ਮਨੁੱਖ ਦਾ ਜੀਵਨ ਸਿਰਫ਼ ਸਾਹਾਂ ਦੀ ਗਿਣਤੀ ਨਹੀਂ, ਬਲਕਿ ਇਹ ਇਕ ਸੰਘਰਸ਼ ਅਤੇ ਸੰਕਲਪ ਦੀ ਨਿਰੰਤਰ ਯਾਤਰਾ ਹੈ। ਇਸ ਯਾਤਰਾ ਵਿਚ ਕਈ ਵਾਰ ਅਜਿਹੇ ਮੋੜ ਆਉਂਦੇ ਹਨ ਜਦੋਂ ਰਸਤਾ ਮੁਸ਼ਕਲ ਹੋ ਜਾਂਦਾ ਹੈ। ਉਸ ਵੇਲੇ ਥਕਾਵਟ ਪੈਰਾਂ ਤੋਂ ਨਹੀਂ, ਸਗੋਂ ਮਨ ਤੋਂ ਜ਼ਾਹਰ ਹੋਣ ਲੱਗਦੀ ਹੈ। ਇਨ੍ਹਾਂ ਪਲਾਂ ਵਿਚ ਪ੍ਰੇਰਨਾ ਅਤੇ ਉਤਸ਼ਾਹ ਇਕ ਦੀਵੇ ਵਾਂਗ ਰਸਤੇ ਨੂੰ ਰੋਸ਼ਨ ਕਰਦੇ ਹਨ। ਪ੍ਰੇਰਨਾ ਉਹ ਜੋਤ ਹੈ ਜੋ ਅੰਦਰੋਂ ਜਾਗਰੂਕ ਹੁੰਦੀ ਹੈ।
ਮਨੁੱਖ ਦਾ ਜੀਵਨ ਸਿਰਫ਼ ਸਾਹਾਂ ਦੀ ਗਿਣਤੀ ਨਹੀਂ, ਬਲਕਿ ਇਹ ਇਕ ਸੰਘਰਸ਼ ਅਤੇ ਸੰਕਲਪ ਦੀ ਨਿਰੰਤਰ ਯਾਤਰਾ ਹੈ। ਇਸ ਯਾਤਰਾ ਵਿਚ ਕਈ ਵਾਰ ਅਜਿਹੇ ਮੋੜ ਆਉਂਦੇ ਹਨ ਜਦੋਂ ਰਸਤਾ ਮੁਸ਼ਕਲ ਹੋ ਜਾਂਦਾ ਹੈ। ਉਸ ਵੇਲੇ ਥਕਾਵਟ ਪੈਰਾਂ ਤੋਂ ਨਹੀਂ, ਸਗੋਂ ਮਨ ਤੋਂ ਜ਼ਾਹਰ ਹੋਣ ਲੱਗਦੀ ਹੈ। ਇਨ੍ਹਾਂ ਪਲਾਂ ਵਿਚ ਪ੍ਰੇਰਨਾ ਅਤੇ ਉਤਸ਼ਾਹ ਇਕ ਦੀਵੇ ਵਾਂਗ ਰਸਤੇ ਨੂੰ ਰੋਸ਼ਨ ਕਰਦੇ ਹਨ। ਪ੍ਰੇਰਨਾ ਉਹ ਜੋਤ ਹੈ ਜੋ ਅੰਦਰੋਂ ਜਾਗਰੂਕ ਹੁੰਦੀ ਹੈ। ਇਹ ਸਾਨੂੰ ਟੀਚੇ ਵੱਲ ਅੱਗੇ ਵਧਾਉਂਦੀ ਹੈ ਅਤੇ ਜੀਵਨ ਨੂੰ ਅਰਥ ਦਿੰਦੀ ਹੈ। ਕਦੇ ਮਾਤਾ-ਪਿਤਾ ਦਾ ਸੰਘਰਸ਼ ਪ੍ਰੇਰਨਾ ਬਣਦਾ ਹੈ ਤੇ ਕਦੇ ਕਿਸੇ ਮਹਾਨ ਵਿਅਕਤੀ ਦੀ ਗਾਥਾ। ਕਦੇ ਕਿਸੇ ਅਣਜਾਣ ਆਮ ਵਿਅਕਤੀ ਦੀ ਬੇਮਿਸਾਲ ਬਹਾਦਰੀ ਵੀ ਸਾਨੂੰ ਪ੍ਰੇਰਿਤ ਕਰਦੀ ਹੈ।
