰੋਜ਼ਾਨਾ ਅਰਦਾਸ ਵਿਚ ਜਿਨ੍ਹਾਂ ਸੂਰਮਿਆਂ ਦਾ ਧਿਆਨ ਧਰ ਕੇ ਜੈਕਾਰ ਗਜਾਇਆ ਜਾਂਦਾ ਹੈ ਉਸ ਦਾ ਮਕਸਦ ਕੇਵਲ ਇਕ ਰਸਮ ਦੀ ਅਦਾਇਗੀ ਨਹੀਂ ਹੈ। ਇਹ ਇਤਿਹਾਸ ਨੂੰ ਯਾਦ ਕਰਕੇ ਵਰਤਮਾਨ ਨੂੰ ਉਸਦੇ ਮੇਚ ਦਾ ਬਣਾਉਣ ਦੀ ਸਦਾਅ ਹੁੰਦੀ ਹੈ। ਇਸ ਤਰ੍ਹਾਂ ਜੇਕਰ ਜਾਤੀ ਅਤੇ ਜੀਵਨ ਵਿਚ ਕੋਈ ਤਬਦੀਲੀ ਨਜ਼ਰ ਨਹੀਂ ਆਈ ਪਰ ਕੇਵਲ ਇਤਿਹਾਸ ਨੂੰ ਯਾਦ ਮਾਤਰ ਕਰ ਲਿਆ ਤਾਂ ਇਹ ਫਖ਼ਰ ਨਹੀਂ ਬਲਕਿ ਨਮੋਸ਼ੀ ਦਾ ਕਾਰਨ ਹੈ। ਇਸ ਹਵਾਲੇ ਨਾਲ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਯਾਦ ਕਰਨਾ ਲਾਹੇਵੰਦ ਹੈ।
ਅਕਾਲੀ ਜੀ ਨੇ ਬਤੌਰ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਸਿਰੜ ਅਤੇ ਦਿ੍ਰੜਤਾ ਵਿਖਾਈ ਉਹ ਆਉਣ ਵਾਲੇ ਹਮੇਸ਼ ਕਾਲ ਤਕ ਇਕ ਐਸੇ ਪੈਮਾਨੇ ਦੇ ਤੌਰ ’ਤੇ ਰਹੇਗੀ ਜੋ ਆਉਣ ਵਾਲੇ ਹਰ ਜਥੇਦਾਰ ਦੀ ਕਾਰਵਾਈ ਅਤੇ ਫ਼ੈਸਲੇ ਨੂੰ ਮਾਪਦੀ-ਤੋਲਦੀ ਰਹੇਗੀ। ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲੇ ਨੂੰ ਪੰਥ ਆਪ ਵਲੋਂ ਲਏ ਗਏ ਨਿਰਣੇ ਨਾਲ ਨਾਪੇਗਾ।
ਮੋਰਾਂ ਨਾਚੀ ਦੇ ਕਾਂਡ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਿਸ ਤਰੀਕੇ ਨਾਲ ਆਪ ਨੇ ਇਮਲੀ ਦੀ ਬੇਰੀ ਨਾਲ ਬੰਨ੍ਹ ਕੇ ਸਜ਼ਾ ਦੇਣ ਦਾ ਫ਼ੈਸਲਾ ਐਲਾਨਿਆ। ਇਸ ਮੰਜ਼ਰ ਨੂੰ ਪੰਥਕ ਕਵੀ ਗੁਰਦੇਵ ਸਿੰਘ ਮਾਨ ਨੇ ਬਾਖੂਬੀ ਅੰਕਤ ਕੀਤਾ ਹੈ,
ਅਕਾਲ ਤਖਤ ਦਾ
ਹੁਕਮ ਮਹਾਰਾਜੇ ਉਤੇ
।। ਦੋਹਿਰਾ॥
