ਵਿੱਦਿਆ ਨੂੰ ਜ਼ਿੰਦਗੀ ਦੀ ਕਵਿਤਾ ਕਿਹਾ ਜਾ ਸਕਦਾ ਹੈ। ਇਸ ਨੇ ਆਦਮੀ ਦੇ ਅੰਦਰ ਵਸਦੀ ਬੌਧਿਕਤਾ ਨੂੰ ਉੱਨਤ ਕਰ ਕੇ ਵਿਅਕਤੀ ਨੂੰ ਵਿਵੇਕਸ਼ੀਲ ਬਣਾਉਣਾ ਹੁੰਦਾ ਹੈ। ਵਿੱਦਿਆ ਨੇ ਧਰਤੀ ਦੇ ਵਿਗਿਆਨਕ ਵਿਕਾਸ ਲਈ ਮਦਦਗਾਰ ਬਣਨਾ ਹੁੰਦਾ ਹੈ। ਵਿੱਦਿਆ ਨੇ ਵਿਚਾਰਧਾਰਕ ਪੱਖੋਂ ਸਮਾਜਿਕ, ਆਰਥਿਕ, ਸਿਆਸੀ ਅਤੇ ਭਾਵਨਾਤਮਕ-ਸਮੱਸਿਆਵਾਂ ਨੂੰ ਸਮਝਣ ਅਤੇ ਸੁਲਝਾਉਣ ਦੀ ਸਮਰੱਥਾ ਪ੍ਰਦਾਨ ਕਰਨੀ ਹੁੰਦੀ ਹੈ। ਵਿੱਦਿਆ ਨੇ ਮਨੁੱਖ ਅੰਦਰ ਵਸਦੀ ਸੰਵੇਦਨਸ਼ੀਲ ਚੇਤਨਾ ਨੂੰ ਜਾਗ੍ਰਿਤ ਕਰਨਾ ਹੁੰਦਾ ਹੈ। ਅਸਲ ਵਿਚ ਵਿੱਦਿਆ ਅਤੇ ਗਿਆਨ ਨੂੰ ਹੀ ਧਰਮ ਆਖਿਆ ਜਾ ਸਕਦਾ ਹੈ। ਵੇਖਿਆ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਵਿੱਦਿਆ ਅਤੇ ਗਿਆਨ ਅਧੋਗਤੀ ਵੱਲ ਜਾ ਰਿਹਾ ਹੈ, ਤਿਵੇਂ-ਤਿਵੇਂ ਧਾਰਮਿਕ, ਸਮਾਜਿਕ ਅਤੇ ਆਰਥਿਕ ਪਾਖੰਡ ਪ੍ਰਫੁੱਲਿਤ ਹੋ ਰਹੇ ਹਨ। ਜੇ ਵੇਖਿਆ ਜਾਵੇ ਤਾਂ ਜਜ਼ਬਿਆਂ ਨੇ ਜ਼ਿੰਦਗੀ ਨੂੰ ਜ਼ਿੰਦਗੀ ਦੀਆਂ ਗੱਲਾਂ ਦੱਸਣੀਆਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਅਧਿਆਪਕ ਨੂੰ ਹੁਨਰਮੰਦ ਅਨੁਭੂਤੀ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ। ਅਧਿਆਪਕ ਸਾਰਥਿਕਤਾ ਦਾ ਵਿਦਿਆਰਥੀਆਂ ਨੂੰ ਸਬਕ ਦਿੰਦਾ ਰਹਿੰਦਾ ਹੈ। ਅਧਿਆਪਨ ਜ਼ਿੰਦਗੀ ਨੂੰ ਅਰਥਪੂਰਨ ਸਮੇਂ ਦੀ ਸਮਝ ਕਰਵਾਉਂਦਾ ਰਹਿੰਦਾ ਹੈ। ਅਧਿਆਪਨ ਦੁਆਰਾ ਜਗਿਆਸਾ ਦੀ ਪੂਰਤੀ ਹੁੰਦੀ ਰਹਿੰਦੀ ਹੈ। ਸਾਹਿਤ, ਅਧਿਆਪਕ ਅਤੇ ਅਧਿਆਪਨ ਦੇ ਤਿੰਨ ਸ਼ਬਦਾਂ ਵਿਚਲਾ ਸਰੋਕਾਰ, ਵਿਦਿਆਰਥੀ ਵਰਗ ਦੇ ਸੰਸਕਾਰਾਂ ਨਾਲ ਆਪਣੇ-ਆਪ ਨੂੰ ਜੋੜਦਾ ਰਹਿੰਦਾ ਹੈ। ਵਿੱਦਿਆ ਸ਼ਬਦ ਦੀ ਉਤਪਤੀ ਸੰਸਕ੍ਰਿਤ ਭਾਸ਼ਾ ਦੀ 'ਵਿਦ੍ਰ' ਧਾਤੂ ਤੋਂ ਹੋਈ ਹੈ। ਵਿਦ੍ਰ ਧਾਤੂ ਤੋਂ ਵਿੱਦਿਆ, ਵੇਦਨਾ, ਵਿਦਿਆਰਥੀ, ਵਿਦਿਆਲਾ ਆਦਿ ਸ਼ਬਦ ਬਣੇ ਹਨ। ਵੇਦ ਸ਼ਬਦ ਦਾ ਸਬੰਧ ਵੀ ਵਿਦ ਧਾਤੂ ਨਾਲ ਬਣਦਾ ਹੈ। ਵੇਦ ਦਾ ਅਰਥ ਗਿਆਨ ਹੁੰਦਾ ਹੈ। ਇੰਜ ਹੁਣ ਸੌਖਿਆਂ ਹੀ ਤਸਲੀਮ ਕੀਤਾ ਜਾ ਸਕਦਾ ਹੈ ਕਿ ਅਧਿਆਪਕ ਗਿਆਨ ਹੁੰਦਾ ਹੈ। ਉਸ ਨੂੰ ਸੰਸਕ੍ਰਿਤੀ ਕਿਹਾ ਜਾ ਸਕਦਾ ਹੈ। ਉਸ ਨੂੰ ਪਥ-ਪ੍ਰਦਰਸ਼ਕ ਕਿਹਾ ਜਾ ਸਕਦਾ ਹੈ। ਅਧਿਆਪਕ ਨੂੰ ਪ੍ਰਤਿਭਾ ਕਿਹਾ ਜਾ ਸਕਦਾ ਹੈ। ਪ੍ਰਤਿਭਾਹੀਣ ਵਿਅਕਤੀ ਕਦੇ ਵੀ ਸਫਲ ਅਧਿਆਪਕ ਨਹੀਂ ਬਣ ਸਕੇਗਾ। ਸਾਰਾਂਸ਼ ਇਹ ਬਣਦਾ ਹੈ ਕਿ ਚੇਤਨਾ ਨੂੰ ਅਧਿਆਪਕ ਅਤੇ ਅਧਿਆਪਕ ਨੂੰ ਚੇਤਨਾ ਕਿਹਾ ਜਾ ਸਕਦਾ ਹੈ। ਅਧਿਆਪਕ ਦੁਆਰਾ ਵਿਵੇਕਸ਼ੀਲ ਵਾਤਾਵਰਨ ਦੀ ਉਤਪਤੀ ਕੀਤੀ ਜਾਂਦੀ ਹੈ। ਅਧਿਆਪਕ ਦੀ ਜਮਾਤ ਵਿਚ ਜਗਿਆਸੂ ਅੱਖਾਂ ਉਸ ਆਸ ਤੇ ਉਮੀਦ ਵੱਲ ਤੱਕਦੀਆਂ ਰਹਿੰਦੀਆਂ ਹਨ ਜਿਸ ਦੁਆਰਾ ਜ਼ਿੰਦਗੀ ਲਈ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਹੋ ਸਕੇ। ਅਧਿਆਪਕ ਇਕ ਪ੍ਰਯੋਜਨ ਹੀ ਨਹੀਂ ਹੁੰਦਾ, ਉਹ ਤਾਂ ਇਕ ਕ੍ਰਿਆਤਮਕ-ਕਰਮ ਵਜੋਂ ਸਮਾਜਿਕ ਦਿੱਖ ਅਤੇ ਦਰਸ਼ਨ ਨੂੰ ਸਮਝਾਉਂਦਾ, ਸੰਵਾਰਦਾ, ਦੱਸਦਾ ਅਤੇ ਸਥਾਪਤ ਵੀ ਕਰਦਾ ਰਹਿੰਦਾ ਹੈ।

-ਓਮ ਪ੍ਰਕਾਸ਼ ਗਾਸੋ। ਸੰਪਰਕ : 94635-61123

Posted By: Susheel Khanna