ਇਹੀ ਪ੍ਰੇਰਨਾ ਹੈ ਜੋ ਸਾਨੂੰ ਡਿੱਗ ਕੇ ਵੀ ਉੱਠਣਾ ਸਿਖਾਉਂਦੀ ਹੈ ਅਤੇ ਹਨੇਰੇ ਵਿਚ ਵੀ ਰੋਸ਼ਨੀ ਦਾ ਅਹਿਸਾਸ ਕਰਾਉਂਦੀ ਹੈ। ਉਤਸ਼ਾਹ ਜੀਵਨ ਦਾ ਦੂਜਾ ਆਧਾਰ ਹੈ। ਜੇਕਰ ਪ੍ਰੇਰਨਾ ਰਾਹ ਦਸੇਰਾ ਹੈ ਤਾਂ ਉਤਸ਼ਾਹ ਉਹ ਸ਼ਕਤੀ ਹੈ ਜੋ ਸਾਨੂੰ ਉਸ ਰਾਹ ’ਤੇ ਗਤੀਸ਼ੀਲ ਰੱਖਦੀ ਹੈ। ਬਿਨਾਂ ਉਤਸ਼ਾਹ ਦੇ ਪ੍ਰੇਰਨਾ ਅਧੂਰੀ ਹੈ ਅਤੇ ਬਿਨਾਂ ਪ੍ਰੇਰਨਾ ਦੇ ਉਤਸ਼ਾਹ ਦਿਸ਼ਾਹੀਣ। ਜਦੋਂ ਮਨੁੱਖ ਉਤਸ਼ਾਹ ਨਾਲ ਭਰਪੂਰ ਹੁੰਦਾ ਹੈ ਤਾਂ ਰੁਕਾਵਟਾਂ ਪਹਾੜ ਨਹੀਂ, ਪੌੜੀਆਂ ਵਾਂਗ ਲੱਗਦੀਆਂ ਹਨ। ਉਤਸ਼ਾਹ ਮਨ ਦੀ ਉਹ ਊਰਜਾ ਹੈ ਜੋ ਹਾਰ ਨੂੰ ਵੀ ਮੌਕੇ ਵਿਚ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਜੇ ਅਸੀਂ ਅੰਦਰੋਂ ਪ੍ਰੇਰਨਾ ਨੂੰ ਜਾਗਰੂਕ ਕਰੀਏ ਅਤੇ ਉਤਸ਼ਾਹ ਨੂੰ ਫੜ ਕੇ ਰੱਖੀਏ, ਤਾਂ ਮੁਸ਼ਕਲਾਂ ਵੀ ਹੱਲ ਹੋਣ ਦੇ ਯੋਗ ਬਣ ਜਾਂਦੀਆਂ ਹਨ। ਇਹੀ ਤਾਂ ਜੀਵਨ ਦਾ ਰਹੱਸ ਹੈ। ਮਨੁੱਖ ਬਾਹਰੋਂ ਜਿੰਨਾ ਕਮਜ਼ੋਰ ਦਿਖਾਈ ਦੇਵੇ, ਅੰਦਰੋਂ ਓਨਾ ਹੀ ਅਡੋਲ ਰਹਿ ਕੇ ਨਵਾਂ ਇਤਿਹਾਸ ਸਿਰਜ ਸਕਦਾ ਹੈ।
ਇਸ ਸੰਸਾਰ ਵਿਚ ਜਿੱਥੇ ਮੁਕਾਬਲੇਬਾਜ਼ੀ ਅਤੇ ਚੁਣੌਤੀਆਂ ਹਰ ਕਦਮ ’ਤੇ ਮੌਜੂਦ ਹਨ, ਓਥੇ ਹੀ ਪ੍ਰੇਰਨਾ ਅਤੇ ਉਤਸ਼ਾਹ ਸਾਡੇ ਸਭ ਤੋਂ ਵੱਡੇ ਸਹਾਰੇ ਹਨ। ਇਹ ਸਾਨੂੰ ਸਿਰਫ਼ ਅੱਗੇ ਵਧਣ ਦੀ ਸ਼ਕਤੀ ਹੀ ਨਹੀਂ ਦਿੰਦੇ ਸਗੋਂ ਜੀਵਨ ਨੂੰ ਖ਼ੂਬਸੂਰਤ ਬਣਾਉਣ ਦਾ ਨਜ਼ਰੀਆ ਵੀ ਪ੍ਰਦਾਨ ਕਰਦੇ ਹਨ। ਸਾਨੂੰ ਇਹ ਕਹਿਣਾ ਹੋਵੇਗਾ ਕਿ ਪ੍ਰੇਰਨਾ ਅਤੇ ਉਤਸ਼ਾਹ ਸਿਰਫ਼ ਸ਼ਬਦ ਨਹੀਂ ਸਗੋਂ ਜੀਵਨ ਦੇ ਅੰਮ੍ਰਿਤ ਹਨ। ਜੋ ਇਨ੍ਹਾਂ ਨੂੰ ਆਪਣੇ ਵਿਚ ਸਮੇਟ ਲੈਂਦਾ ਹੈ, ਉਸ ਲਈ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਅਤੇ ਜੀਵਨ ਸਿਰਫ਼ ਜਿਉਣਾ ਨਹੀਂ, ਬਲਕਿ ਇਕ ਸਿਰਜਣਾਤਮਕ ਉਤਸਵ ਬਣ ਜਾਂਦਾ ਹੈ।
-ਕੁਮਾਰ ਨਰਪੇਂਦਰ।