ਹੁਕਮ ਹੋ ਗਿਆ ਤਖਤ ਤੋਂ,
ਹਾਜ਼ਰ ਹੋਣ ਹਜੂਰ।
ਮਹਾਰਾਜਾ ਰਣਜੀਤ,
ਵੱਡਾ ਸੂਰਬੀਰ,
ਲੋਕ ਰਹਿਣ ਭੈ ਭੀਤ,
ਜਿਸ ਦੇ ਰੁਹਬ ਤੋਂ,
ਅਕਾਲ ਤਖ਼ਤ ਦੀ ਸ਼ਾਨ,
ਸਾਹਵੇਂ ਤੁੱਛ ਸੀ,
ਵਾਂਗ ਮੁਲਜ਼ਮਾਂ ਆਨ,
ਹੱਥ ਬੰਨ੍ਹ ਖੜ੍ਹ ਗਿਆ,
ਤਖ਼ਤ ਦੇ ਜਥੇਦਾਰ, ਫੂਲਾ ਸਿੰਘ ਨੇ,
ਉੱਚੀ ਕਿਹਾ ਵੰਗਾਰ, ਇਉਂ ਮਹਾਰਾਜ ਨੂੰ,
“ਪੜ੍ਹਦਾ ਹਾਂ ਫਰਮਾਨ,
ਤਖ਼ਤ ਅਕਾਲ ਦਾ’’,
“ਤਨਖਾਹ ਦਾ ਐਲਾਨ,
ਤੁਹਾਨੂੰ ਕਰ ਰਿਹਾਂ’।
ਮਹਾਰਾਜੇ ਨੇ ਆਖਿਆ
ਸੀਸ ਝੁਕਾਂਦਿਆਂ ਆਪਣਾ,
ਸਤਿਗੁਰ ਦੀ ਬਖਸੀਸ,
ਸਜ਼ਾ ਮੈਂ ਸਮਝਦਾਂ”।
“ਮੈਂ ਹਾਂ ਤਾਬਿਆਦਾਰ,
ਸਾਰੇ ਪੰਥ ਦਾ’’
ਜੋ ਤੁਹਾਨੂੰ ਦਰਕਾਰ,
ਸਜ਼ਾ ਮਨਜ਼ੂਰ
ਇਹ ਹੈ ਅਦਬ ਅਦਾਬ,
ਤਖਤ ਅਕਾਲ ਦਾ,
ਵਸਦਾ ਹੈ ਪੰਜਾਬ,
ਇਹਦੀ ਮਿਹਰ ਥੀਂ ।
ਐਸਾ ਮਹਾਂ ਦਲੇਰ,
ਜਿਹਾ ਸਨਿਮਰ ਸੀ,
ਮਹਾਰਾਜਾ ਦੂਲਾ ਸੇਰ, ਸੇਵਕ ਪੰਥ ਦਾ ।
ਇਸ ਦੇ ਇਲਾਵਾ ਗੁਰਦਆਰਾ ਅਕਾਲਗੜ੍ਹ ਸਾਹਿਬ, ਦੀਨੇ ਵਿਚ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਹਾਥੀ ’ਤੇ ਸਵਾਰ ਰੂਪ ਵਿਚ ਇਕ ਸ਼ਾਨਦਾਰ ਚਿੱਤਰ ਦੀਵਾਰ ’ਤੇ ਉਕਰਿਆ ਹੈ। ਇਤਿਹਾਸ ਨੂੰ ਸਾਂਭਦੇ ਹੋਏ ਇਨ੍ਹਾਂ ਚਿੱਤਰਾਂ ਵਿਚ ਇਕ ਤੱਥ ਉਜਾਗਰ ਹੁੰਦਾ ਹੈ ਕਿ ਸਿੰਘਾਂ ਦੀ ਦਸਤਾਰ ਕੇਵਲ ਵਿਖਾਣ ਮਾਤਰ ਜਾਂ ਦਿਖਾਵਟੀ ਨਹੀਂ ਸੀ ਹੁੰਦੀ ਬਲਕਿ ਇਹ ਕਿਰਪਾਨ ਦੇ ਮਿਆਨ ਅਤੇ ਤੀਰਾਂ ਦੇ ਭੱਥੇ ਦੀ ਤਰ੍ਹਾਂ ਮਾਰੂ ਅਸਤ੍ਰ ਚੱਕਰਾਂ ਨੂੰ ਸਾਂਭਣ ਦਾ ਸਾਧਨ ਵੀ ਹੁੰਦੀ ਸੀ। ਸਿੱਖ ਇਤਿਹਾਸ ਦੀ ਇਹ ਸ਼ਾਨਦਾਰ ਪਰੰਪਰਾ ਅਤੇ ਗੌਰਵ ਭਾਰਤੀ ਫ਼ੌਜ ਵਿਚ ਹੁਣ ਤਕ ਸਿੱਖ ਫ਼ੌਜੀਆਂ ਦੀ ਦਸਤਾਰ ’ਤੇ ਚੱਕਰ ਦੇ ਰੂਪ ’ਚ ਸੁਸ਼ੋਭਿਤ ਹੁੰਦਾ ਹੈ। ਹੁਣ ਤਾਂ ਸਿੰਘਾਂ ਦੀ ਦਸਤਾਰ ਨੂੰ ਵੀ ਖ਼ਤਰਾ ਨਜ਼ਰ ਆ ਰਿਹਾ ਹੈ।
ਆਵਨੁ ਜਾਨੁ ਇਕੁ ਖੇਲੁ ਬਨਾਇਆ।।
ਪਰ ਆਵਣਾ ਉਸੇ ਦਾ ਸਫਲਾ ਗਿਣਿਆ ਗਿਆ ਹੈ ਜਿਸ ਦਾ ਜਾਵਣਾ ਸਫਲਾ ਹੋ ਗਿਆ। ਕਲਗੀਧਰ ਪਿਤਾ ਦੀ ਅਰਦਾਸ ਵੀ ਤਾਂ ਇਹੀ ਹੈ,
ਅਉਰ ਨ ਮਾਗਤ ਹਉ ਤੁਮ ਤੇ
ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ।।
ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ।।
(ਸ੍ਰੀ ਦਸਮ ਗ੍ਰੰਥ ਸਾਹਿਬ)
ਅਕਾਲੀ ਫੂਲਾ ਸਿੰਘ ਜੀ ਨੇ ਜੀਵਨ ਵਿਚ ਇਸ ਨੂੰ ਪੂਰੀ ਤਰ੍ਹਾਂ ਚਰਿਤ੍ਰਾਰਥ ਕੀਤਾ। ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ ਜਿਹਲਮ ਦੇ ਮਿਸਰ ਹਰੀ ਚੰਦ ‘ਕਾਦਰਯਾਰ’ ਨੇ ਬਾਖੂਬੀ ਅੰਕਤ ਕੀਤਾ ਹੈ। ਬਾ-ਹੈਸੀਅਤ ਜਥੇਦਾਰ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਕੋਈ ਲਿਹਾਜ ਨਹੀਂ ਕੀਤਾ ਪਰ ਮੈਦਾਨੇ ਜੰਗ ਵਿਚ ਅਕਾਲੀ ਫੂਲਾ ਸਿੰਘ ਇਕ ਸਿੱਖ ਅਤੇ ਸਿਪਾਹੀ ਦੇ ਰੂਪ ਵਿਚ ਨਜ਼ਰ ਆਏ। ਇੱਥੇ ਮਹਾਰਾਜਾ ਰਣਜੀਤ ਸਿੰਘ ਖ਼ਾਲਸਾ ਫ਼ੌਜ ਦਾ ਸਿਪਾਹ ਸਾਲਾਰ ਸੀ। ਹੁਣ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਨਮੁਖ ਹੋ ਕੇ ਇਕ ਹੈਰਾਨਕੁਨ ਆਗਿਆ ਮੰਗੀ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਹ ਇਕੱਲੇ ਹੀ ਦੁਸ਼ਮਣ ਵਲ ਵੱਧ ਕੇ ਕੁਰਬਾਨੀ ਦੇਣ। ਸਵਾ ਲਾਖ ਸੇ ਏਕ ਲੜਾਊਂ ਅੱਜ ਫਿਰ ਪ੍ਰਤੱਖ ਹੋ ਰਿਹਾ ਸੀ।
