ਦੀਵਾਨ ਟੋਡਰ ਮੱਲ ਜੀ
Diwan Todar Mal ji : ਪਰਮਾਤਮਾ ਦੇ ਭੈਅ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਪ੍ਰਤੀ ਇਤਿਹਾਸ 'ਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਅਤੇ ਜੋ ਮਿਲਦਾ ਵੀ ਹੈ, ਉਸ ਨਾਲ ਵਿਦਵਾਨ ਇਕਮੱਤ ਨਹੀਂ ਹਨ। ਕਈ ਇਤਿਹਾਸਕਾਰ ਦੀਵਾਨ ਟੋਡਰ ਮੱਲ ਨੂੰ ਅਕਬਰ ਬਾਦਸ਼ਾਹ ਦਾ ਸਮਕਾਲੀ ਦੱਸਦੇ ਹਨ ਤੇ ਕਈ ਬਾਦ ਵਿਚ ਦੂਜਾ ਟੋਡਰ ਮੱਲ ਹੋਇਆ ਮੰਨਦੇ ਹਨ। ਗੱਲ ਕੁਝ ਹੱਦ ਤਕ ਠੀਕ ਵੀ ਹੈ ਕਿਉਂਕਿ ਅਕਬਰ ਬਾਦਸ਼ਾਹ ਤੋਂ ਔਰੰਗਜ਼ੇਬ ਤਕ ਦਾ ਸ਼ਾਸਨ ਕਾਲ ਜ਼ਿਆਦਾ ਲੰਬਾ ਹੈ।
Publish Date: Tue, 25 Dec 2018 05:56 PM (IST)
Updated Date: Tue, 25 Dec 2018 06:03 PM (IST)
ਦੀਵਾਨ ਟੋਡਰ ਮੱਲ ਜੀ ਨੂੰ ਇਨ੍ਹਾਂ ਸ਼ਹੀਦੀ ਹਫ਼ਤਿਆਂ ਦੌਰਾਨ ਬੜੀ ਸ਼ਰਧਾ ਭਾਵਨਾ ਨਾਲ ਯਾਦ ਕਰਨਾ ਬਣਦਾ ਹੈ। ਜਿਵੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਨੇ ਸਾਹਿਬਜ਼ਾਦਿਆਂ ਲਈ 'ਹਾਅ ਦਾ ਨਾਅਰਾ' ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਨ੍ਹਾਂ ਸਤਿਕਾਰ ਦਿੰਦੀ ਹੈ। ਦੀਵਾਨ ਟੋਡਰ ਮੱਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖ਼ਰੀਦ ਕੇ ਸਤਿਕਾਰਯੋਗ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਸਸਕਾਰ ਕੀਤਾ ਸੀ,।ਜਿਸ ਨੂੰ ਸਿੱਖ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਨ।
ਦੀਵਾਨ ਟੋਡਰ ਮੱਲ ਬਹੁਤ ਭਲੇ ਤੇ ਨੇਕ ਦਿਲ ਇਨਸਾਨ ਸਨ। ਪਰਮਾਤਮਾ ਦੇ ਭੈਅ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਪ੍ਰਤੀ ਇਤਿਹਾਸ 'ਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਅਤੇ ਜੋ ਮਿਲਦਾ ਵੀ ਹੈ, ਉਸ ਨਾਲ ਵਿਦਵਾਨ ਇਕਮੱਤ ਨਹੀਂ ਹਨ। ਕਈ ਇਤਿਹਾਸਕਾਰ ਦੀਵਾਨ ਟੋਡਰ ਮੱਲ ਨੂੰ ਅਕਬਰ ਬਾਦਸ਼ਾਹ ਦਾ ਸਮਕਾਲੀ ਦੱਸਦੇ ਹਨ ਤੇ ਕਈ ਬਾਦ ਵਿਚ ਦੂਜਾ ਟੋਡਰ ਮੱਲ ਹੋਇਆ ਮੰਨਦੇ ਹਨ। ਗੱਲ ਕੁਝ ਹੱਦ ਤਕ ਠੀਕ ਵੀ ਹੈ ਕਿਉਂਕਿ ਅਕਬਰ ਬਾਦਸ਼ਾਹ ਤੋਂ ਔਰੰਗਜ਼ੇਬ ਤਕ ਦਾ ਸ਼ਾਸਨ ਕਾਲ ਜ਼ਿਆਦਾ ਲੰਬਾ ਹੈ।
