ਗਿਆਨ ਦਾ ਭੰਡਾਰ
ਸਮੇਂ ਦੇ ਨਾਲ ਭੌਤਿਕ ਸੋਮੇ ਤਾਂ ਨਸ਼ਟ ਹੋ ਸਕਦੇ ਹਨ ਪਰ ਹਾਸਲ ਕੀਤੇ ਗਿਆਨ ਨੂੰ ਕੋਈ ਤੁਹਾਥੋਂ ਖੋਹ ਨਹੀਂ ਸਕਦਾ। ਗਿਆਨ ਹਾਸਲ ਕਰਨ ਦੇ ਨਾਲ ਹੀ ਇਹ ਵੀ ਚੇਤੇ ਰਹੇ ਕਿ ਸਾਡੇ ਅੰਦਰ ਹੰਕਾਰ ਥੋੜ੍ਹੀ ਜਿਹੀ ਵੀ ਜਗ੍ਹਾ ਨਾ ਬਣਾ ਸਕੇ ਕਿਉਂਕਿ ਗਿਆਨ ਜਦ ਹੰਕਾਰ ਦਾ ਚੋਲਾ ਪਹਿਨ ਲੈਂਦਾ ਹੈ ਤਾਂ ਸਾਡੇ ਉਸ ਭੰਡਾਰ ਦਾ ਨੁਕਸਾਨ ਹੋਣ ਲੱਗਦਾ ਹੈ।
Publish Date: Wed, 13 May 2026 11:43 PM (IST)
Updated Date: Thu, 14 May 2026 07:36 AM (IST)
ਜੀਵਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕ ਕਈ ਤਰ੍ਹਾਂ ਦੇ ਭੌਤਿਕ ਸੋਮਿਆਂ ਦਾ ਭੰਡਾਰ ਕਰਦੇ ਹਨ। ਭਾਵੇਂ ਇਨ੍ਹਾਂ ਵਸਤਾਂ ਤੋਂ ਪਰੇ ਇਕ ਅਤਿਅੰਤ ਮਹੱਤਵਪੂਰਨ ਭੰਡਾਰ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ ਅਤੇ ਉਹ ਹੈ ਗਿਆਨ ਦਾ ਭੰਡਾਰ। ਧਨ ਦਾ ਭੰਡਾਰ ਤੁਹਾਨੂੰ ਘੁਮੰਡੀ ਤੇ ਵਸਤਾਂ ਦਾ ਭੰਡਾਰ ਤੁਹਾਨੂੰ ਲਾਲਚੀ ਬਣਾ ਦਿੰਦਾ ਹੈ ਪਰ ਗਿਆਨ ਦਾ ਭੰਡਾਰ ਇਨ੍ਹਾਂ ਦੁਰਗੁਣਾਂ ਤੋਂ ਸਦਾ ਦੂਰ ਰੱਖਦਾ ਹੈ। ਗਿਆਨ ਦੇ ਨੇਤਰ ਸਦਾ ਖੁੱਲ੍ਹੇ ਰਹਿਣ, ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਗਿਆਨ ਰੂਪੀ ਸਾਗਰ ਵਿਚ ਹਮੇਸ਼ਾ ਗੋਤੇ ਲਗਾਉਂਦੇ ਰਹੀਏ। ਜਿੱਥੇ ਵੀ ਗਿਆਨ ਸਮਾਗਮ ਹੋਵੇ, ਓਥੇ ਕੇਵਲ ਉਸ ਨੂੰ ਦੇਖੋ-ਸੁਣੋ ਹੀ ਨਾ ਸਗੋਂ ਉਸ ਨੂੰ ਆਪਣੇ ਧੁਰ ਅੰਦਰ ਤੱਕ ਆਤਮਸਾਤ ਵੀ ਕਰੋ।
