ਜੀਵਨ ਦੀ ਉਪਜਾਊ ਜ਼ਮੀਨ ਆਲਸ ਕਾਰਨ ਬੰਜਰ ਹੋ ਜਾਂਦੀ ਹੈ। ਆਲਸੀ ਵਿਅਕਤੀ ਨਿਕੰਮੇਪਣ ਦੇ ਵਸ ਪੈ ਕੇ ਅਸਫਲਤਾ ਦਾ ਸਾਹਮਣਾ ਕਰਦਾ ਹੈ ਸਿਰਫ਼ ਆਪਣੀ ਤਕਦੀਰ ਨੂੰ ਹੀ ਕੋਸਦਾ ਰਹਿੰਦਾ ਹੈ। ਉਹ ਕੰਮ ਨੂੰ ਟਾਲਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਕੰਮ ਦਾ ਬੋਝ ਪਹਾੜ ਵਰਗਾ ਹੋ ਜਾਂਦਾ ਹੈ।

ਜੀਵਨ ਦੀ ਉਪਜਾਊ ਜ਼ਮੀਨ ਆਲਸ ਕਾਰਨ ਬੰਜਰ ਹੋ ਜਾਂਦੀ ਹੈ। ਆਲਸੀ ਵਿਅਕਤੀ ਨਿਕੰਮੇਪਣ ਦੇ ਵਸ ਪੈ ਕੇ ਅਸਫਲਤਾ ਦਾ ਸਾਹਮਣਾ ਕਰਦਾ ਹੈ ਸਿਰਫ਼ ਆਪਣੀ ਤਕਦੀਰ ਨੂੰ ਹੀ ਕੋਸਦਾ ਰਹਿੰਦਾ ਹੈ। ਉਹ ਕੰਮ ਨੂੰ ਟਾਲਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਕੰਮ ਦਾ ਬੋਝ ਪਹਾੜ ਵਰਗਾ ਹੋ ਜਾਂਦਾ ਹੈ। ਫਿਰ ਆਸਾਨ ਕੰਮ ਵੀ ਅਸੰਭਵ ਲੱਗਣ ਲੱਗਦੇ ਹਨ। ਉਸ ਸਥਿਤੀ ਵਿਚ ਸਮਝ ਨਹੀਂ ਆਉਂਦਾ ਕਿ ਕਿੱਥੋਂ ਸ਼ੁਰੂਆਤ ਕਰੀਏ ਅਤੇ ਇਸ ਦੁਚਿੱਤੀ ਵਿਚ ਚਿੰਤਾ ਵਧਦੀ ਜਾਂਦੀ ਹੈ।
ਆਲਸੀ ਵਿਅਕਤੀ ਹੌਲੀ-ਹੌਲੀ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਜਾਂਦਾ ਹੈ ਕਿਉਂਕਿ ਉਸ ਦੇ ਨਾਲ ਰਹਿਣ ਵਾਲੇ ਹੋਰ ਲੋਕ ਆਪਣੇ ਕੰਮ ਨੂੰ ਪੂਰਾ ਕਰ ਕੇ ਨਿਸ਼ਚਿੰਤ ਰਹਿੰਦੇ ਹਨ। ਜਦਕਿ ਕੰਮ ਨੂੰ ਕੱਲ੍ਹ ’ਤੇ ਟਾਲਣ ਵਾਲੇ ਦੇ ਮਨ ਵਿਚ ਇਹ ਗੱਲ ਘਰ ਕਰਨ ਲੱਗਦੀ ਹੈ ਕਿ ਉਹ ਜੀਵਨ ਵਿਚ ਕੁਝ ਨਹੀਂ ਕਰ ਸਕੇਗਾ। ਅੱਜ ਦਾ ਕੰਮ ਕੱਲ੍ਹ ’ਤੇ ਟਾਲਣ ਕਾਰਨ ਉਹ ਬਹੁਤ ਸਾਰੇ ਮੌਕਿਆਂ ਤੋਂ ਵਾਂਝਾ ਹੋ ਜਾਂਦਾ ਹੈ। ਜਦੋਂ ਕੰਮ ਕਰਨ ਦੀ ਆਦਤ ਖ਼ਤਮ ਹੋ ਜਾਂਦੀ ਹੈ ਤਾਂ ਆਲਸੀ ਵਿਅਕਤੀ ਦੂਜਿਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਦਾ ਕੰਮ ਕਰ ਦੇਣ। ਦੂਜਾ ਵਿਅਕਤੀ ਆਪਣੇ ਕੰਮ ਵਿਚ ਲੱਗਿਆ ਰਹਿੰਦਾ ਹੈ, ਇਸ ਕਾਰਨ ਉਹ ਚਾਹ ਕੇ ਵੀ ਮਦਦ ਨਹੀਂ ਕਰ ਪਾਉਂਦਾ। ਉਂਜ ਵੀ, ਜੋ ਮਨੁੱਖ ਮਦਦ ਲਈ ਦੂਜਿਆਂ ’ਤੇ ਨਿਰਭਰ ਰਹਿੰਦਾ ਹੈ ਉਹ ਕਦੇ ਵੀ ਆਤਮ-ਨਿਰਭਰ ਨਹੀਂ ਬਣ ਸਕਦਾ।
ਜਦੋਂ ਇਹ ਤੈਅ ਹੈ ਕਿ ਕੋਈ ਕੰਮ ਅਸੀਂ ਹੀ ਕਰਨਾ ਹੈ ਅਤੇ ਮਨ ਕੰਮ ਵਿਚ ਨਹੀਂ ਲੱਗ ਰਿਹਾ ਤਾਂ ਮਨ ਨੂੰ ਵਸ ਵਿਚ ਕਰ ਕੇ ਸਬੰਧਤ ਕੰਮ ਵਿਚ ਲੱਗ ਜਾਣਾ ਚਾਹੀਦਾ ਹੈ। ਕੰਮ ਵਿਚ ਨਿਰੰਤਰ ਰੂਪ ਵਿਚ ਸਰਗਰਮ ਰਹਿਣ ’ਤੇ ਮੁਸ਼ਕਲ ਤੋਂ ਮੁਸ਼ਕਲ ਚੀਜ਼ ਵੀ ਆਸਾਨ ਲੱਗਣ ਲੱਗਦੀ ਹੈ। ਫਿਰ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਤਾਂ ਅਸੀਮ ਆਨੰਦ ਦਾ ਅਹਿਸਾਸ ਹੁੰਦਾ ਹੈ। ਇਹ ਇਕ ਉਪਲਬਧੀ ਹਾਸਲ ਹੋਈ ਲੱਗਦੀ ਹੈ। ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਜ ਵਿਚ ਕਾਮਯਾਬ ਵਿਅਕਤੀ ਦਾ ਹੀ ਮਹੱਤਵ ਹੁੰਦਾ ਹੈ। ਉਸ ਦੇ ਪੁਰਸ਼ਾਰਥ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਹੁੰਦੀ ਹੈ ਜਦਕਿ ਆਲਸੀ ਵਿਅਕਤੀ ਦੇ ਹਿੱਸੇ ਸਿਰਫ਼ ਅਣਦੇਖੀ ਅਤੇ ਤ੍ਰਿਸਕਾਰ ਆਉਂਦਾ ਹੈ। ਇਸ ਲਈ ਸਮਾਜ ਵਿਚ ਇੱਜ਼ਤ-ਮਾਣ ਪ੍ਰਾਪਤ ਕਰਨ ਲਈ ਸਿਰੜ ਦਾ ਮੁਜ਼ਾਹਰਾ ਕਰਨਾ ਜ਼ਰੂਰੀ ਹੀ ਨਹੀਂ, ਬਲਕਿ ਲਾਜ਼ਮੀ ਹੈ। ਮਿਹਨਤੀ ਵਿਅਕਤੀ ਦੀ ਹਰ ਥਾਂ ਪ੍ਰਸ਼ੰਸਾ ਹੁੰਦੀ ਹੈ ਜਦਕਿ ਆਲਸੀ ਆਪਣੀ ਹੀ ਨਜ਼ਰ ਵਿਚ ਡਿੱਗ ਜਾਂਦਾ ਹੈ
।-ਸਲਿਲ ਪਾਂਡੇ।