ਮਜਬੂਰ ਮਨੁੱਖ ਦੇ ਮਨ ਦਾ ਹਉਕਾ ਹੁੰਦੀ ਹੈ ਲਾਚਾਰੀ। ਅਸਮਰੱਥ ਬਣ ਕੇ ਜਿਉਣ ਦੇ ਮੰਦਵਾੜੇ ਕਾਰਨ ਲਾਚਾਰੀਆਂ ਵਿਚ ਵਾਧਾ ਹੁੰਦਾ ਰਹਿੰਦਾ ਹੈ। ਲਾਚਾਰ ਹੋਈ ਉਮਰ ਲਈ ਸਿਰਜਣਾ ਕਰਨੀ ਔਖੀ ਬਣੀ ਰਹਿੰਦੀ ਹੈ। ਸਿਰਜਣਾਤਮਕਤਾ ਲਈ ਲਾਚਾਰੀ ਰੁਕਾਵਟ ਬਣਦੀ ਰਹਿੰਦੀ ਹੈ। ਇਹ ਮਨੁੱਖ ਤੋਂ ਸੱਜਰਾਪਣ ਖੋਹ ਲੈਂਦੀ ਹੈ। ਬੇਵੱਸ ਵਿਅਕਤੀ ਆਲਸੀ ਬਣ ਕੇ ਜਿਉਣ ਲੱਗ ਪੈਂਦਾ ਹੈ। ਸਹਿਜੇ ਹੀ ਇਨ੍ਹਾਂ ਤੱਥਾਂ ਨੂੰ ਸਮਝਿਆ ਜਾ ਸਕਦਾ ਹੈ ਕਿ ਲਾਚਾਰੀ ਲਾਹਨਤ ਹੁੰਦੀ ਹੈ।

ਇਸ ਕਾਰਨ ਵਿਅਕਤੀ ਵਿਚਾਰਹੀਣ ਬਣ ਬੈਠਦਾ ਹੈ। ਲਾਚਾਰੀਆਂ ਗਤੀਸ਼ੀਲ ਭਾਵਨਾਵਾਂ ਨੂੰ ਮਾਰਦੀਆਂ ਅਤੇ ਮੁਕਾਉਂਦੀਆਂ ਰਹਿੰਦੀਆਂ ਹਨ। ਲਾਚਾਰੀ ਗ਼ੈਰ-ਕੁਦਰਤੀ ਹੁੰਦੀ ਹੈ। ਇਸ ਕਾਰਨ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਕਲੇਸ਼ ਵਧਦੇ ਰਹਿੰਦੇ ਹਨ। ਇਸ ਦਾ ਅਰਥ ਇਹ ਬਣਦਾ ਹੈ ਕਿ ਲਾਚਾਰੀ ਮਨੁੱਖ ਦੇ ਵੱਕਾਰ ਲਈ ਮੁਸੀਬਤ ਬਣ ਜਾਂਦੀ ਹੈ। ਹੁਣ ਇਸ ਨਿਰਾਸ਼ਾਜਨਕ ਬਿੰਦੂ ਤੋਂ ਲਾਚਾਰੀਆਂ ਦੀ ਅਸਲੀਅਤ ਬਾਰੇ ਪਛਾਣ ਅਤੇ ਪੜਤਾਲ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਲਾਚਾਰੀ ਆਪਣੇ ਆਪ ਤਾਂ ਪੈਦਾ ਨਹੀਂ ਹੁੰਦੀ। ਇਸ ਦੇ ਕਾਰਨਾਂ ਦੀ ਪੜਚੋਲ ਕਰਦਾ ਮਨੁੱਖ ਜਾਣ ਲੈਂਦਾ ਹੈ ਕਿ ਕਿਸ ਨੀਤੀ, ਪ੍ਰਬੰਧ, ਕਮੀ-ਪੇਸ਼ੀ, ਵਿਧੀ, ਨੀਅਤ, ਵਧੀਕੀ, ਵਾਧੇ, ਅਗਿਆਨਤਾ, ਮੂਰਖਤਾ, ਨਾਸਮਝੀ, ਬੇਇਨਸਾਫ਼ੀ, ਸਲੀਕੇ, ਸਬੰਧ, ਸਰੋਕਾਰ, ਸਿਆਸਤ, ਵਿਵਹਾਰ ਤੇ ਵਿਵਸਥਾ ਕਰਕੇ ਲਾਚਾਰੀ ਪੈਦਾ ਹੋਈ ਹੈ। ਸੁਤੰਤਰ, ਸਹਿਜ, ਸਪਸ਼ਟ, ਸਾਫ਼, ਸੁੰਦਰ, ਸਿਹਤਮੰਦ ਅਤੇ ਵਿਗਿਆਨਕ ਸੋਚ ਲਾਚਾਰੀ ਦੇ ਬੋਝ ਤੋਂ ਛੁਟਕਾਰਾ ਪਾ ਲੈਂਦੀ ਹੈ।
ਲਾਚਾਰੀ ਤੋਂ ਛੁਟਕਾਰਾ ਪਾਉਣ ਵਾਲੀ ਸ਼ਖ਼ਸੀਅਤ ਨੂੰ ਸੰਦੇਸ਼ ਕਿਹਾ ਜਾ ਸਕਦਾ ਹੈ। ਵੇਖਿਆ ਜਾਵੇ ਤਾਂ ਸੰਦੇਸ਼ ਬਣ ਕੇ ਜਿਉਣ ਵਾਲੀ ਉਮਰ ਦਾ ਸ਼ਕਤੀਸ਼ਾਲੀ ਵਿਵਹਾਰ ਸਮਾਜਿਕ-ਵਿਵਸਥਾ ਵਿਚਲੇ ਵਿਗਾੜਾਂ ਵਿਰੁੱਧ ਜਦੋਜਹਿਦ ਕਰਨ ਦੀ ਸਿੱਖਿਆ ਦਿੰਦਾ ਰਹਿੰਦਾ ਹੈ। ਸ਼ਕਤੀਸ਼ਾਲੀ-ਵਿਵਹਾਰ ਨੂੰ ਵਰਦਾਨ ਆਖਿਆ ਜਾ ਸਕਦਾ ਹੈ। ਸ਼ਕਤੀਸ਼ਾਲੀ ਵਿਵਹਾਰ ਲਾਚਾਰੀਆਂ ਨੂੰ ਖ਼ਤਮ ਕਰਦਾ ਰਹਿੰਦਾ ਹੈ। ਸ਼ਕਤੀਸ਼ਾਲੀ ਵਿਵਹਾਰ ਸਦਕਾ ਲਾਚਾਰੀਆਂ ਨੂੰ ਮਾਤ ਦੇਣ ਵਾਲਾ ਹੀ ਸਮਾਜ ਨੂੰ ਸਾਰਥਕਤਾ ਸਿਖਾਉਂਦਾ ਰਹਿੰਦਾ ਹੈ। ਇਨ੍ਹਾਂ ਦੇ ਤਾਂ ਸਿਰਫ਼ ਪਰਛਾਵੇਂ ਹੁੰਦੇ ਹਨ। ਪਰਛਾਵਿਆਂ ਦੀਆਂ ਤਸਵੀਰਾਂ ਸਥਾਈ ਨਹੀਂ ਹੁੰਦੀਆਂ। ਪਰਛਾਵੇਂ ਤਾਂ ਢਲਦੇ, ਮਿਟਦੇ ਅਤੇ ਖ਼ਤਮ ਹੁੰਦੇ ਰਹਿੰਦੇ ਹਨ। ਸੋ, ਲਾਚਾਰੀਆਂ ਨੂੰ ਵੀ ਤਾਂ ਖ਼ਤਮ ਕੀਤਾ ਜਾ ਸਕਦਾ ਹੈ।
-ਓਮ ਪ੍ਰਕਾਸ਼ ਗਾਸੋ।