Jyotish Shastra ਅਨੁਸਾਰ, ਅਕਸ਼ੈ ਤ੍ਰਿਤੀਆ ਦੇ ਦਿਨ ਸੂਰਜ ਤੇ ਚੰਦਰਮਾ ਆਪਣੀ ਸਭ ਤੋਂ ਉੱਚੀ ਰਾਸ਼ੀ 'ਚ ਹੁੰਦੇ ਹਨ। ਸੂਰਜ ਨੂੰ 'ਸੋਨੇ' ਦਾ ਕਾਰਕ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਨ ਸੂਰਜ ਦੀ ਊਰਜਾ ਆਪਣੇ ਸਿਖਰ 'ਤੇ ਹੁੰਦੀ ਹੈ, ਇਸ ਲਈ ਸੋਨਾ ਖਰੀਦਣਾ ਤੁਹਾਡੀ ਕਿਸਮਤ ਨੂੰ ਸੂਰਜ ਵਰਗੀ ਚਮਕ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਰ ਸਾਲ ਜਦੋਂ ਅਕਸ਼ੈ ਤ੍ਰਿਤੀਆ ਆਉਂਦੀ ਹੈ ਤਾਂ ਜਿਊਲਰੀ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਨਜ਼ਰ ਆਉਂਦੀ ਹੈ। ਲੋਕ ਭਾਵੇਂ ਛੋਟਾ ਜਿਹਾ ਸਿੱਕਾ ਹੀ ਸਹੀ, ਪਰ ਸੋਨਾ ਜ਼ਰੂਰ ਖਰੀਦਣਾ ਚਾਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦਿਨ ਸਿਰਫ਼ 'ਸੋਨੇ' 'ਤੇ ਹੀ ਇੰਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ? ਕੀ ਇਹ ਸਿਰਫ਼ ਇਕ ਪਰੰਪਰਾ ਹੈ ਜਾਂ ਇਸਦੇ ਪਿੱਛੇ ਕੋਈ ਠੋਸ ਧਾਰਮਿਕ ਅਤੇ ਵਿਗਿਆਨਕ ਕਾਰਨ ਹੈ?
ਸਭ ਤੋਂ ਪਹਿਲਾਂ 'ਅਕਸ਼ੈ' ਸ਼ਬਦ ਨੂੰ ਸਮਝਦੇ ਹਾਂ। 'ਅਕਸ਼ੈ' ਦਾ ਅਰਥ ਹੁੰਦਾ ਹੈ ਜਿਸਦਾ ਕਦੇ 'ਖੈ' (ਨਾਸ਼) ਨਾ ਹੋਵੇ, ਯਾਨੀ ਜੋ ਕਦੇ ਖਤਮ ਨਾ ਹੋਵੇ। ਹਿੰਦੂ ਧਰਮ 'ਚ ਅਜਿਹੀ ਮਾਨਤਾ ਹੈ ਕਿ ਇਸ ਦਿਨ ਤੁਸੀਂ ਜੋ ਵੀ ਸ਼ੁੱਭ ਕਾਰਜ ਕਰਦੇ ਹੋ ਜਾਂ ਜੋ ਵੀ ਕੀਮਤੀ ਵਸਤੂ ਖਰੀਦਦੇ ਹੋ, ਉਸਦਾ ਫਲ ਤੁਹਾਨੂੰ ਅਨੰਤ ਕਾਲ ਤਕ ਮਿਲਦਾ ਹੈ। ਲੋਕ ਮੰਨਦੇ ਹਨ ਕਿ ਇਸ ਦਿਨ ਸੋਨਾ ਘਰ ਲਿਆਉਣ ਨਾਲ ਪਰਿਵਾਰ ਦੀ ਸੰਪਤੀ ਕਦੇ ਘੱਟ ਨਹੀਂ ਹੁੰਦੀ, ਸਗੋਂ ਉਹ 'ਅਕਸ਼ੈ' ਹੋ ਜਾਂਦੀ ਹੈ।
ਸੋਨੇ ਨੂੰ ਨਾ ਸਿਰਫ਼ ਇਕ ਧਾਤੂ, ਸਗੋਂ ਸ਼ੁੱਧਤਾ ਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸੋਨਾ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰਾ ਹੈ ਅਤੇ ਇਸਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ।
ਅਕਸ਼ੈ ਪਾਤਰ ਦੀ ਕਥਾ: ਮੰਨਿਆ ਜਾਂਦਾ ਹੈ ਕਿ ਇਸੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦ੍ਰੋਪਦੀ ਨੂੰ 'ਅਕਸ਼ੈ ਪਾਤਰ' ਦਿੱਤਾ ਸੀ, ਜਿਸ ਵਿੱਚ ਭੋਜਨ ਕਦੇ ਖਤਮ ਨਹੀਂ ਹੁੰਦਾ ਸੀ।
ਸਤਯੁਗ ਤੇ ਤ੍ਰੇਤਾਯੁਗ ਦੀ ਸ਼ੁਰੂਆਤ: ਪੁਰਾਣਿਕ ਕਥਾਵਾਂ ਅਨੁਸਾਰ, ਇਸੇ ਦਿਨ ਤੋਂ ਤ੍ਰੇਤਾਯੁਗ ਦੀ ਸ਼ੁਰੂਆਤ ਹੋਈ ਸੀ। ਨਵੇਂ ਯੁੱਗ ਦੀ ਸ਼ੁਰੂਆਤ ਨੂੰ ਖੁਸ਼ਹਾਲੀ ਨਾਲ ਜੋੜਨ ਲਈ ਸੋਨੇ ਦੀ ਖਰੀਦਦਾਰੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ।
ਜੋਤਿਸ਼ ਸ਼ਾਸਤਰ ਅਨੁਸਾਰ, ਅਕਸ਼ੈ ਤ੍ਰਿਤੀਆ ਦੇ ਦਿਨ ਸੂਰਜ ਤੇ ਚੰਦਰਮਾ ਆਪਣੀ ਸਭ ਤੋਂ ਉੱਚੀ ਰਾਸ਼ੀ 'ਚ ਹੁੰਦੇ ਹਨ। ਸੂਰਜ ਨੂੰ 'ਸੋਨੇ' ਦਾ ਕਾਰਕ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਨ ਸੂਰਜ ਦੀ ਊਰਜਾ ਆਪਣੇ ਸਿਖਰ 'ਤੇ ਹੁੰਦੀ ਹੈ, ਇਸ ਲਈ ਸੋਨਾ ਖਰੀਦਣਾ ਤੁਹਾਡੀ ਕਿਸਮਤ ਨੂੰ ਸੂਰਜ ਵਰਗੀ ਚਮਕ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ। ਇਹ ਨਿਵੇਸ਼ ਸਿਰਫ਼ ਦਿਖਾਵਾ ਨਹੀਂ, ਸਗੋਂ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਇਕ ਅਧਿਆਤਮਕ ਤਰੀਕਾ ਵੀ ਹੈ।
ਹਾਲਾਂਕਿ, ਅੱਜ ਦੇ ਸਮੇਂ ਸੋਨਾ ਖਰੀਦਣਾ ਬਹੁਤ ਮਕਬੂਲ ਹੋ ਗਿਆ ਹੈ, ਪਰ ਸ਼ਾਸਤਰਾਂ 'ਚ ਇਸ ਦਿਨ 'ਦਾਨ' ਕਰਨ ਨੂੰ ਸੋਨੇ ਦੀ ਖਰੀਦਦਾਰੀ ਨਾਲੋਂ ਵੀ ਵੱਧ ਮਹੱਤਵ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅੱਜ ਕੀਤਾ ਗਿਆ ਦਾਨ ਅਗਲੇ ਕਈ ਜਨਮਾਂ ਤਕ 'ਅਕਸ਼ੈ' ਰਹਿੰਦਾ ਹੈ।
ਅਕਸ਼ੈ ਤ੍ਰਿਤੀਆ ਦੇ ਮਹੱਤਵ ਦਾ ਵਰਣਨ ਮੁੱਖ ਤੌਰ 'ਤੇ 'ਭਵਿੱਖ ਪੁਰਾਣ' ਤੇ 'ਮਤਸਯ ਪੁਰਾਣ' 'ਚ ਮਿਲਦਾ ਹੈ। ਇਨ੍ਹਾਂ ਗ੍ਰੰਥਾਂ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਕੀਤਾ ਗਿਆ ਦਾਨ, ਇਸ਼ਨਾਨ ਤੇ ਖਰੀਦਦਾਰੀ 'ਅਕਸ਼ੈ' (ਅਮਰ) ਹੋ ਜਾਂਦੀ ਹੈ। ਇਸ ਤੋਂ ਇਲਾਵਾ, 'ਨਾਰਦ ਪੁਰਾਣ' 'ਚ ਵੀ ਇਸ ਦਿਨ ਨਵੀਆਂ ਵਸਤਾਂ ਦੇ ਨਿਵੇਸ਼ ਨੂੰ ਸ਼ੁਭ ਦੱਸਿਆ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।