ਆਉ, ਪਹਿਲਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਦੇਖਦੇ ਹਾਂ। ਉਹ ਲਿਖਦੇ ਹਨ ਕਿ ਦੀਵਾਨ ਟੋਡਰ ਮੱਲ ਦਾ ਜਨਮ ਸੰਨ 1523 ਵਿਚ ਪਿਤਾ ਭਗਵਤੀ ਦਾਸ ਦੇ ਘਰ ਪਿੰਡ ਚੂਹਣੀਆਂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਇਹ ਆਪਣੀ ਲਿਆਕਤ ਨਾਲ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ। ਇਸ ਦੇ ਬਣਾਏ ਹੋਏ ਮਾਲ ਮਹਿਕਮੇ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਸਭ ਤੋਂ ਪਹਿਲਾਂ ਟੋਡਰ ਮੱਲ ਨੇ ਹੀ ਹਿੰਦੀ ਤੋਂ ਫ਼ਾਰਸੀ ਵਿਚ ਦਫ਼ਤਰ ਕੀਤਾ। ਟੋਡਰ ਮੱਲ ਇਕ ਬਹਾਦਰ ਜਰਨੈਲ ਵੀ ਸੀ। ਉਸ ਨੇ ਬੰਗਾਲ ਦੀ ਮੁਹਿੰਮ ਵਿਚ ਵੱਡੀ ਵੀਰਤਾ ਦਿਖਾਈ ਸੀ। ਅਕਬਰ ਦੇ ਸੰਨ ਜਲੂਸੀ34 ਵਿਚ ਉਹ ਲਾਹੌਰ ਦਾ ਹਾਕਮ ਬਣਿਆ। ਇਸ ਦਾ ਨਿਵਾਸ ਬਜ਼ਾਰ ਹਕੀਮਾਂ (ਦਰਵਾਜ਼ਾ ਭਾਟੀ) ਵਿਖੇ ਸੀ। ਦੀਵਾਨ ਟੋਡਰ ਮੱਲ ਦੀ ਗਿਣਤੀ ਅਕਬਰ ਦੇ ਨੌਂ ਰਤਨਾਂ ਵਿਚ ਹੁੰਦੀ ਸੀ। ਕਈ ਲੇਖਕਾਂ ਨੇ ਇਸ ਨੂੰੰ ਕਾਯਸਥ (ਕਾਇਥ) ਅਤੇ ਬਾਣੀਆ ਵੀ ਲਿਖਿਆ ਹੈ। ਦੀਵਾਨ ਟੋਡਰ ਮੱਲ ਫ਼ਾਰਸੀ ਤੋਂ ਛੁੱਟ ਹਿੰਦੀ ਦਾ ਵੀ ਉੱਤਮ ਕਵੀ ਸੀ। ਉਸ ਦੀਆਂ ਕਈ ਰਚਨਾਵਾਂ ਹਨ, ਉਨ੍ਹਾਂ ਵਿਚੋਂ ਇਕ ਰਚਨਾ ਇਹ ਹੈ :।
ਗੁਣ ਬਿਨ ਜਯੋਂ ਕਮਾਨ,
ਗੁਰ ਬਿਨ ਜੈਸੇ ਗਯਾਨ।
ਮਾਨ ਬਿਨ ਦਾਨ ਜੈਸੇ,
ਜਲ ਬਿਨ ਸਰ ਹੈ।
ਕਠ ਬਿਨ ਗੀਤ ਜੈਸੇ,
ਹਿਤੁ ਬਿਨ ਪ੍ਰੀਤਿ ਜੈਸੇ।
ਵੇਸ਼ਯਾ ਰਸਰੀਤਿ ਜੈਸੇ,
ਫਲ ਬਿਨ ਤਰ ਹੈ।
ਤਾਰ ਬਿਨ ਯੰਤਰ ਜੈਸੇ,
ਸਯਾਨੇ ਬਿਨ ਮੰਤਰ ਜੈਸੇ
ਪਤਿ ਬਿਨ ਨਾਰ ਜੈਸੇ,
ਪੁਤਰ ਬਿਨ ਘਰ ਹੈ।
'ਟੋਡਰ' ਸੁ ਕਵਿ ਤੈਸੇ,
ਮਨ ਮੇ ਵਿਚਾਰ ਦੇਖੋ।
ਧਰਮ ਵਿਹੀਨ ਧਨ
ਪਕੀ ਬਿਨ ਪਰ ਹੈ।
