ਮਨੋਬਲ ਹੀ ਵਿਅਕਤੀ ਦੀ ਸਫਲਤਾ ਦਾ ਆਧਾਰ ਬਣਦਾ ਹੈ। ਜੀਵਨ ਵਿਚ ਜੇਤੂ ਉਹੀ ਹੁੰਦੇ ਹਨ ਜੋ ਆਪਣੇ ਮਨੋਬਲ ਨੂੰ ਕਦੇ ਡਿੱਗਣ ਨਹੀ ਦਿੰਦੇ। ਤਕੜੇ ਭਰੋਸੇ ਰਾਹੀਂ ਹੀ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਮਨੋਬਲ ਦੀ ਕਮੀ ਕਾਰਨ ਵਿਅਕਤੀ ਸਮੱਸਿਆਵਾਂ ਵਿਚ ਹੀ ਫਸਿਆ ਰਹਿੰਦਾ ਹੈ।
ਮਨੋਬਲ ਹੀ ਵਿਅਕਤੀ ਦੀ ਸਫਲਤਾ ਦਾ ਆਧਾਰ ਬਣਦਾ ਹੈ। ਜੀਵਨ ਵਿਚ ਜੇਤੂ ਉਹੀ ਹੁੰਦੇ ਹਨ ਜੋ ਆਪਣੇ ਮਨੋਬਲ ਨੂੰ ਕਦੇ ਡਿੱਗਣ ਨਹੀ ਦਿੰਦੇ। ਤਕੜੇ ਭਰੋਸੇ ਰਾਹੀਂ ਹੀ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਮਨੋਬਲ ਦੀ ਕਮੀ ਕਾਰਨ ਵਿਅਕਤੀ ਸਮੱਸਿਆਵਾਂ ਵਿਚ ਹੀ ਫਸਿਆ ਰਹਿੰਦਾ ਹੈ। ਨਤੀਜੇ ਵਜੋਂ ਹਰ ਪਾਸੇ ਅਸਫਲਤਾ ਹੀ ਪੱਲੇ ਪੈਂਦੀ ਹੈ। ਮਨ ਵਿਚ ਪੈਦਾ ਹੋਇਆ ਅਵਿਸ਼ਵਾਸ ਤੁਹਾਡੇ ਮਨੋਬਲ ਨੂੰ ਮਨਫ਼ੀ ਕਰ ਦਿੰਦਾ ਹੈ ਜਿਸ ਸਦਕਾ ਛੋਟੀ ਜਿਹੀ ਸਮੱਸਿਆ ਵੀ ਤੁਹਾਡੀ ਮਨੋਦਸ਼ਾ ਨੂੰ ਕਮਜ਼ੋਰ ਕਰਦੀ ਹੈ। ਅਸਲ ਵਿਚ ਮਨ ਵਿਚ ਅਟੱਲ ਵਿਸ਼ਵਾਸ ਪੈਦਾ ਕਰ ਕੇ ਸ਼ੁਰੂ ਕੀਤੇ ਕੰਮ ਦਾ ਨਤੀਜਾ ਬਹੁਤ ਵਧੀਆ ਹੁੰਦਾ ਹੈ। ਜਿੱਤ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਆਪਣਾ ਮਨੋਬਲ ਕਾਇਮ ਰੱਖਦੇ ਹਨ ਕਿਉਂਕਿ ਜੋ ਦ੍ਰਿੜ੍ਹ ਨਿਸ਼ਚਾ ਰੱਖਦੇ ਹਨ, ਉਨ੍ਹਾਂ ਲਈ ਬਹੁਤ ਸਾਰੇ ਨਵੇਂ ਰਸਤੇ ਬਣਦੇ ਜਾਂਦੇ ਹਨ।
ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਮੌਕਾ ਹਰੇਕ ਨੂੰ ਮਿਲਦਾ ਹੈ, ਬਸ ਜੋ ਇਸ ਨੂੰ ਸੰਭਾਲ ਲੈਂਦੇ ਹਨ ਤੇ ਆਪਣਾ ਸੰਤੁਲਨ ਬਰਕਰਾਰ ਰੱਖਦੇ ਹਨ, ਉਹ ਕਾਮਯਾਬੀ ਦੀ ਪੌੜੀ ’ਤੇ ਚੜ੍ਹ ਜਾਂਦੇ ਹਨ। ਕਈ ਵਾਰ ਦੂਜਿਆਂ ਤੋ ਅੱਗੇ ਨਿਕਲਣ ਦੀ ਕਾਹਲ ਕਾਰਨ ਬਹੁਤੇ ਲੋਕ ਮੂਧੇ ਮੂੰਹ ਡਿੱਗ ਪੈਂਦੇ ਹਨ। ਸਫਲਤਾ ਮਿਲਣ ’ਤੇ ਕਦੇ ਵੀ ਘੁਮੰਡ ਨਹੀਂ ਕਰਨਾ ਚਾਹੀਦਾ। ਜੀਵਨ ਵਿਚ ਜੇ ਕਾਮਯਾਬੀ ਨੂੰ ਬਰਕਰਾਰ ਰੱਖਣਾ ਹੈ ਤਾਂ ਮਨੋਬਲ ਨੂੰ ਬਰਕਰਾਰ ਰੱਖੋ। ਸੰਘਰਸ਼ ਕਰਨ ਵਾਲੇ ਵਿਅਕਤੀ ਹੀ ਹਮੇਸ਼ਾ ਸਫਲਤਾ ਦਾ ਸਵਾਦ ਚੱਖਦੇ ਹਨ। ਹਿੰਮਤੀ ਤੇ ਸਿਰੜੀ ਲੋਕ ਕਦੇ ਵੀ ਹੱਥ ’ਤੇ ਹੱਥ ਧਰ ਕੇ ਨਹੀ ਬਹਿੰਦੇ ਬਲਕਿ ਔਕੜਾਂ ਨਾਲ ਲੜ ਕੇ ਉਨ੍ਹਾਂ ’ਤੇ ਜਿੱਤ ਪ੍ਰਾਪਤ ਕਰਦੇ ਹਨ।
ਜੋ ਮਿਹਨਤੀ ਹੁੰਦੇ ਹਨ, ਉਨ੍ਹਾਂ ਦੀ ਇੱਛਾ-ਸ਼ਕਤੀ ਵੀ ਬੜੀ ਮਜ਼ਬੂਤ ਹੁੰਦੀ ਹੈ। ਜੋ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਦੇ ਹਨ, ਉਨ੍ਹਾਂ ਦੀਆਂ ਮਿਸਾਲਾਂ ਹਰ ਜਗ੍ਹਾ ਦਿੱਤੀਆਂ ਜਾਂਦੀਆਂ ਹਨ। ਅਨੁਸ਼ਾਸਨ ਵਿਚ ਬੱਝੇ ਵਿਅਕਤੀ ਵਿਚ ਹੀ ਵੱਖਰੀ ਊਰਜਾ ਤੇ ਉਤਸ਼ਾਹ ਹੁੰਦਾ ਹੈ ਤੇ ਉਹ ਕੰਮ ਨੂੰ ਲਗਨ ਨਾਲ ਕਰਦਾ ਹੈ ਜਿਸ ਸਦਕਾ ਉਸ ਦਾ ਮਨੋਬਲ ਸਦਾ ਬਰਕਰਾਰ ਰਹਿੰਦਾ ਹੈ। ਸਫਲਤਾ ਲਈ ਆਤਮ-ਨਿਰਭਰਤਾ ਬਹੁਤ ਜ਼ਰੂਰੀ ਹੈ। ਜੋ ਆਪਣੇ ਕੰਮ ਨੂੰ ਦਿਲੋਂ ਕਰਦੇ ਹਨ ਉਨ੍ਹਾਂ ਨੂੰ ਕਦੇ ਵੀ ਸਹਾਰਿਆਂ ਦੀ ਲੋੜ ਨਹੀਂ ਪੈਂਦੀ। ਦੂਜਿਆਂ ’ਤੇ ਜ਼ਿਆਦਾ ਨਿਰਭਰਤਾ ਮੁਸ਼ਕਲਾਂ ਦਾ ਕਾਰਨ ਵੀ ਬਣ ਜਾਂਦੀ ਹੈ।
-ਲਖਵੀਰ ਸਿੰਘ ਉਦੇਕਰਨ।
(98556-00701)