ਸਮੇਂ ਦੇ ਨਾਲ ਭੌਤਿਕ ਸੋਮੇ ਤਾਂ ਨਸ਼ਟ ਹੋ ਸਕਦੇ ਹਨ ਪਰ ਹਾਸਲ ਕੀਤੇ ਗਿਆਨ ਨੂੰ ਕੋਈ ਤੁਹਾਥੋਂ ਖੋਹ ਨਹੀਂ ਸਕਦਾ। ਗਿਆਨ ਹਾਸਲ ਕਰਨ ਦੇ ਨਾਲ ਹੀ ਇਹ ਵੀ ਚੇਤੇ ਰਹੇ ਕਿ ਸਾਡੇ ਅੰਦਰ ਹੰਕਾਰ ਥੋੜ੍ਹੀ ਜਿਹੀ ਵੀ ਜਗ੍ਹਾ ਨਾ ਬਣਾ ਸਕੇ ਕਿਉਂਕਿ ਗਿਆਨ ਜਦ ਹੰਕਾਰ ਦਾ ਚੋਲਾ ਪਹਿਨ ਲੈਂਦਾ ਹੈ ਤਾਂ ਸਾਡੇ ਉਸ ਭੰਡਾਰ ਦਾ ਨੁਕਸਾਨ ਹੋਣ ਲੱਗਦਾ ਹੈ। ਗਿਆਨ ਦੇ ਭੰਡਾਰ ਦਾ ਨੁਕਸਾਨ ਹੋਣਾ ਇਸ ਗੱਲ ਦਾ ਵੀ ਸੂਚਕ ਹੈ ਕਿ ਅਸੀਂ ਉਨ੍ਹਾਂ ਅਨਮੋਲ ਗੱਲਾਂ ਨੂੰ ਧਾਰਨ ਕਰਨ ਦੀ ਯੋਗਤਾ ਹੁਣ ਨਹੀਂ ਰੱਖਦੇ। ਗਿਆਨ ਪ੍ਰਾਪਤੀ ਦੀ ਕੋਈ ਉਮਰ ਵੀ ਨਹੀਂ ਹੁੰਦੀ ਅਤੇ ਇਸ ਦਾ ਅਦਾਨ-ਪ੍ਰਦਾਨ ਅੰਤ ਸਮੇਂ ਤੱਕ ਸੰਭਵ ਹੈ। ਰਾਵਣ ਨੇ ਵੀ ਮਰਦੇ-ਮਰਦੇ ਲਛਮਣ ਨੂੰ ਗਿਆਨ ਨਾਲ ਭਰਪੂਰ ਕੀਤਾ ਸੀ।
ਭੀਸ਼ਮ ਪਿਤਾਮਾ ਨੇ ਵੀ ਮੌਤ ਦੀ ਸੇਜ ’ਤੇ ਆਪਣੇ ਪਿਆਰਿਆਂ ਨੂੰ ਜੀਵਨ ਦੇ ਕੁਝ ਉਪਯੋਗੀ ਸੂਤਰ ਦਿੱਤੇ ਸਨ। ਜਦ ਕਿਸੇ ਤੋਂ ਕੁਝ ਗਿਆਨ ਗ੍ਰਹਿਣ ਕਰਨਾ ਹੁੰਦਾ ਹੈ ਤਾਂ ਉਸ ਵਿਚ ਸ਼ੁਕਰਾਨੇ ਦਾ ਭਾਵ ਯਕੀਨਨ ਹੋਣਾ ਹੀ ਚਾਹੀਦਾ ਹੈ ਕਿਉਂਕਿ ਤਦ ਕੋਈ ਆਪਣੇ ਸਮੇਂ ਅਤੇ ਊਰਜਾ ਨਾਲ ਤੁਹਾਡਾ ਮਾਰਗਦਰਸ਼ਨ ਕਰ ਰਿਹਾ ਹੁੰਦਾ ਹੈ। ਗਿਆਨ ਹੀ ਤੁਹਾਡੀ ਹਰ ਸਮੱਸਿਆ ਦੀ ਕੁੰਜੀ ਹੈ, ਫਿਰ ਚਾਹੇ ਕਿੰਨੇ ਹੀ ਉਲਟ ਹਾਲਾਤ ਨਾਲ ਤੁਹਾਡਾ ਸਾਹਮਣਾ ਹੋ ਰਿਹਾ ਹੋਵੇ।
ਗਿਆਨ ਦੇ ਅਹਿਸਾਸ ਦਾ ਭਾਵ ਵਿਅਕਤੀ ਨੂੰ ਸਹੀ ਮਾਰਗ ਤੋਂ ਭਟਕਣ ਨਹੀਂ ਦਿੰਦਾ। ਸਮੇਂ ਦੇ ਨਾਲ ਵਧਦਾ ਤਜਰਬਾ ਵੀ ਗਿਆਨ ਦੀ ਧਾਰਾ ਨੂੰ ਹੋਰ ਤੇਜ਼ ਬਣਾਉਂਦਾ ਹੈ ਜੋ ਜੀਵਨ ਦੀ ਬੇੜੀ ਨੂੰ ਅੱਗੇ ਵਧਾਉਣ ਵਿਚ ਮਲਾਹ ਦੀ ਭੂਮਿਕਾ ਨਿਭਾਉਂਦਾ ਹੈ।
-ਪਾਰੁਲ ਹਰਸ਼ ਬਾਂਸਲ।