ਸੰਜਮ ਅਤੇ ਸਹਿਣਸ਼ੀਲਤਾ ਅਜਿਹੇ ਗੁਣ ਹਨ ਜੋ ਮਨੱਖ ਅੰਦਰ ਚੰਗਾ ਜੀਵਨ ਜਿਉਣ ਦੀ ਧਾਰਨਾ ਨੂੰ ਜੀਵਤ ਰੱਖਦੇ ਹਨ। ਉਸਾਰੂ ਵਿਚਾਰ ਜੀਵਨ ਨੂੰ ਗਤੀਸ਼ੀਲ ਬਣਾਈ ਰੱਖਦੇ ਹਨ ਤੇ ਨਿਰਾਸ਼ਾ ਅਤੇ ਉਦਾਸੀ ਦਾ ਅੰਤ ਕਰਦੇ ਹਨ। ਜੇ ਸਾਡੇ ਵਿਚਾਰ ਹੀ ਨਵੀਂ ਊਰਜਾ ਪੈਦਾ ਕਰਨ ਦੀ ਥਾਂ ਮਨ ਨੂੰ ਢਹਿ-ਢੇਰੀ ਕਰਨ ਵਾਲੇ ਹਨ ਤਾਂ ਅਸੀਂ ਕਿਸੇ ਤਰ੍ਹਾਂ ਵੀ ਆਪਣੀ ਅੰਦਰੂਨੀ ਸ਼ਕਤੀ ਨੂੰ ਇਕਮੁੱਠ ਨਹੀਂ ਕਰ ਸਕਦੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖੀ ਸ਼ਕਤੀ ਦਾ ਸੋਮਾ ਉਸ ਦਾ ਮਨ ਹੀ ਹੈ। ਕਿਹਾ ਵੀ ਜਾਂਦਾ ਹੈ ਕਿ ਜਿਸ ਦਾ ਮਨ ਬਿਮਾਰ ਹੈ, ਉਹ ਕਦੇ ਵੀ ਤੰਦਰੁਸਤ ਨਹੀਂ ਹੋ ਸਕਦਾ। ਦਰਅਸਲ, ਸਰੀਰਕ ਤੇ ਮਾਨਸਿਕ, ਦੋਹਾਂ ਤਰ੍ਹਾਂ ਦੀ ਸ਼ਕਤੀ ਮਨ ਹੀ ਪੈਦਾ ਕਰਦਾ ਹੈ। ਮਨ ਸ਼ਕਤੀਆਂ ਦਾ ਭੰਡਾਰ ਹੈ। ਇਹ ਮਨ ਦੀਆਂ ਸ਼ਕਤੀਆਂ ਹੀ ਹਨ ਜੋ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀਆਂ ਹਨ। ਬਸ, ਆਪਣੇ ਮਨ ਦੀ ਸ਼ਕਤੀ ਨੂੰ ਪਛਾਣਨ ਦੀ ਲੋੜ ਹੈ। ਜਿਨ੍ਹਾਂ ਦਾ ਮਨ ਕਮਜ਼ੋਰ ਹੁੰਦਾ ਹੈ ਉਨ੍ਹਾਂ ਨੂੰ ਔਕੜਾਂ ਅਜਿਹਾ ਘੇਰਾ ਪਾਉਂਦੀਆਂ ਹਨ ਕਿ ਉਹ ਉਨ੍ਹਾਂ ਵਿਚ ਫਸ ਕੇ ਰਹਿ ਜਾਂਦੇ ਹਨ ਤੇ ਮਜ਼ਬੂਤ ਮਨ ਵਾਲੇ ਹਮੇਸ਼ਾ ਔਕੜਾਂ ਦਾ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ। ਕਾਮਯਾਬੀ ਵੀ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਮਨ ਵਿਚ ਪੱਕਾ ਵਿਸ਼ਵਾਸ ਬਣਾ ਕੇ ਚੱਲਦੇ ਹਨ। ਸਕਾਰਾਤਮਕ ਵਿਚਾਰ ਜੀਵਨ ਨੂੰ ਗਤੀਸ਼ੀਲ ਬਣਾਈ ਰੱਖਦੇ ਹਨ, ਉਸ ਵਿਚ ਨਿਰਾਸ਼ਾ ਅਤੇ ਉਦਾਸੀ ਦਾ ਅੰਤ ਕਰਦੇ ਹਨ। ਆਸ਼ਾਵਾਦੀ ਨਜ਼ਰੀਆ ਸਮੱਸਿਆਵਾਂ ’ਚੋਂ ਬਾਹਰ ਕੱਢਣ ਲਈ ਰਾਹ-ਦਸੇਰੇ ਦਾ ਕੰਮ ਕਰਦਾ ਹੈ। ਨਾਂਹ-ਪੱਖੀ ਸੋਚ ਜਿੱਥੇ ਜੀਵਨ ਵਿਚ ਮੁਸ਼ਕਲਾਂ ਨੂੰ ਉਪਜਾਉਂਦੀ, ਓਥੇ ਹੀ ਮਨੁੱਖ ਨੂੰ ਦਿਸ਼ਾਹੀਣ ਵੀ ਬਣਾਉਂਦੀ ਹੈ।
ਸੰਜਮ ਅਤੇ ਸਹਿਣਸ਼ੀਲਤਾ ਅਜਿਹੇ ਗੁਣ ਹਨ ਜੋ ਮਨੱਖ ਅੰਦਰ ਚੰਗਾ ਜੀਵਨ ਜਿਉਣ ਦੀ ਧਾਰਨਾ ਨੂੰ ਜੀਵਤ ਰੱਖਦੇ ਹਨ। ਉਸਾਰੂ ਵਿਚਾਰ ਜੀਵਨ ਨੂੰ ਗਤੀਸ਼ੀਲ ਬਣਾਈ ਰੱਖਦੇ ਹਨ ਤੇ ਨਿਰਾਸ਼ਾ ਅਤੇ ਉਦਾਸੀ ਦਾ ਅੰਤ ਕਰਦੇ ਹਨ। ਜੇ ਸਾਡੇ ਵਿਚਾਰ ਹੀ ਨਵੀਂ ਊਰਜਾ ਪੈਦਾ ਕਰਨ ਦੀ ਥਾਂ ਮਨ ਨੂੰ ਢਹਿ-ਢੇਰੀ ਕਰਨ ਵਾਲੇ ਹਨ ਤਾਂ ਅਸੀਂ ਕਿਸੇ ਤਰ੍ਹਾਂ ਵੀ ਆਪਣੀ ਅੰਦਰੂਨੀ ਸ਼ਕਤੀ ਨੂੰ ਇਕਮੁੱਠ ਨਹੀਂ ਕਰ ਸਕਦੇ।
ਚੰਗੇ ਲੋਕਾਂ ਦੀ ਸੰਗਤ ਕਰਨ ਨਾਲ ਤੁਹਾਡੇ ਅੰਦਰ ਹਾਂ-ਪੱਖੀ ਵਿਚਾਰਾਂ ਦਾ ਵਾਧਾ ਹੁੰਦਾ ਹੈ ਜੋ ਤੁਹਾਨੂੰ ਕਾਮਯਾਬੀ ਵੱਲ ਲੈ ਕੇ ਜਾਂਦੇ ਹਨ। ਜੇ ਜੀਵਨ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰਾਂ ਨੂੰ ਪਰਪੱਕ ਬਣਾਓ। ਹਾਂ-ਪੱਖੀ ਸੋਚ ਵਾਲੇ ਲੋਕ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ। ਇਸੇ ਲਈ ਲੋਕ ਉਨ੍ਹਾਂ ਕੋਲ ਆਉਣਾ ਪਸੰਦ ਕਰਦੇ ਹਨ ਜਦਕਿ ਮਾੜੀ ਸੋਚ ਵਾਲਿਆਂ ਤੋਂ ਦੂਰੀ ਬਣਾਉਣ ਵਿਚ ਹੀ ਭਲਾ ਸਮਝਦੇ ਹਨ। ਲੋੜ ਹੈ ਜੀਵਨ ਵਿਚ ਹਾਂ-ਪੱਖੀ ਸੋਚ ਦੇ ਧਾਰਨੀ ਬਣਨ ਦੀ ਤਾਂ ਜੋ ਆਪਣਾ ਅਤੇ ਹੋਰਾਂ ਦਾ ਭਲਾ ਕਰ ਸਕੀਏ ਅਤੇ ਆਪਣਾ ਜੀਵਨ ਬਣਾ ਸਕੀਏ।
-ਲਖਵੀਰ ਸਿੰਘ ਉਦੇਕਰਨ। (98556-00701)