‘ਸਾਦਾ ਜੀਵਨ ਉੱਚ ਵਿਚਾਰ।’ ਦੇਖਣ ਤੇ ਸੁਣਨ ਵਿਚ ਇਹ ਬਹੁਤ ਸਰਲ ਲੱਗਦਾ ਹੈ ਪਰ ਓਨਾ ਹੀ ਮੁਸ਼ਕਲ ਹੈ। ਜੀਵਨ ਵਿਚ ਬਹੁਤ ਸਾਰੀਆਂ ਬੁਰਾਈਆਂ ਇਸ ਮੰਤਰ ਦੀ ਉਲੰਘਣਾ ਤੋਂ ਪੈਦਾ ਹੁੰਦੀਆਂ ਹਨ। ਸਾਦਗੀ ਅਤੇ ਸਾਤਵਿਕਤਾ ਇਕ-ਦੂਜੇ ਦੇ ਪੂਰਕ ਹਨ।
ਭਾਰਤੀ ਦਰਸ਼ਨ ਦਾ ਇਕ ਮੰਤਰ ਹੈ- ‘ਸਾਦਾ ਜੀਵਨ ਉੱਚ ਵਿਚਾਰ।’ ਦੇਖਣ ਤੇ ਸੁਣਨ ਵਿਚ ਇਹ ਬਹੁਤ ਸਰਲ ਲੱਗਦਾ ਹੈ ਪਰ ਓਨਾ ਹੀ ਮੁਸ਼ਕਲ ਹੈ। ਜੀਵਨ ਵਿਚ ਬਹੁਤ ਸਾਰੀਆਂ ਬੁਰਾਈਆਂ ਇਸ ਮੰਤਰ ਦੀ ਉਲੰਘਣਾ ਤੋਂ ਪੈਦਾ ਹੁੰਦੀਆਂ ਹਨ। ਸਾਦਗੀ ਅਤੇ ਸਾਤਵਿਕਤਾ ਇਕ-ਦੂਜੇ ਦੇ ਪੂਰਕ ਹਨ। ਜਿਸ ਵਿਚ ਸਾਦਗੀ ਦਾ ਗੁਣ ਹੁੰਦਾ ਹੈ, ਉਹ ਅਸਾਤਵਿਕ ਕਦੇ ਨਹੀਂ ਹੋ ਸਕਦਾ। ਸਾਡੇ ਇੱਥੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਹਰ ਪੱਖੋਂ ਸ਼ੁੱਧ ਰਹੇ। ਸੰਜਮੀ ਜੀਵਨ ਗੁਜ਼ਾਰੀਏ। ਤਪ ਅਤੇ ਸਾਧਨਾ ਨਾਲ ਆਪਣੇ ਜੀਵਨ ਨੂੰ ਨਿਖਾਰੀਏ।
ਭਗਵਾਨ ਮਹਾਵੀਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕਠੋਰ ਸਾਧਨਾ ਨਾਲ ਆਤਮਾ ਪਰਮਾਤਮਾ ਬਣ ਸਕਦੀ ਹੈ। ਗੁਣੀ ਮਨੁੱਖ ਸਾਰ ਨੂੰ ਗ੍ਰਹਿਣ ਕਰਦੇ ਹਨ, ਛਾਂ ਨੂੰ ਛੱਡ ਦਿੰਦੇ ਹਨ। ਜਿਸ ਦੀ ਕਥਨੀ ਅਤੇ ਕਰਨੀ ਵਿਚ ਫ਼ਰਕ ਨਹੀਂ ਹੁੰਦਾ ਹੈ, ਉਹੀ ਸਮਾਜ ਵਿਚ ਆਦਰਯੋਗ ਬਣਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਗੁਣਾਂ ਦੀ ਹਰ ਜਗ੍ਹਾ ਪੂਜਾ ਹੁੰਦੀ ਹੈ। ਅੱਜ ਸੰਸਾਰ ਵਿਚ ਮਨੁੱਖੀ ਕਦਰਾਂ-ਕੀਮਤਾਂ ਦਾ ਨਿਰੰਤਰ ਘਾਣ ਹੋ ਰਿਹਾ ਹੈ। ਭੌਤਿਕ ਕਦਰਾਂ-ਕੀਮਤਾਂ ਚੁਫੇਰੇ ਛਾ ਗਈਆਂ ਹਨ। ਇਹੀ ਕਾਰਨ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਊਣਤਾਈਆਂ ਤੋਂ ਮਨੁੱਖ, ਸਮਾਜ ਤੇ ਰਾਸ਼ਟਰ ਪਰੇਸ਼ਾਨ ਹਨ। ਅੱਜ ਦੀ ਹਿੰਸਾ, ਯੁੱਧ ਅਤੇ ਅੱਤਵਾਦ ਦੀ ਸਮੱਸਿਆ ਦਾ ਮੂਲ ਕਾਰਨ ਹੋਰਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਹੈ। ਮਨੁੱਖ ਖ਼ੁਦ ਤੋਂ, ਆਪਣੇ ਲੋਕਾਂ ਅਤੇ ਪ੍ਰਕਿਰਤੀ ਨਾਲੋਂ ਕੱਟਿਆ ਜਾ ਰਿਹਾ ਹੈ। ਉਸ ਦਾ ਇਕਾਂਤ ਗੁਆਚ ਰਿਹਾ ਹੈ ਅਤੇ ਸਮਾਜਿਕਤਾ ਵੀ ਕਿਤੇ ਗੁੰਮ ਹੋ ਰਹੀ ਹੈ। ਅੱਜ ਮਨੁੱਖਤਾ ਅਜਿਹੇ ਚੌਰਾਹੇ ’ਤੇ ਖੜ੍ਹੀ ਹੈ ਜਿੱਥੇ ਉਸ ਦਾ ਅੱਗੇ ਦਾ ਰਸਤਾ ਹਨੇਰੀ ਸੁਰੰਗ ਤੋਂ ਹੋ ਕੇ ਗੁਜ਼ਰਦਾ ਹੈ। ਲੱਗਦਾ ਹੈ ਕਿ ਜਿਵੇਂ ਸਵਾਰਥ ਇਸ ਯੁੱਗ ਦਾ ‘ਗੁਣ’ ਬਣ ਗਿਆ ਹੈ। ਭ੍ਰਿਸ਼ਟਾਚਾਰ ਹੀ ਸ਼ਿਸ਼ਟਾਚਾਰ ਬਣ ਗਿਆ ਹੈ। ਉਸ ਦੀ ਅਰਾਧਨਾ ਵਿਚ ਸਭ ਲਿਪਤ ਹਨ। ਇਹ ਦੇਖਦੇ ਹੋਏ ਵੀ ਕਿ ਅਸੀਂ ਹੇਠਾਂ ਜਾ ਰਹੇ ਹਾਂ, ਆਪਣੀ ਰਫ਼ਤਾਰ ਨੂੰ ਅਸੀਂ ਰੋਕ ਨਹੀਂ ਪਾਉਂਦੇ। ਇਸ ਤਰ੍ਹਾਂ ਦੀ ਸਥਿਤੀ ਤੋਂ ਉੱਭਰਨ ਦਾ ਇਕ ਹੀ ਰਸਤਾ ਹੈ ਅਤੇ ਉਹ ਇਹ ਹੈ ਕਿ ਅਸੀਂ ਖ਼ੁਦ ਨੂੰ ਧੁਰ ਅੰਦਰੋਂ ਭਾਲੀਏ। ਆਪਣੇ ਅੰਦਰ ਦੇ ਕਾਮ, ਕਰੋਧ, ਲੋਭ, ਮੋਹ ਆਦਿ ਔਗੁਣਾਂ ਨੂੰ ਦੂਰ ਕਰੀਏ ਅਤੇ ਉਸ ਮਾਰਗ ’ਤੇ ਚੱਲੀਏ ਜੋ ਮਨੁੱਖਤਾ ਦਾ ਮਾਰਗ ਹੈ। ਸਮਾਜ ਉਸੇ ਨੂੰ ਪੂਜਦਾ ਹੈ ਜੋ ਆਪਣੇ ਲਈ ਨਹੀਂ, ਦੂਜਿਆਂ ਲਈ ਜਿਉਂਦਾ ਹੈ।
-ਲਲਿਤ ਗਰਗ।