ਕਬੀਰ ਜਉ ਤੁਹਿ ਸਾਧ ਪਿਰੰਮ
ਕੀ ਸੀਸੁ ਕਾਟਿ ਕਰਿ ਗੋਇ।।
ਖੇਲਤ ਖੇਲਤ ਹਾਲ ਕਰਿ
ਜੋ ਕਿਛੁ ਹੋਇ ਤ ਹੋਇ।।
ਇਸ ਸੂਰਮਗਤੀ ਦੀ ਅਰੰਭਤਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਬਾਅਦ ਵਿਚ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਵੀ ਤਾਂ ਕਰ ਚੁੱਕੇ ਸਨ। ਅਕਾਲੀ ਫੂਲਾ ਸਿੰਘ ਜੀ ਦੀ ਗੁਜਾਰਿਸ਼ ਸੀ,
ਸ਼ੁੁਕਰ ਹਜ਼ਾਰ ਗੁਜ਼ਾਰਸਾਂ ਮੈਂ,
ਦਿਓ ਹੁਕਮ ਚਲ ਵੜਾਂ ਮੈਦਾਨ ਦੇ ਵਿਚ
ਪਹਿਲੋਂ ਸਭਨਾਂ ਦੇ ਸੀਸ ਭੇਟ ਦੇ ਕੇ,
ਰੱਖਾਂ ਤੀਰ ਨੂੰ ਚਿੱਲੇ ਕਮਾਨ ਦੇ ਵਿਚ
ਸਤਿ ਸਿਰੀ ਅਕਾਲ ਦਾ ਨਾਮ ਲੈ ਕੇ,
ਮਾਰਾਂ ਖਿਚ ਕੇ ਸੀਨੇ ਪਠਾਣ ਦੇ ਵਿਚ ।
ਕਾਦਰਯਾਰ, ਤੇਰੇ ਕਦਮਾਂ ਵਿਚ ਕੁੱਸਾਂ,
ਰਹਿਸੀ ਨਾਮ ਤਦ ਮੇਰਾ ਜਹਾਨ ਦੇ ਵਿਚ॥
ਸਹਿਜੇ ਅਨੁਮਾਨਿਆ ਜਾ ਸਕਦਾ ਹੈ ਕਿ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦਿਲ ’ਤੇ ਕੀ ਬੀਤ ਰਹੀ ਹੋਏਗੀ।
ਹੁਣ ਪਠਾਣ ਅਤੇ ਖ਼ਾਲਸਾ ਫ਼ੌਜਾਂ ਆਹਮੋਂ ਸਾਹਮਣੇ ਸਨ ਪਰ ਇਨ੍ਹਾਂ ਦੇ ਵਿਚਕਾਰ ਅਕਾਲੀ ਫੂਲਾ ਸਿੰਘ ਕਾਲੇ ਬਾਣੇ ਅਤੇ ਸਿਆਹ ਹਾਥੀ ਤੇ ਸਵਾਰ ਹੋ ਕੇ ਇਕੱਲੇ ਹੀ ਦੁਸ਼ਮਣ ਵੱਲ ਵਧੇ।
ਤੋਏ ਤਰਫ ਦੁੱਰਾਨੀਆਂ ਰਵਾਂ ਹੋਇਆ,
ਫੂਲਾ ਸਿੰਘ ਅਕਾਲੀ ਤਨਹਾ ਯਾਰੋ।
ਡਾਢੀ ਸਕਲ ਮਤਵਾਲੀ ਸੀ ਖ਼ੌਫ਼ ਵਾਲੀ,
