ਸਵੇਰੇ ਜਲਦੀ ਉੱਠਣ ਵਾਲਾ ਵਿਅਕਤੀ ਦਿਨ ਭਰ ਸਰਗਰਮ, ਖ਼ੁਸ਼ ਅਤੇ ਊਰਜਾਵਾਨ ਰਹਿੰਦਾ ਹੈ। ਇਸ ਸਮੇਂ ਕੀਤਾ ਗਿਆ ਕੋਈ ਵੀ ਕੰਮ-ਚਾਹੇ ਉਹ ਅਧਿਐਨ ਹੋਵੇ, ਧਿਆਨ, ਸਾਧਨਾ ਜਾਂ ਯੋਜਨਾ ਬਣਾਉਣਾ, ਬਹੁਤ ਹੀ ਫਲਦਾਇਕ ਹੁੰਦਾ ਹੈ। ਨਿਯਮਤ ਤੌਰ ’ਤੇ ਬ੍ਰਹਮ ਮਹੂਰਤ ਵਿਚ ਉੱਠਣ ਨਾਲ ਜੀਵਨ ਵਿਚ ਅਨੁਸ਼ਾਸਨ ਆਉਂਦਾ ਹੈ, ਮਨ ਇਕਾਗਰ ਰਹਿੰਦਾ ਹੈ ਅਤੇ ਤਣਾਅ ਘਟਦਾ ਹੈ।
ਸਾਡੇ ਧਰਮ-ਗ੍ਰੰਥਾਂ ਅਤੇ ਆਯੁਰਵੇਦ ਵਿਚ ਤੜਕੇ ਚਾਰ ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਦੇ ਸਮੇਂ ਨੂੰ ‘ਬ੍ਰਹਮ ਮਹੂਰਤ’ ਕਿਹਾ ਗਿਆ ਹੈ। ਇਹ ਸਮਾਂ ਦਿਨ ਦਾ ਸਭ ਤੋਂ ਪਵਿੱਤਰ ਅਤੇ ਊਰਜਾਵਾਨ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਦਾ ਵਾਤਾਵਰਨ ਸ਼ੁੱਧ, ਸ਼ਾਂਤ ਅਤੇ ਪ੍ਰੇਰਨਾਦਾਇਕ ਹੁੰਦਾ ਹੈ ਜੋ ਸਰੀਰ, ਮਨ ਅਤੇ ਬੁੱਧੀ ਦੇ ਸਮੁੱਚੇ ਵਿਕਾਸ ਲਈ ਬਹੁਤ ਲੋੜੀਂਦੀ ਹੈ। ਬ੍ਰਹਮ ਮਹੂਰਤ ਵਿਚ ਪ੍ਰਕ੍ਰਿਤੀ ਆਪਣੀ ਸੰਪੂਰਨ ਸ਼ੋਭਾ ਵਿਚ ਜਾਗਰੂਕ ਹੁੰਦੀ ਹੈ।
ਪੰਛੀਆਂ ਦਾ ਚਹਿਚਹਾਉਣਾ, ਮੱਠੀ ਸੁਗੰਧਿਤ ਹਵਾ ਅਤੇ ਤ੍ਰੇਲ ਨਾਲ ਭਿੱਜੀ ਹਰਿਆਲੀ ਦਾ ਦ੍ਰਿਸ਼ ਮਨੁੱਖੀ ਮਨ ਨੂੰ ਸ਼ਾਂਤੀ ਅਤੇ ਆਨੰਦ ਨਾਲ ਭਰ ਦਿੰਦਾ ਹੈ। ਇਸ ਵੇਲੇ ਚੱਲਣਾ ਨਾ ਸਿਰਫ਼ ਸੁਖਦ ਅਨੁਭਵ ਦਿੰਦਾ ਹੈ ਸਗੋਂ ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਹਰੇ-ਭਰੇ ਘਾਹ ’ਤੇ ਨੰਗੇ ਪੈਰੀਂ ਤੁਰਨਾ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਅਤੇ ਸਰੀਰ ਵਿਚ ਤਾਜ਼ਗੀ ਦਾ ਸੰਚਾਰ ਕਰਦਾ ਹੈ।
ਸਵੇਰੇ ਜਲਦੀ ਉੱਠਣ ਵਾਲਾ ਵਿਅਕਤੀ ਦਿਨ ਭਰ ਸਰਗਰਮ, ਖ਼ੁਸ਼ ਅਤੇ ਊਰਜਾਵਾਨ ਰਹਿੰਦਾ ਹੈ। ਇਸ ਸਮੇਂ ਕੀਤਾ ਗਿਆ ਕੋਈ ਵੀ ਕੰਮ-ਚਾਹੇ ਉਹ ਅਧਿਐਨ ਹੋਵੇ, ਧਿਆਨ, ਸਾਧਨਾ ਜਾਂ ਯੋਜਨਾ ਬਣਾਉਣਾ, ਬਹੁਤ ਹੀ ਫਲਦਾਇਕ ਹੁੰਦਾ ਹੈ। ਨਿਯਮਤ ਤੌਰ ’ਤੇ ਬ੍ਰਹਮ ਮਹੂਰਤ ਵਿਚ ਉੱਠਣ ਨਾਲ ਜੀਵਨ ਵਿਚ ਅਨੁਸ਼ਾਸਨ ਆਉਂਦਾ ਹੈ, ਮਨ ਇਕਾਗਰ ਰਹਿੰਦਾ ਹੈ ਅਤੇ ਤਣਾਅ ਘਟਦਾ ਹੈ। ਇਹ ਸਮਾਂ ‘ਮੁਫ਼ਤ ਦਵਾਈ’ ਦੇ ਸਮਾਨ ਹੈ ਜੋ ਆਲਸ, ਥਕਾਵਟ ਅਤੇ ਮਾਨਸਿਕ ਬਿਮਾਰੀਆਂ ਤੋਂ ਮੁਕਤ ਰੱਖਦਾ ਹੈ। ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਧਰਤੀ ਨੂੰ ਛੂਹ ਰਹੀਆਂ ਹੁੰਦੀਆਂ ਹਨ ਤਾਂ ਉਹ ਸਰੀਰ ਨੂੰ ਬਲ ਅਤੇ ਰੋਗ ਰੋਕੂ ਸਮਰੱਥਾ ਪ੍ਰਦਾਨ ਕਰਦੀਆਂ ਹਨ।
ਜੋ ਵਿਅਕਤੀ ਇਸ ਸਮੇਂ ਦਾ ਸਦਉਪਯੋਗ ਕਰਦਾ ਹੈ, ਉਹ ਨਾ ਸਿਰਫ਼ ਸਿਹਤਮੰਦ ਅਤੇ ਖ਼ੁਸ਼ ਰਹਿੰਦਾ ਹੈ ਸਗੋਂ ਲੰਬੀ ਉਮਰ ਵੀ ਪਾਉਂਦਾ ਹੈ। ਉਸ ਦੀ ਸੋਚ ਵੀ ਹਾਂ-ਪੱਖੀ ਬਣਦੀ ਜਾਂਦੀ ਹੈ ਜਿਸ ਕਾਰਨ ਉਹ ਹਰ ਘਟਨਾ ਨੂੰ ਉਸਾਰੂ ਨਜ਼ਰੀਏ ਨਾਲ ਵਾਚਦਾ ਹੈ। ਦਰਅਸਲ, ਬ੍ਰਹਮ ਮਹੂਰਤ ਸਿਰਫ਼ ਇਕ ਸਮਾਂ ਨਹੀਂ ਸਗੋਂ ਜੀਵਨ ਜਿਉਣ ਦੀ ਕਲਾ ਹੈ।
ਇਹ ਸਾਨੂੰ ਪ੍ਰਕ੍ਰਿਤੀ ਨਾਲ ਤਾਲਮੇਲ ਬਿਠਾਉਣ, ਆਤਮ-ਸੰਜਮ ਅਤੇ ਸੰਤੁਲਨ ਦਾ ਅਭਿਆਸ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਲਈ ਜੋ ਵਿਅਕਤੀ ਹਰ ਦਿਨ ਇਸ ਪਵਿੱਤਰ ਵੇਲੇ ਦਾ ਸਵਾਗਤ ਕਰਦਾ ਹੈ, ਉਹ ਨਿਸ਼ਚਤ ਤੌਰ ’ਤੇ ਸੁੱਖ, ਸ਼ਾਂਤੀ ਅਤੇ ਸਫਲਤਾ ਦਾ ਹੱਕਦਾਰ ਬਣਦਾ ਹੈ।
-ਡਾ. ਦਲਬੀਰ ਸਿੰਘ ਮਲਹੋਤਰਾ