ਪਰ ਇਸ ਟੋਡਰ ਮੱਲ ਦਾ ਦੇਹਾਂਤ ਉਹ ਸੰਨ 1589 ਵਿਚ ਹੋਇਆ ਵੀ ਦੱਸਦੇ ਹਨ, ਨਾਲ ਹੀ ਲਿਖਦੇ ਹਨ ਕਿ ਸਰਹਿੰਦ ਦਾ ਵਸਨੀਕ ਇਕ ਸ਼ਾਹੂਕਾਰ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਜ ਦਿੱਤਾ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਇਸੇ ਨੇ ਕੀਤਾ ਸੀ।।ਅੱਗੇ ਸਭ ਤੋਂ ਪੁਰਾਣੀ ਤੇ ਸ਼ਾਇਦ ਸਾਕਾ ਸਰਹਿੰਦ ਬਾਰੇ ਪਹਿਲੀ ਲਿਖਤ 'ਕਥਾ ਗੁਰੂ ਜੀ ਕੇ ਸੁਤਨ ਕੀ', ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ, ਜੋ ਆਪਣੇ ਆਪ ਨੂੰ ਉਸ ਵੇਲੇ ਦਾ ਚਸ਼ਮਦੀਦ ਗਵਾਹ ਦੱਸਦੇ ਹਨ ਤੇ ਅੱਖੀਂ ਡਿੱਠਾ ਹਾਲ ਬਿਆਨਦੇ ਹਨ, ਦੀਵਾਨ ਟੋਡਰ ਮੱਲ ਬਾਰੇ ਲਿਖਦੇ ਹਨ :
ਚੌਪਈ
ਟੋਡਰ ਮੱਲ ਐਸੇ ਫੁਨ ਕਹੈ।
ਤੁਰਕ ਨ ਤੁਮਕੋ ਛੋਡੈ ਅਹੈ।
ਮਾਤਾ ਜੀ ਤਬ ਯਹੈ ਪੁਕਾਰੀ।
ਕੂਪ ਮਾਂਝ ਮੁਝ ਦੇਵਹੁ ਢਾਰੀ।
ਪਰਹਾ
ਟੋਡਰ ਮੱਲ ਯੌਂ ਕਹਯੋ,
ਬਾਤ ਸੁਨ ਲੀਜੀਐ।
ਹੀਰਾ ਤੁਮ ਕੋ ਦੇਉਂ,
ਇਹੈ ਨਿਗਲੀਜੀਐ।
ਲਯੋ ਸੁ ਜੌਹਰ ਖਾਇ,
ਪਯਾਨੋ ਤਬਿ ਭਯੋ।
ਜੋਤੀ ਜੋਤਿ ਸਮਾਇ,
ਆਪ ਮੈਂ ਮਿਲ ਗਯੋ।
ਸੋਰਠਾ
ਗਏ ਪਠਾਣਹਿ ਪਾਸ,
ਟੋਡਰ ਨਾਗਰ ਮੱਲ ਜਬ।
ਕਹਯੋ ਸੁ ਝੂਠੇ ਪਾਸ,
'ਲੋਥਾ' ਅਬ ਸਿਸਕਾਰੀਏ।
ਇਸ ਗੱਲ ਤੋਂ ਵੀ ਗਵਾਹੀ ਮਿਲਦੀ ਹੈ ਕਿ ਸਸਕਾਰ ਦੀਵਾਨ ਟੋਡਰ ਮੱਲ ਨੇ ਹੀ ਕੀਤਾ ਸੀ। ਪ੍ਰਸਿੱਧ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਵੀ ਲਿਖਦੇ ਹਨ ਕਿ ਸਰਹਿੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖ਼ਾਂ ਪਾਸੋਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਦੀ ਆਗਿਆ ਮੰਗੀ। ਨਵਾਬ ਨੇ ਕਿਹਾ ਕਿ 'ਜ਼ਮੀਨ ਮੁੱਲ ਲੈ ਕੇ ਸਸਕਾਰ ਕਰ ਸਕਦੇ ਹੋ ਤੇ ਉਹ ਵੀ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ਼ ਕਰਕੇ ਵਿਛਾਉਣੀਆਂ ਪੈਣਗੀਆਂ।'
