ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ’ਚ ਮਨਾਇਆ ਵਿਸ਼ਵ ਧਰਤੀ ਦਿਵਸ
ਵਿਦਿਆਰਥੀਆਂ ਨੂੰ ਸਾਫ਼-ਸੁਥਰੀ ਧਰਤੀ, ਸਾਫ਼ ਹਵਾ ਤੇ ਸੁਰੱਖਿਅਤ ਵਾਤਾਵਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
Publish Date: Sat, 25 Apr 2026 04:01 PM (IST)
Updated Date: Sun, 26 Apr 2026 04:02 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਭਾਈ ਗੁਰਦਾਸ ਅਕੈਡਮੀ, ਪੰਡੋਰੀ ਰਣ ਸਿੰਘ ਵਿਖੇ ਵਿਸ਼ਵ ਧਰਤੀ ਦਿਵਸ ਬੜੇ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ’ਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਨੇ ਧਰਤੀ ਦਿਵਸ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਭਾਸ਼ਣ, ਕਵਿਤਾ ਪਾਠ ਤੇ ਹੋਰ ਕਈ ਰਚਨਾਤਮਕ ਗਤੀਵਿਧੀਆਂ ’ਚ ਭਾਗ ਲਿਆ। ਵਿਦਿਆਰਥੀਆਂ ਨੇ ਕੁਦਰਤ ਦੇ ਵਿਸ਼ੇ ‘ਤੇ ਆਪਣੀਆਂ ਕਲਾਸਰੂਮਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਤੇ ਵਾਤਾਵਰਨ ਸੰਭਾਲ ਦੇ ਸੰਦੇਸ਼ ਦਿੱਤੇ। ਸਕੂਲ ਵਿਹੜੇ ’ਚ ਨਵੇਂ ਪੌਦੇ ਲਾ ਕੇ ਰੁੱਖ ਲਾਉਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਧਰਤੀ ਨੂੰ ਹਰਾ-ਭਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਰੁੱਖ ਲਾਉਣ, ਪਲਾਸਟਿਕ ਦੀ ਘੱਟ ਵਰਤੋਂ ਕਰਨ ਤੇ ਪਾਣੀ ਦੀ ਬੱਚਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੁਝ ਵਿਦਿਆਰਥੀਆਂ ਨੇ ਧਰਤੀ ਮਾਤਾ ਦੀ ਰੱਖਿਆ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਤੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਸਾਫ਼-ਸੁਥਰੀ ਧਰਤੀ, ਸਾਫ਼ ਹਵਾ ਤੇ ਸੁਰੱਖਿਅਤ ਵਾਤਾਵਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਆਪਣੇ ਆਸ-ਪਾਸ ਸਫ਼ਾਈ ਰੱਖੇ, ਪੌਦੇ ਲਾਏ ਅਤੇ ਕੁਦਰਤ ਦੀ ਸੰਭਾਲ ਕਰੇ। ਸਮਾਗਮ ਨੇ ਵਿਦਿਆਰਥੀਆਂ ’ਚ ਧਰਤੀ ਪ੍ਰਤੀ ਪਿਆਰ, ਜ਼ਿੰਮੇਵਾਰੀ ਅਤੇ ਵਾਤਾਵਰਨ ਦੀ ਰੱਖਿਆ ਲਈ ਜਾਗਰੂਕਤਾ ਪੈਦਾ ਕੀਤੀ।