ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਖਡੂਰ ਸਾਹਿਬ ਦੇ ਕਿਸਾਨਾਂ ਨੇ ਮੂੰਗੀ ਤੇ ਮਾਂਹ ਦੀ ਫ਼ਸਲ ਨੂੰ ਕਾਫੀ ਤਰਜੀਹ ਦਿੱਤੀ ਹੈ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ’ਚ ਲਗਾਤਾਰ ਘਟਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ’ਤੇ ਵਧ ਰਹੇ ਖ਼ਰਚਿਆਂ ਕਾਰਨ ਕਿਸਾਨਾਂ ਲਈ ਮੂੰਗੀ ਤੇ ਮਾਂਹ ਦੀ ਖੇਤੀ ਇਕ ਲਾਭਕਾਰੀ ਵਿਕਲਪ ਬਣਦੀ ਜਾ ਰਹੀ ਹੈ। ਖੇਤੀਬਾੜੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਫ਼ਸਲਾਂ ਨਾ ਸਿਰਫ ਘੱਟ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਤੇ ਖੇਤੀਬਾੜੀ ਵਿਭਾਗ ਦੇ ਰਲਵੇਂ ਉਪਰਾਲਿਆਂ ਸਦਕਾ ਕਿਸਾਨਾਂ ਨੇ ਮੂੰਗੀ ਤੇ ਮਾਂਹ ਦੀ ਫ਼ਸਲ ਨੂੰ ਤਰਜੀਹ ਦਿੱਤੀ ਹੈ।
ਡਾ. ਯਾਦਵਿੰਦਰ ਸਿੰਘ ਵੱਲੋਂ ਪਿੰਡ ਖਵਾਸਪੁਰ ਦੇ ਕਿਸਾਨ ਭੁਪਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਭੁਪਿੰਦਰ ਸਿੰਘ ਬਹੁਤ ਹੀ ਅਗਾਂਹ ਵਧੂ ਕਿਸਾਨ ਹੈ ਤੇ ਉਸ ਨੇ ਸੱਤ ਏਕੜ ’ਚ ਮੂੰਗੀ ਤੇ ਸੱਤ ਏਕੜ ’ਚ ਮਾਂਹ ਦੀ ਫ਼ਸਲ ਦੀ ਬਿਜਾਈ ਕੀਤੀ ਹੈ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਖਡੂਰ ਸਾਹਿਬ ਦੇ ਕਿਸਾਨਾਂ ਨੇ ਮੂੰਗੀ ਤੇ ਮਾਂਹ ਦੀ ਫ਼ਸਲ ਨੂੰ ਕਾਫੀ ਤਰਜੀਹ ਦਿੱਤੀ ਹੈ, ਜੋ ਕਿ ਬਹੁਤ ਵਧੀਆ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ, ਕਮਲਜੀਤ ਸਿੰਘ, ਜੈ ਇੰਦਰ ਕੌਰ, ਫਤਿਹਜੰਗ ਸਿੰਘ ਤੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।
===========
60 ਤੋਂ 70 ਦਿਨ ਲੱਗਦੇ ਹਨ ਮੂੰਗੀ ਦੀ ਫ਼ਸਲ ਨੂੰ ਤਿਆਰ ਹੋਣ ’ਚ
ਖੇਤੀਬਾੜੀ ਅਧਿਕਾਰੀ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਖ਼ਾਸ ਤੌਰ ‘ਤੇ 60-70 ਦਿਨਾਂ ’ਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨ ਇਕ ਸਾਲ ’ਚ ਵੱਧ ਫ਼ਸਲਾਂ ਲੈ ਸਕਦੇ ਹਨ। ਇਸਦੀ ਬੀਜਾਈ ਮਾਰਚ-ਅਪ੍ਰੈਲ ਜਾਂ ਜੂਨ-ਜੁਲਾਈ ਖਰੀਫ਼ ਵਿਚ ਕੀਤੀ ਜਾਂਦੀ ਹੈ। ਬੀਜ ਦੀ ਮਾਤਰਾ ਲਗਭਗ 8-10 ਕਿਲੋ ਪ੍ਰਤੀ ਏਕੜ ਰੱਖੀ ਜਾਂਦੀ ਹੈ ਤੇ ਕਤਾਰ ਤੋਂ ਕਤਾਰ ਦੂਰੀ 30 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਇਹ ਫ਼ਸਲ ਘੱਟ ਸਿੰਚਾਈ ਨਾਲ ਵੀ ਵਧੀਆ ਪੈਦਾਵਾਰ ਦਿੰਦੀ ਹੈ ਅਤੇ 4-6 ਕੁਇੰਟਲ ਪ੍ਰਤੀ ਏਕੜ ਤਕ ਉਪਜ ਦੇ ਸਕਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮਾਂਹ ਉੜਦ ਦੀ ਫ਼ਸਲ ਵੀ ਕਿਸਾਨਾਂ ਲਈ ਇਕ ਵਧੀਆ ਵਿਕਲਪ ਹੈ। ਇਸ ਦੀ ਬਿਜਾਈ ਵੀ ਜੂਨ-ਜੁਲਾਈ ’ਚ ਕੀਤੀ ਜਾਂਦੀ ਹੈ ਤੇ 6-8 ਕਿੱਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਮਾਂਹ ਦੀ ਫ਼ਸਲ ਨੂੰ ਵੀ ਪਾਣੀ ਦੀ ਘੱਟ ਲੋੜ ਹੁੰਦੀ ਹੈ ਤੇ ਇਹ ਲਗਭਗ 70–80 ਦਿਨਾਂ ’ਚ ਤਿਆਰ ਹੋ ਜਾਂਦੀ ਹੈ। ਇਸ ਦੀ ਪੈਦਾਵਾਰ 3–5 ਕੁਇੰਟਲ ਪ੍ਰਤੀ ਏਕੜ ਰਹਿੰਦੀ ਹੈ।
======
ਦਾਲਾਂ ਨਾਲ ਰਸਾਇਣਿਕ ਖਾਦਾਂ ਦੀ ਲੋੜ ਹੋ ਜਾਂਦੀ ਹੈ ਘੱਟ
ਦਾਲਾਂ ਵਾਲੀਆਂ ਫ਼ਸਲਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮਿੱਟੀ ’ਚ ਨਾਈਟ੍ਰੋਜਨ ਫਿਕਸ ਕਰਦੀਆਂ ਹਨ, ਜਿਸ ਨਾਲ ਰਸਾਇਣਿਕ ਖਾਦਾਂ ਦੀ ਲੋੜ ਘੱਟ ਜਾਂਦੀ ਹੈ। ਇਸ ਨਾਲ ਅਗਲੀ ਫ਼ਸਲਾਂ ਜਿਵੇਂ ਕਿ ਕਣਕ ਜਾਂ ਮੱਕੀ ਨੂੰ ਵੀ ਵਧੀਆ ਲਾਭ ਮਿਲਦਾ ਹੈ। ਇਸ ਦੇ ਨਾਲ-ਨਾਲ ਇਹ ਫ਼ਸਲਾਂ ਕੀਟਾਂ ਤੇ ਬਿਮਾਰੀਆਂ ਦੇ ਮਾਮਲੇ ’ਚ ਵੀ ਕਾਫੀ ਹੱਦ ਤਕ ਸਹਿਨਸ਼ੀਲ ਹੁੰਦੀਆਂ ਹਨ।