ਜਿਸ ਤਰ੍ਹਾਂ ਰੁਝੇਵਾਂ ਮਨੁੱਖ ਦੀ ਸੋਚ ਅਤੇ ਜੀਵਨ, ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ, ਉਸੇ ਤਰ੍ਹਾਂ ਨਿੰਦਾ ਵੀ ਮਨੁੱਖ ਦੇ ਚਰਿੱਤਰ ਨੂੰ ਕਮਜ਼ੋਰ ਬਣਾ ਦਿੰਦੀ ਹੈ। ਹੌਲੀ-ਹੌਲੀ ਇਹ ਉਸ ਦੀ ਸ਼ਖ਼ਸੀਅਤ ਨੂੰ ਅੰਦਰੋਂ ਖੋਖਲਾ ਕਰਨ ਲੱਗਦੀ ਹੈ। ਨਿੰਦਾ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਚਤਰ ਸਮਝਦਾ ਹੈ ਪਰ ਸੁਣਨ ਵਾਲਾ ਵਿਅਕਤੀ ਹਮੇਸ਼ਾ ਉਸ ਨੂੰ ਸੰਦੇਹ ਦੀ ਨਜ਼ਰ ਨਾਲ ਦੇਖਦਾ ਹੈ ਕਿਉਂਕਿ ਜੋ ਵਿਅਕਤੀ ਅੱਜ ਕਿਸੇ ਤੀਜੇ ਵਿਅਕਤੀ ਦੀ ਬੁਰਾਈ ਕਰ ਰਿਹਾ ਹੈ,

ਜਿਸ ਤਰ੍ਹਾਂ ਰੁਝੇਵਾਂ ਮਨੁੱਖ ਦੀ ਸੋਚ ਅਤੇ ਜੀਵਨ, ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ, ਉਸੇ ਤਰ੍ਹਾਂ ਨਿੰਦਾ ਵੀ ਮਨੁੱਖ ਦੇ ਚਰਿੱਤਰ ਨੂੰ ਕਮਜ਼ੋਰ ਬਣਾ ਦਿੰਦੀ ਹੈ। ਹੌਲੀ-ਹੌਲੀ ਇਹ ਉਸ ਦੀ ਸ਼ਖ਼ਸੀਅਤ ਨੂੰ ਅੰਦਰੋਂ ਖੋਖਲਾ ਕਰਨ ਲੱਗਦੀ ਹੈ। ਨਿੰਦਾ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਚਤਰ ਸਮਝਦਾ ਹੈ ਪਰ ਸੁਣਨ ਵਾਲਾ ਵਿਅਕਤੀ ਹਮੇਸ਼ਾ ਉਸ ਨੂੰ ਸੰਦੇਹ ਦੀ ਨਜ਼ਰ ਨਾਲ ਦੇਖਦਾ ਹੈ ਕਿਉਂਕਿ ਜੋ ਵਿਅਕਤੀ ਅੱਜ ਕਿਸੇ ਤੀਜੇ ਵਿਅਕਤੀ ਦੀ ਬੁਰਾਈ ਕਰ ਰਿਹਾ ਹੈ, ਉਹ ਕੱਲ੍ਹ ਨੂੰ ਉਸ ਦੀ ਬੁਰਾਈ ਵੀ ਕਰ ਸਕਦਾ ਹੈ। ਇਸ ਲਈ ਲੋਕ ਅਜਿਹੇ ਵਿਅਕਤੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਬਾਹਰੋਂ ਭਾਵੇਂ ਹੀ ਲੋਕ ਉਸ ਦੀਆਂ ਗੱਲਾਂ ’ਤੇ ਮੁਸਕਰਾ ਦੇਣ ਪਰ ਅੰਦਰੋ-ਅੰਦਰ ਉਸ ਪ੍ਰਤੀ ਸਨਮਾਨ ਘੱਟ ਹੋਣ ਲੱਗਦਾ ਹੈ। ਮਨੁੱਖੀ ਜੀਵਨ ਵਿਚ ਸ਼ਬਦਾਂ ਦਾ ਬਹੁਤ ਮਹੱਤਵ ਹੁੰਦਾ ਹੈ। ਜੋ ਸ਼ਬਦ ਅਸੀਂ ਭੇਜਦੇ ਹਾਂ, ਉਹ ਲਫ਼ਜ਼ ਮੁੜ ਕੇ ਸਾਡੇ ਵੱਲ ਆਉਂਦੇ ਹਨ। ਜੇ ਅਸੀਂ ਹੋਰਾਂ ਲਈ ਕੁੜੱਤਣ, ਈਰਖਾ ਅਤੇ ਨਾਂਹ-ਪੱਖੀ ਸੋਚਣੀ ਭੇਜਾਂਗੇ ਤਾਂ ਉਹੀ ਮਾਹੌਲ ਸਾਡੇ ਆਸ-ਪਾਸ ਵੀ ਬਣੇਗਾ। ਇਸ ਦੇ ਉਲਟ ਜੇ ਅਸੀਂ ਪ੍ਰੇਮ, ਸਨਮਾਨ ਅਤੇ ਪ੍ਰੇਰਨਾ ਦੀਆਂ ਗੱਲਾਂ ਕਰਾਂਗੇ ਤਾਂ ਸਮਾਜ ਵਿਚ ਸਕਾਰਾਤਮਕਤਾ ਵਧੇਗੀ। ਸ਼ਬਦ ਸਿਰਫ਼ ਆਵਾਜ਼ ਨਹੀਂ ਹੁੰਦੇ, ਉਹ ਸਾਡੇ ਸੰਸਕਾਰਾਂ ਅਤੇ ਸੋਚ ਦਾ ਸਬੂਤ ਵੀ ਦਿੰਦੇ ਹਨ। ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੋਕ ਦੂਜਿਆਂ ਦੀਆਂ ਗ਼ਲਤੀਆਂ ਲੱਭਣ ਵਿਚ ਲੱਗੇ ਰਹਿੰਦੇ ਹਨ। ਕਿਸੇ ਦੀ ਸਫਲਤਾ ਦੇਖ ਕੇ ਉਸ ਦੀ ਮਿਹਨਤ ਦੀ ਸ਼ਲਾਘਾ ਕਰਨ ਦੀ ਬਜਾਏ ਲੋਕ ਉਸ ਦੀ ਆਲੋਚਨਾ ਕਰਨ ਲੱਗਦੇ ਹਨ। ਇਹ ਆਦਤ ਹੌਲੀ-ਹੌਲੀ ਮਨੁੱਖ ਨੂੰ ਅੰਦਰੋਂ ਅਸੰਤੁਸ਼ਟ ਬਣਾ ਦਿੰਦੀ ਹੈ। ਅਸੀਂ ਹੋਰਾਂ ਦੀ ਬੁਰਾਈ ਕਰ ਕੇ ਖ਼ੁਦ ਨੂੰ ਬਿਹਤਰ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਵਿਚ ਆਪਣਾ ਹੀ ਪੱਧਰ ਨੀਵਾਂ ਕਰ ਲੈਂਦੇ ਹਾਂ। ਹਕੀਕੀ ਮਹਾਨਤਾ ਦੂਜਿਆਂ ਨੂੰ ਨੀਵਾਂ ਦਿਖਾਉਣ ਵਿਚ ਨਹੀਂ, ਬਲਕਿ ਖ਼ੁਦ ਨੂੰ ਬਿਹਤਰ ਬਣਾਉਣ ਵਿਚ ਹੁੰਦੀ ਹੈ। ਇਕ ਸਮਝਦਾਰ ਵਿਅਕਤੀ ਉਹੀ ਹੁੰਦਾ ਹੈ ਜੋ ਦੂਜਿਆਂ ਦੀਆਂ ਕਮੀਆਂ ’ਤੇ ਚਰਚਾ ਕਰਨ ਦੀ ਬਜਾਏ ਉਨ੍ਹਾਂ ਦੇ ਗੁਣਾਂ ਨੂੰ ਦੇਖਣ ਦਾ ਯਤਨ ਕਰੇ। ਨਿੰਦਾ ਨਾਲ ਰਿਸ਼ਤੇ ਟੁੱਟਦੇ ਹਨ, ਵਿਸ਼ਵਾਸ ਸਮਾਪਤ ਹੁੰਦਾ ਹੈ ਅਤੇ ਮਨ ਵਿਚ ਕੁੜੱਤਣ ਪੈਦਾ ਹੁੰਦੀ ਹੈ। ਇਸ ਲਈ ਜੀਵਨ ਵਿਚ ਹਮੇਸ਼ਾ ਹਾਂ-ਪੱਖੀ ਸੋਚ ਰੱਖਣੀ ਚਾਹੀਦੀ ਹੈ। ਮਿੱਠੀ ਬੋਲੀ, ਚੰਗੇ ਵਿਚਾਰ ਅਤੇ ਸਨਮਾਨਪੂਰਵਕ ਵਿਵਹਾਰ ਹੀ ਮਨੁੱਖ ਨੂੰ ਸੱਚਾ ਸਨਮਾਨ ਦਿਵਾਉਂਦੇ ਹਨ।
-ਸਮਰਾਜ ਚੌਹਾਨ।