ਭਾਵਾਂ ਦਾ ਸੰਤੁਲਨ
ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਸੁੱਖ-ਦੁੱਖ ਅਤੇ ਲਾਭ-ਹਾਨੀ ਤੋਂ ਪਰੇ ਸੋਚ ਕੇ ਕਰਮ ਕਰਦੇ ਰਹੋ। ਜੇ ਵਿਅਕਤੀ ਸਫਲਤਾ ਵਿਚ ਹੰਕਾਰ ਤੋਂ ਬਚ ਜਾਵੇ ਅਤੇ ਅਸਫਲਤਾ ਵਿਚ ਸਬਰ ਬਣਾਈ ਰੱਖੇ ਤਾਂ ਉਹ ਹਰ ਚੁਣੌਤੀ ਦਾ ਸਾਹਮਣਾ ਸਹਿਜੇ ਹੀ ਕਰ ਸਕਦਾ ਹੈ।
Publish Date: Thu, 14 May 2026 11:09 PM (IST)
Updated Date: Fri, 15 May 2026 07:37 AM (IST)
ਮਨੁੱਖ ਸਿਰਫ਼ ਦੇਹ ਅਤੇ ਆਤਮਾ ਦਾ ਸੰਯੋਗ ਹੀ ਨਹੀਂ ਹੈ ਸਗੋਂ ਭਾਵਨਾਵਾਂ ਦਾ ਇਕ ਸਜੀਵ ਸੰਸਾਰ ਵੀ ਹੈ। ਪ੍ਰੇਮ, ਕਰੋਧ, ਕਰੁਣਾ, ਈਰਖਾ, ਉਤਸ਼ਾਹ, ਭੈਅ, ਉਮੀਦ ਅਤੇ ਨਿਰਾਸ਼ਾ ਵਰਗੇ ਅਨੇਕ ਭਾਵ ਉਸ ਦੇ ਜੀਵਨ ਨੂੰ ਦਿਸ਼ਾ ਦਿੰਦੇ ਹਨ। ਸੰਤੁਲਿਤ ਅਵਸਥਾ ਵਿਚ ਇਹ ਭਾਵ ਜੀਵਨ ਵਿਚ ਰੰਗ ਭਰ ਦਿੰਦੇ ਹਨ ਪਰ ਜਦ ਇਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ, ਤਦ ਇਹੀ ਭਾਵ ਵਿਅਕਤੀ ਲਈ ਵੱਖ-ਵੱਖ ਸਮੱਸਿਆਵਾਂ ਦਾ ਜ਼ਰੀਆ ਬਣ ਜਾਂਦੇ ਹਨ।
ਇਸ ਲਈ ਜੀਵਨ ਵਿਚ ਭਾਵਾਂ ਦਾ ਸੰਤੁਲਨ ਅਤਿਅੰਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਭਾਵਾਂ ਦੀ ਅਸਥਿਰਤਾ ਅਤੇ ਅਸਮਾਨਤਾ ਸਪਸ਼ਟ ਤੌਰ ’ਤੇ ਦ੍ਰਿਸ਼ਟੀਗੋਚਰ ਹੁੰਦੀ ਹੈ ਜਿਵੇਂ ਕਿਤੇ ਕਰੋਧ ਦਾ ਵਿਸਫੋਟ ਦਿਖਾਈ ਦਿੰਦਾ ਹੈ ਤਾਂ ਕਿਤੇ ਉਦਾਸੀ ਦੀ ਡੂੰਘੀ ਖ਼ਾਮੋਸ਼ੀ। ਅਜਿਹੇ ਮਾਹੌਲ ਵਿਚ ਭਾਵਾਂ ਦਾ ਸੰਤੁਲਨ ਇਕ ਲਾਜ਼ਮੀ ਜ਼ਰੂਰਤ ਹੈ। ਭਾਵਾਂ ਦੇ ਸੰਤੁਲਨ ਦਾ ਅਰਥ ਇਹ ਨਹੀਂ ਹੈ ਕਿ ਮਨੁੱਖ ਭਾਵਾਂ ਪੱਖੋਂ ਮਨਫ਼ੀ ਹੋ ਜਾਵੇ।
