ਚਾਰੇ ਦੀ ਫ਼ਸਲ ਵਾਹੁਣ ਤੋਂ ਰੋਕਣ 'ਤੇ ਚੱਲੀਆਂ ਗੋਲੀਆਂ, ਇੱਕ ਜ਼ਖਮੀ; 10 ਲੋਕਾਂ ਖ਼ਿਲਾਫ਼ ਮਾਮਲਾ ਦਰਜ, ਇੱਕ ਗ੍ਰਿਫ਼ਤਾਰ
ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿਖੇ ਚਾਰੇ ਦੀ ਫਸਲ ਵਾਹੁਣ ਤੋਂ ਰੋਕਣ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜਿਥੇ ਜ਼ਖ਼ਮੀ ਕਰ ਦਿੱਤਾ ਗਿਆ। ਉਥੇ ਹੀ ਹਵਾਈ ਫਾਇਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
Publish Date: Sat, 23 May 2026 11:43 AM (IST)
Updated Date: Sat, 23 May 2026 11:47 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿਖੇ ਚਾਰੇ ਦੀ ਫਸਲ ਵਾਹੁਣ ਤੋਂ ਰੋਕਣ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜਿਥੇ ਜ਼ਖ਼ਮੀ ਕਰ ਦਿੱਤਾ ਗਿਆ। ਉਥੇ ਹੀ ਹਵਾਈ ਫਾਇਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਦਸ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਇਕ ਜਣੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਸਵਿੰਦਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਨੌਰੰਗਾਬਾਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੰਘੀ ਸ਼ਾਮ ਕਰੀਬ ਸਾਢੇ 6 ਵਜੇ ਅਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਬਿੰਦਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦੁੱਗਲਵਾਲਾ, ਜਸਵੰਤ ਸਿੰਘ ਪੁੱਤਰ ਗੱਜਣ ਸਿੰਘ, ਰਾਜਵਿੰਦਰ ਸਿੰਘ, ਕੇਹਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨੌਰੰਗਾਬਾਦ ਅਤੇ ਪੰਜ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਕੇ ਜਿਥੇ ਜ਼ਖ਼ਮੀ ਕਰ ਦਿੱਤਾ।
ਉਥੇ ਹੀ ਹਵਾਈ ਫਾਇਰਿੰਗ ਕਰਨ ਦੇ ਨਾਲ-ਨਾਲ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸਨੇ ਦੱਸਿਆ ਕਿ ਜਸਵੰਤ ਸਿੰਘ ਹੋਰਾਂ ਨੇ ਉਨ੍ਹਾਂ ਦੀ ਚਾਰੇ ਦੀ ਫਸਲ ਵਾਹ ਦੱਤੀ ਸੀ ਅਤੇ ਉਨ੍ਹਾਂ ਵੱਲੋਂ ਅਜਿਹਾ ਕਰਨ ਤੋਂ ਰੋਕਣ ਦੀ ਰੰਜਿਸ਼ ਤਹਿਤ ਇਹ ਹਮਲਾ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਇਤ ’ਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਜਸਵੰਤ ਸਿੰਘ ਪੁੱਤਰ ਗੱਜਣ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਜਦੋਂਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।