ਟੋਡਰ ਮੱਲ ਨੇ ਸੂਬੇ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ। ਉਨ੍ਹਾਂ ਨੇ ਖੜ੍ਹੇ ਰੁਖ਼ ਸੋਨੇ ਦੀਆ ਮੋਹਰਾਂ ਵਿਛਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ ਤੇ ਅਗਲੇ ਦਿਨ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉਸ ਥਾਂ 'ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਇਕ ਹੋਰ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਵੀ ਕਹਿੰਦੇ ਹਨ ਕਿ ਕਿਲ੍ਹਾ ਸਰਹਿੰਦ ਦਾ ਉਹ ਸਥਾਨ ਹੈ, ਜਿੱਥੇ ਛੋਟੇ ਸਾਹਿਬਜ਼ਾਦੇ ਕਤਲ ਕੀਤੇ ਗਏ ਸਨ। ਹੁਣ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ। ਮਾਤਾ ਗੁਜਰੀ ਜੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਦਾ, ਦੀਵਾਨ ਟੋਡਰ ਮੱਲ ਦੇ ਹੱਥੀਂ ਸਸਕਾਰ ਹੋਇਆ। ਉਹ ਸਥਾਨ ਗੁਰਦੁਆਰਾ ਜੋਤੀ ਸਰੂਪ ਦੇ ਨਾਂ ਨਾਲ ਪ੍ਰਸਿੱਧ ਹੈ। ਸ. ਜੋਗਿੰਦਰਪਾਲ ਸਿੰਘ ਰਾਮਾ ਬਠਿੰਡਾ ਦੱਸਦੇ ਹਨ ਕਿ ਜਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਤਾਂ ਦੀਵਾਨ ਟੋਡਰ ਮੱਲ ਨੇ ਜ਼ਮੀਨ ਖ਼ਰੀਦ ਲਈ ਤੇ ਭਾਈ ਰਾਮਾ ਤੇ ਤ੍ਰਿਲੋਕਾ ਜੀ, ਜੋ ਸਰਹਿੰਦ ਵਿਖੇ ਮਾਮਲਾ ਦੇਣ ਆਏ ਸਨ, ਨੂੰ ਨਾਲ ਲੈ ਕੇ ਦੋਵਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ, ਜਿੱਥੇ ਜੋਤੀ ਸਰੂਪ ਗੁਰਦੁਆਰਾ ਸੁਸ਼ੋਭਿਤ ਹੈ।
ਡਾ. ਹਰਚੰਦ ਸਿੰਘ ਸਰਹਿੰਦੀ ਵੀ ਲਿਖਦੇ ਹਨ ਕਿ ਦੀਵਾਨ ਟੋਡਰ ਮੱਲ ਨੇ ਇਹ ਸੋਗਮਈ ਖ਼ਬਰ ਮਾਤਾ ਜੀ ਨੂੰ ਸੁਣਾਈ। ਦੀਵਾਨ ਟੋਡਰ ਮੱਲ ਨੇਕ ਦਿਲ ਇਨਸਾਨ ਸੀ ਅਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ। ਦੀਵਾਨ ਟੋਡਰ ਮੱਲ ਨੇ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ। ਸਸਕਾਰ ਲਈ ਜ਼ਮੀਨ ਦਾ ਇਕ ਟੁਕੜਾ ਉਸ ਨੇ ਬੜੀ ਭਾਰੀ ਕੀਮਤ ਅਦਾ ਕਰ ਕੇ ਖ਼ਰੀਦਿਆ ਸੀ। ਅਸ਼ਰਫੀਆਂ ਵਿਛਾ ਕੇ ਮੁੱਲ ਤਾਰਿਆ ਸੀ, ਇਹੋ ਕਾਰਨ ਹੈ ਕਿ ਸਿੱਖ ਜਗਤ ਵਿਚ ਸੇਠ ਟੋਡਰ ਮੱਲ ਨੂੰ ਬੜੀ ਸ਼ਰਧਾ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ।
ਧਰਮਿੰਦਰ ਸਿੰਘ ਚੱਬਾ