ਗੁੱਸਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ, ਦੋਨੋ ਹੀ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਮਨੁੱਖ ਗੁੱਸੇ ਵਿਚ ਹੁੰਦਾ ਹੈ ਤਾਂ ਉਸ ਦੇ ਸਰੀਰ ਦਾ ਖ਼ੂਨ ਉਬਲਦਾ ਹੈ ਜਿਸ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਮਹਾਭਾਰਤ ਦੇ ਯੁੱਧ ਦੌਰਾਨ ਵਿਦੁਰ ਨੇ ਧ੍ਰਿਤਰਾਸ਼ਟਰ ਨੂੰ ਵੀ ਕਿਹਾ ਸੀ ਕਿ ਕਰੋਧ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ।
ਗੁੱਸਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ, ਦੋਨੋ ਹੀ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਮਨੁੱਖ ਗੁੱਸੇ ਵਿਚ ਹੁੰਦਾ ਹੈ ਤਾਂ ਉਸ ਦੇ ਸਰੀਰ ਦਾ ਖ਼ੂਨ ਉਬਲਦਾ ਹੈ ਜਿਸ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਮਹਾਭਾਰਤ ਦੇ ਯੁੱਧ ਦੌਰਾਨ ਵਿਦੁਰ ਨੇ ਧ੍ਰਿਤਰਾਸ਼ਟਰ ਨੂੰ ਵੀ ਕਿਹਾ ਸੀ ਕਿ ਕਰੋਧ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ। ਬਹੁਤ ਸਾਰੇ ਵਿਗਿਆਨਕ ਅਧਿਐਨ ਵੀ ਇਸ ਪਹਿਲੂ ਦੀ ਪੁਸ਼ਟੀ ਕਰਦੇ ਹਨ। ਇਨ੍ਹਾਂ ਔਗੁਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਜੀਵਨ ਗੁੱਸੇ ਤੋਂ ਮੁਕਤ ਹੋਵੇ। ਜੇਕਰ ਕਦੇ-ਕਦਾਈਂ ਗੁੱਸਾ ਆ ਵੀ ਜਾਵੇ ਤਾਂ ਉਸ ਤੋਂ ਜਲਦੀ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਵਿਚ ਸਾਡੀ ਸਭ ਦੀ ਭਲਾਈ ਹੈ। ਤ੍ਰੇਤਾ ਯੁੱਗ ਵਿਚ ਭਗਵਾਨ ਸ੍ਰੀ ਰਾਮ ਨੂੰ ਬਨਵਾਸ ਮਿਲਿਆ ਪਰ ਉਹ ਇਸ ਤੋਂ ਗੁੱਸੇ ਨਹੀਂ ਹੋਏ। ਰਾਵਣ ਨਾਲ ਯੁੱਧ ਕਰਦੇ ਸਮੇਂ ਉਨ੍ਹਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਪਰ ਆਪਣੇ ਸੰਤੁਲਨ ਨੂੰ ਨਹੀਂ ਗੁਆਇਆ ਜਦਕਿ ਰਾਵਣ ਨੇ ਕਰੋਧ ਕਾਰਨ ਆਪਣੀ ਸ਼ਕਤੀ ਦਾ ਨਾਸ ਕਰ ਲਿਆ। ਲੰਕਾ ਕੂਚ ਦੌਰਾਨ ਜਦੋਂ ਸਮੁੰਦਰ ਨੇ ਉਨ੍ਹਾਂ ਨੂੰ ਰਸਤਾ ਨਹੀਂ ਦਿੱਤਾ ਤਾਂ ਵੀ ਉਹ ਤੁਰੰਤ ਗੁੱਸਾ ਨਹੀਂ ਹੋਏ। ਉਨ੍ਹਾਂ ਨੇ ਤਿੰਨ ਦਿਨਾਂ ਤੱਕ ਉਡੀਕ ਕੀਤੀ ਅਤੇ ਤੀਜੇ ਦਿਨ ਜਦੋਂ ਉਨ੍ਹਾਂ ਨੂੰ ਗੁੱਸਾ ਆਇਆ ਤਾਂ ਸਮੁੰਦਰ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋ ਗਿਆ। ਇਸ ਘਟਨਾ ਤੋਂ ਇਹ ਸਾਫ਼ ਹੁੰਦਾ ਹੈ ਕਿ ਗੁੱਸੇ ਨੂੰ ਕਾਬੂ ਕਰਨ ਨਾਲ ਵਿਅਕਤੀ ਦੀ ਅੰਦਰੂਨੀ ਸ਼ਕਤੀ ਮਜ਼ਬੂਤ ਹੁੰਦੀ ਹੈ। ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਇਹ ਆਦਤ ਪਾ ਲਵੇ ਕਿ ਉਹ ਕਿਸੇ ਵੀ ਸਥਿਤੀ ਵਿਚ ਗੁੱਸਾ ਨਹੀਂ ਕਰੇਗਾ ਤਾਂ ਉਸ ਦੀ ਅੰਦਰੂਨੀ ਸ਼ਕਤੀ ਬਹੁਤ ਮਜ਼ਬੂਤ ਹੋ ਜਾਵੇਗੀ ਤੇ ਉਹ ਔਕੜਾਂ ਤੋਂ ਪਾਰ ਪਾ ਲਵੇਗਾ। ਉਹ ਜਿੱਥੇ ਵੀ ਜਾਵੇਗਾ, ਉੱਥੇ ਖ਼ੁਸ਼ੀ ਦਾ ਮਾਹੌਲ ਬਣੇਗਾ। ਗੁੱਸਾ ਨਾ ਕਰਨ ਨਾਲ ਦੋਸਤਾਂ ਅਤੇ ਸ਼ੁਭ-ਚਿੰਤਕਾਂ ਦੀ ਗਿਣਤੀ ਵੀ ਵਧਦੀ ਹੈ। ਅਜਿਹਾ ਵਿਅਕਤੀ ਜਦੋਂ ਕੋਈ ਕੰਮ ਸ਼ੁਰੂ ਕਰਦਾ ਹੈ ਤਾਂ ਮਦਦ ਕਰਨ ਵਾਲੇ ਲੋਕ ਅੱਗੇ ਆਉਂਦੇ ਹਨ ਅਤੇ ਉਸ ਨੂੰ ਸਫਲਤਾ ਮਿਲਦੀ ਹੈ। ਇਸ ਦੇ ਉਲਟ ਗੁੱਸਾਖੋਰ ਵਿਅਕਤੀ ਇਕੱਲਾ ਪੈ ਜਾਂਦਾ ਹੈ ਅਤੇ ਲੋਕ ਉਸ ਤੋਂ ਦੂਰ ਭੱਜਦੇ ਹਨ। ਗੁੱਸੇ ਨੂੰ ਕਾਬੂ ਕਰਨਾ ਨਾ ਸਿਰਫ਼ ਨਿੱਜੀ ਸਿਹਤ ਲਈ ਜ਼ਰੂਰੀ ਹੈ ਸਗੋਂ ਸਮਾਜਿਕ ਸਬੰਧਾਂ ਲਈ ਵੀ ਮਹੱਤਵਪੂਰਨ ਹੈ।-ਸਲਿਲ ਪਾਂਡੇ।