ਨਾਲ ਪਹਿਨੀ ਪੋਸਾਕ ਹੈ ਕਾਲੀ ਯਾਰ।
ਖੂਨੀ ਅੱਖੀਆਂ ਕਹਿਰ ਦੇ ਨਾਲ ਭਰੀਆਂ,
ਮੂੰਹ ਤੋ ਚੋਂਵਦੀ ਕਹਿਰ ਦੀ ਲਾਲੀ ਯਾਰੋ।
ਕਾਦਰਯਾਰ ਅਸਵਾਰ ਹੋ ਫੀਲ ਉੱਤੇ,
ਟੁਰਿਆ ਮੌਤ ਦੇ ਵੱਲ ਸਵਾਲੀ ਯਾਰੋ ॥
ਇਸ ਬਾਰੇ ਕਾਦਰਯਾਰ ਨੇ ਇਕ ਕਮਾਲ ਦੀ ਗਵਾਹੀ ਦਿੱਤੀ ਹੈ ਕਿ ਮਸਤ ਚਾਲ ਵਿਚ ਥਿਰਕਦੇ ਹਾਥੀ (ਫੀਲ) ਦੇ ਉੱਤੇ ਬੇ-ਖ਼ੌਫ਼ ਅਕਾਲੀ ਫੂਲਾ ਇਸ ਤਰ੍ਹਾਂ ਬੈਠੇ ਸਨ ਜਿਵੇਂ ਲਾਹੌਰ ਦੀ ਸੈਰ ਕਰ ਰਹੇ ਹੋਣ।
ਕਾਫ ਕੰਬਦੀ ਪਈ ਜਮੀਨ ਯਾਰੋ,
ਜਿੱਥੇ ਫੀਲ ਸਰਦਾਰ ਦਾ ਪੈਰ ਧਰਦਾ।
ਹੋਸੀ ਖੂਨੀਆਂ ਵਿਚ ਮਸਹੂਰ ਹਾਥੀ,
ਵਿਚ ਲੜਨ ਦੇ ਬਹੁਤ ਸੀ ਕਹਿਰ ਕਰਦਾ।
ਤਿਵੇਂ ਥਰਕਦਾ ਚੱਲੇ ਜਮੀਨ ਉੱਤੇ,
ਜਿਵੇਂ ਸੱਪ ਦਰਿਆ ਦੀ ਲਹਿਰ ਤਰਦਾ।
ਕਾਦਰਯਾਰ ਬੇ-ਖ਼ੌਫ਼ ਸਰਦਾਰ ਬੈਠਾ,
ਜਿਵੇਂ ਫਿਰ ਲਹੌਰ ਦੀ ਸੈਰ ਕਰਦਾ।
ਸਵਾ ਲਾਖ ਸੇ ਏਕ ਲੜਾਉਂ ਨੂੰ ਪ੍ਰਤੱਖ ਕਰਦਿਆਂ ਇਕੱਲੇ ਅਕਾਲੀ ਫੂਲਾ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਦਾ ਮੁਕਾਬਲਾ ਕੀਤਾ। ਇਸ ਗਹਿ ਗੱਚ ਜੰਗ ਵਿਚ ਅਖੀਰ ਵਿਚ ਕਲਗੀਧਰ ਪਿਤਾ ਨੇ ਅਕਾਲੀ ਫੂਲਾ ਸਿੰਘ ਨੂੰ ਗੱਲ ਨਾਲ ਲਾ ਲਿਆ।
ਜੰਗ ਦੇ ਬਾਅਦ ਅਣਗਿਣਤ ਲੋਥਾਂ ਵਿੱਚੋਂ ਅਕਾਲੀ ਫੂਲਾਂ ਸਿੰਘ ਜੀ ਦੇ ਸਰੀਰ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਸੀ। ਪਰ ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੇ ਹੱਥੀਂ ਅਕਾਲੀ ਜੀ ਨੂੰ ਲੱਭ ਰਹੇ ਸਨ।
ਹੱਥਾਂ ਨਾਲ ਹਟਾਂਵਦਾ ਆਪ ਮੁਰਦੇ
