ਮਹਾਨਤਾ ਦਾ ਆਧਾਰ ਤਿਆਗ
ਇਹ ਵਿੱਦਿਆ ਇੰਨੀ ਵਿਲੱਖਣ ਸੀ ਕਿ ਉਸ ਨਾਲ ਮ੍ਰਿਤਕ ਨੂੰ ਵੀ ਪੁਨਰ-ਜੀਵਿਤ ਕੀਤਾ ਜਾ ਸਕਦਾ ਸੀ। ਕੱਛ ਦਾ ਮਕਸਦ ਸਿਰਫ਼ ਗਿਆਨ ਪ੍ਰਾਪਤ ਕਰਨਾ ਸੀ ਅਤੇ ਉਹ ਕਿਸੇ ਤਰ੍ਹਾਂ ਦੀ ਮਕਬੂਲੀਅਤ, ਸੁਵਿਧਾ ਜਾਂ ਸੁੱਖ ਦੀ ਕਾਮਨਾ ਲੈ ਕੇ ਸ਼ੁਕਰਾਚਾਰੀਆ ਕੋਲ ਨਹੀਂ ਗਏ ਸਨ।
Publish Date: Sun, 24 May 2026 11:41 PM (IST)
Updated Date: Mon, 25 May 2026 06:45 AM (IST)
ਵੱਡੀਆਂ ਉਪਲਬਧੀਆਂ ਲਈ ਵੱਡੀ ਕੀਮਤ ਤਾਰਨੀ ਪੈਂਦੀ ਹੈ। ਕਦੇ ਇਹ ਕੀਮਤ ਨੀਂਦ ਸੁੱਖ ਨੂੰ ਤਿਆਗਣ ਤੇ ਕਦੇ ਮਿੱਤਰ-ਪਿਆਰਿਆਂ ਨਾਲ ਬਿਤਾਏ ਜਾਣ ਵਾਲੇ ਸੁਖਦ ਪਲਾਂ ਵਿਚ ਕਟੌਤੀ ਦੇ ਰੂਪ ਵਿਚ ਅਦਾ ਕਰਨੀ ਪੈਂਦੀ ਹੈ। ਜਦ ਟੀਚਾ ਹਿਮਾਲਿਆ ਦੀ ਤਰ੍ਹਾਂ ਉੱਚਾ ਹੋਵੇ, ਤਦ ਮਾਰਗ ਵਿਚ ਆਉਣ ਵਾਲੇ ਆਕਰਸ਼ਕ ਨਜ਼ਾਰਿਆਂ ਨੂੰ ਤਿਆਗਣਾ ਪੈਂਦਾ ਹੈ। ਜੀਵ ਵਿਚ ਉਹੀ ਵਿਅਕਤੀ ਸਫਲਤਾ ਦੇ ਸਿਖਰ ਤੱਕ ਪੁੱਜਦਾ ਹੈ ਜੋ ਆਪਣੇ ਟੀਚੇ ਪ੍ਰਤੀ ਅਡੋਲ ਰਹਿੰਦਾ ਹੈ ਤੇ ਮੋਹ-ਮਾਇਆ ਦੇ ਲਾਲਚਾਂ ਤੋਂ ਖ਼ੁਦ ਨੂੰ ਪ੍ਰਭਾਵਿਤ ਨਹੀਂ ਹੋਣ ਦਿੰਦਾ। ਦੇਵਤਿਆਂ ਦੇ ਗੁਰੂ ਬ੍ਰਹਸਪਤੀ ਦੇ ਪੁੱਤਰ ਕੱਛ ਨੇ ਟੀਚਾ ਤੈਅ ਕੀਤਾ ਕਿ ਉਹ ਦਾਨਵਾਂ ਦੇ ਗੁਰੂ ਸ਼ੁਕਰਾਚਾਰੀਆ ਤੋਂ ਸੰਜੀਵਨੀ ਵਿੱਦਿਆ ਪ੍ਰਾਪਤ ਕਰਨਗੇ।
ਇਹ ਵਿੱਦਿਆ ਇੰਨੀ ਵਿਲੱਖਣ ਸੀ ਕਿ ਉਸ ਨਾਲ ਮ੍ਰਿਤਕ ਨੂੰ ਵੀ ਪੁਨਰ-ਜੀਵਿਤ ਕੀਤਾ ਜਾ ਸਕਦਾ ਸੀ। ਕੱਛ ਦਾ ਮਕਸਦ ਸਿਰਫ਼ ਗਿਆਨ ਪ੍ਰਾਪਤ ਕਰਨਾ ਸੀ ਅਤੇ ਉਹ ਕਿਸੇ ਤਰ੍ਹਾਂ ਦੀ ਮਕਬੂਲੀਅਤ, ਸੁਵਿਧਾ ਜਾਂ ਸੁੱਖ ਦੀ ਕਾਮਨਾ ਲੈ ਕੇ ਸ਼ੁਕਰਾਚਾਰੀਆ ਕੋਲ ਨਹੀਂ ਗਏ ਸਨ। ਇਸ ਦੇ ਲਈ ਉਨ੍ਹਾਂ ਨੇ ਸਾਲਾਂਬੱਧੀ ਕਠੋਰ ਤਪ ਅਤੇ ਅਨੁਸ਼ਾਸਨ ਦੀ ਪਾਲਣਾ ਕੀਤੀ। ਅਪਮਾਨ ਤੋਂ ਲੈ ਕੇ ਪ੍ਰਲੋਭਨਾਂ ਤੋਂ ਪ੍ਰਭਾਵਿਤ ਨਹੀਂ ਹੋਏ।
ਨਾ-ਸਹਿਣਯੋਗ ਕਸ਼ਟਾਂ ਨੂੰ ਵੀ ਹੌਸਲੇ ਨਾਲ ਸਹਿਣ ਕੀਤਾ ਕਿਉਂਕਿ ਉਨ੍ਹਾਂ ਦਾ ਟੀਚਾ ਸਪਸ਼ਟ ਅਤੇ ਅਟਲ ਸੀ। ਕੱਛ ਨੇ ਆਪਣੇ ਫ਼ਰਜ਼ ਅਤੇ ਟੀਚੇ ਨੂੰ ਹੀ ਸਭ ਤੋਂ ਉੱਪਰ ਮੰਨਿਆ। ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਹਕੀਕੀ ਤਿਆਗ ਉਹੀ ਹੈ ਜਿਸ ਵਿਚ ਵਿਅਕਤੀ ਆਪਣੇ ਨਿੱਜੀ ਸੁੱਖਾਂ ਦਾ ਤਿਆਗ ਕਰ ਕੇ ਵਿਆਪਕ ਟੀਚੇ ਵੱਲ ਵਧਦਾ ਰਹੇ। ਤਿਆਗ ਦਾ ਅਰਥ ਸਿਰਫ਼ ਕਿਸੇ ਵਸਤੂ ਜਾਂ ਸੁੱਖ ਨੂੰ ਛੱਡ ਦੇਣਾ ਨਹੀਂ ਹੈ ਬਲਕਿ ਇਹ ਆਪਣੇ ਜੀਵਨ ਦੀ ਦਿਸ਼ਾ ਨੂੰ ਸਹੀ ਬਣਾਈ ਰੱਖਣ ਦਾ ਦ੍ਰਿੜ ਸੰਕਲਪ ਹੈ। ਇਹ ਮਨੁੱਖ ਨੂੰ ਆਤਮ-ਸੰਜਮ, ਸਹਿਣਸ਼ੀਲਤਾ ਅਤੇ ਦ੍ਰਿੜਤਾ ਦਾ ਪਾਠ ਪੜ੍ਹਾਉਂਦਾ ਹੈ।
ਕੱਛ ਦੀ ਕਥਾ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਜੇ ਸਾਡਾ ਟੀਚਾ ਪਵਿੱਤਰ ਤੇ ਸਪਸ਼ਟ ਹੈ ਤਾਂ ਸਾਨੂੰ ਮਾਰਗ ਵਿਚ ਆਉਣ ਵਾਲੇ ਹਰੇਕ ਪ੍ਰਲੋਭਨ ਨੂੰ ਤਿਆਗਣ ਦਾ ਸਾਹਸ ਵੀ ਰੱਖਣਾ ਚਾਹੀਦਾ ਹੈ। ਤਿਆਗ ਤੋਂ ਬਿਨਾਂ ਮਹਾਨਤਾ ਅਸੰਭਵ ਹੈ। ਜੋ ਵਿਅਕਤੀ ਤਿਆਗ ਕਰਨਾ ਸਿੱਖ ਲੈਂਦਾ ਹੈ, ਉਹੀ ਜੀਵਨ ਵਿਚ ਹਕੀਕੀ ਸਫਲਤਾ, ਸਨਮਾਨ ਤੇ ਆਤਮ-ਸੰਤੋਸ਼ ਪ੍ਰਾਪਤ ਕਰਦਾ ਹੈ। ਤਿਆਗ ਤੋਂ ਬਿਨਾਂ ਸਫਲਤਾ ਦੀ ਕਾਮਨਾ ਸਿਰਫ਼ ਮ੍ਰਿਗਤ੍ਰਿਸ਼ਨਾ ਹੈ।
-ਸਮਰਾਜ ਚੌਹਾਨ