ਇਸ ਦਾ ਅਰਥ ਹੈ-ਹਰੇਕ ਹਾਲਾਤ ਵਿਚ ਮਨੋਭਾਵਾਂ ਨੂੰ ਨਿਯੰਤ੍ਰਿਤ ਕਰਨਾ ਤੇ ਸੰਜਮੀ ਰੱਖਣਾ। ਅਤਿਅੰਤ ਕਰੋਧ ਨਿਰਣੇ ਲੈਣ ਦੀ ਸਮਰੱਥਾ ਨੂੰ ਨਸ਼ਟ ਕਰ ਦਿੰਦਾ ਹੈ ਜਦਕਿ ਬੇਹੱਦ ਮੋਹ ਵਿਅਕਤੀ ਨੂੰ ਅੰਦਰੋਂ ਕਮਜ਼ੋਰ ਬਣਾ ਦਿੰਦਾ ਹੈ। ਇਸੇ ਤਰ੍ਹਾਂ ਅਸੀਮ ਖ਼ਾਹਿਸ਼ਾਂ ਤਣਾਅ ਨੂੰ ਜਨਮ ਦਿੰਦੀਆਂ ਹਨ ਅਤੇ ਅਤਿਅੰਤ ਨਿਰਾਸ਼ਾ ਵਿਅਕਤੀ ਨੂੰ ਜੀਵਨ ਤੋਂ ਬੇਮੁੱਖ ਕਰ ਸਕਦੀ ਹੈ। ਭਾਰਤੀ ਸੰਸਕ੍ਰਿਤੀ ਨੇ ਮਨੁੱਖ ਨੂੰ ਸਦਾ ਹਰ ਹਾਲਾਤ ਵਿਚ ਇਕ-ਸਮਾਨ ਮਨੋਭਾਵ ’ਚ ਰਹਿਣ ਦੀ ਸਿੱਖਿਆ ਦਿੱਤੀ ਹੈ।
ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਸੁੱਖ-ਦੁੱਖ ਅਤੇ ਲਾਭ-ਹਾਨੀ ਤੋਂ ਪਰੇ ਸੋਚ ਕੇ ਕਰਮ ਕਰਦੇ ਰਹੋ। ਜੇ ਵਿਅਕਤੀ ਸਫਲਤਾ ਵਿਚ ਹੰਕਾਰ ਤੋਂ ਬਚ ਜਾਵੇ ਅਤੇ ਅਸਫਲਤਾ ਵਿਚ ਸਬਰ ਬਣਾਈ ਰੱਖੇ ਤਾਂ ਉਹ ਹਰ ਚੁਣੌਤੀ ਦਾ ਸਾਹਮਣਾ ਸਹਿਜੇ ਹੀ ਕਰ ਸਕਦਾ ਹੈ।
ਭਾਵਾਂ ਦੇ ਸੰਤੁਲਨ ਲਈ ਆਤਮ-ਚਿੰਤਨ, ਹਾਂ-ਪੱਖੀ ਸੋਚ ਅਤੇ ਸਬਰ-ਸੰਤੋਖ ਚਾਹੀਦਾ ਹੁੰਦਾ ਹੈ। ਭਾਵਾਂ ਦਾ ਸੰਤੁਲਨ ਹੀ ਸਾਰਥਕ ਜੀਵਨ ਦੀ ਬੁਨਿਆਦ ਹੈ। ਜਿਸ ਵਿਅਕਤੀ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ, ਉਸ ਨੇ ਜੀਵਨ ਦੀਆਂ ਅੱਧੀਆਂ ਚੁਣੌਤੀਆਂ ’ਤੇ ਜਿੱਤ ਹਾਸਲ ਕਰ ਲਈ। ਅੱਜ ਜ਼ਰੂਰੀ ਹੈ ਕਿ ਅਸੀਂ ਆਧੁਨਿਕਤਾ ਦੀ ਦੌੜ ਵਿਚ ਅੰਦਰੂਨੀ ਸੰਤੁਲਨ ਨੂੰ ਨਾ ਗੁਆਈਏ, ਕਿਉਂਕਿ ਸ਼ਾਂਤ ਅਤੇ ਸੰਤੁਲਿਤ ਮਨ ਹੀ ਜੀਵਨ ਨੂੰ ਸਹੀ ਅਰਥਾਂ ਵਿਚ ਸੁੰਦਰ ਬਣਾਉਂਦਾ ਹੈ।