ਐਸਾ ਸੌਕ ਸੀ ਖਾਸ ਸਰਕਾਰ ਨੂੰ ਜੀ।
ਬਿਸੀਆਰ ਤਲਾਸ ਦੇ ਬਾਦ ਯਾਰੋ, ਪੁੰਨੀ ਆਸ ਸਭ ਦੀ ਆਖਰ-ਕਾਰ ਹੈ ਜੀ ।
ਕਾਦਰਯਾਰ ਨਿਕਾਲਿਆ ਢੇਰ ਹੇਠਾਂ
ਫੂਲਾ ਸਿੰਘ ਦਲੇਰ ਸਰਦਾਰ ਨੂੰ ਜੀ ॥
ਇਸ ਦੇ ਬਾਅਦ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਦਾ ਸਸਕਾਰ ਕਰ ਕੇ ਉੱਥੇ ਉਨ੍ਹਾਂ ਦੀ ਯਾਦ ਵਿਚ ਸਮਾਧ ਬਣਵਾਈ। ਅਕਾਲੀ ਫੂਲਾ ਸਿੰਘ ਜੀਵਨ ਸਫਲਾ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਪਰ ਆਉਣ ਵਾਲੇ ਸਮੇਂ ਲਈ ਔਖੇ ਪਰਚੇ ਪਾ ਗਏ।
ਯੇ ਯਾਦ ਕਰ ਕੇ ਮਰਦਿਆਈ ਉਸ ਦੀ ਮਹਾਰਾਜ ਨੇ ਦਿੱਤੀ ਦੁਹਾਈ ਯਾਰੋ
ਕਰੇ ਸ਼ੁਕਰ ਅਕਾਲ ਦਾ ਫੌਜ ਸਾਰੀ
ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ।
ਸਭ ਸਿੰਘ ਸਰਦਾਰ ਅਰਦਾਸ ਕਰਦੇ
ਨਦੀ ਹੰਝੂ ਨਾ ਕਿਸੇ ਵਗਾਈ ਯਾਰੋ
ਕਾਦਰਯਾਰ ਸਰਕਾਰ ਅਰਦਾਸ ਕੀਤੀ
ਏਥੇ ਜਾਏ ਸਮਾਧ ਬਣਾਈ ਯਾਰੋ।।
ਇਸ ਸਾਰੇ ਪ੍ਰਸੰਗ ਵਿਚ ਇਕ ਨੁਕਤਾ ਬਹੁਤ ਹੀ ਅਹਿਮ ਹੈ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਦੀ ਵੀ ਮਹਾਰਾਜੇ ਦੇ ਰੂਪ ਵਿਚ ਨਹੀਂ ਵੇਖਿਆ। ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਸਮੇਂ ਅਤੇ ਹਮੇਸ਼ਾ ਹੀ ਆਪਣੇ ਆਪ ਨੂੰ ਪੰਥ ਦਾ ਇਕ ਅੰਗ ਮੰਨ ਬਤੌਰ ਇਕ ਸਿੱਖ ਦੇ ਰੂਪ ਵਿਚ ਪੇਸ਼ ਹੋਏ। ਇਹ ਨੁਕਤਾ ਹੈ ਪੰਥ ਦੀ ਚੜ੍ਹਦੀ ਕਲਾ ਅਤੇ ਸੁਨਹਿਰੇ ਭਵਿੱਖ ਦਾ।
- ਗੁਰਚਰਨਜੀਤ ਸਿੰਘ ਲਾਂਬਾ