ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਸ਼ਰਧਾ ਨਾਲ ਹੋਇਆ ਹਫ਼ਤਾਵਾਰੀ ਚੁਪਹਿਰਾ ਸਮਾਗਮ
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ।
Publish Date: Sun, 26 Apr 2026 05:42 PM (IST)
Updated Date: Mon, 27 Apr 2026 04:10 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਚੁਪਹਿਰਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਤਪਦੀ ਗਰਮੀ ਦੇ ਬਾਵਜੂਦ ਇਸ ਸਮਾਗਮ ’ਚ ਹਜ਼ਾਰਾਂ ਸੰਗਤ ਨੇ ਹਾਜ਼ਰੀ ਭਰੀ ਤੇ ਸੰਗਤੀ ਰੂਪ ’ਚ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ। ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਹੁੰਦਾ ਹੈ ਤੇ ਹਰ ਹਫ਼ਤੇ ਇੱਥੇ ਵੱਡੀ ਗਿਣਤੀ ਸੰਗਤ ਹਾਜ਼ਰੀ ਭਰਨ ਲਈ ਪਹੁੰਚਦੀ ਹੈ। ਇਸ ਵਾਰ ਦੇ ਸਮਾਗਮ ’ਚ ਵੀ ਵੱਡੀ ਗਿਣਤੀ ਸੰਗਤ ਪੁੱਜੀ। ਬੇਸ਼ੱਕ ਪਾਰਾ 40 ਤੋਂ ਪਾਰ ਹੈ ਤੇ ਤਪਸ਼ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਤੇ ਹੋਰ ਅਹੁਦੇਦਾਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਸ਼ਹਿਰ ਦੇ ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸੰਗਤ ਇੱਥੇ ਪਹੁੰਚਦੀ ਹੀ ਹੈ। ਨਾਲ ਹੀ ਪਿੰਡਾਂ ਤੋਂ ਵੀ ਸ਼ਰਧਾਲੂ ਚੁਪਹਿਰਾ ਸਮਾਗਮ ’ਚ ਹਾਜ਼ਰੀ ਭਰਨ ਲਈ ਪਹੁੰਚਣ ਲੱਗੇ ਹਨ। ਜਿਨ੍ਹਾਂ ਦੀ ਸਹੂਲਤ ਲਈ ਦੀਵਾਨ ਹਾਲ ’ਚ ਜਿੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਉੱਥੇ ਹੀ ਗੁਰੂ ਕੇ ਲੰਗਰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਹੁੰਦੇ ਹਨ। ਸਾਰਾ ਦਿਨ ਛਬੀਲ ਦਾ ਪ੍ਰਬੰਧ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ ਤੇ ਜੋੜਾ ਘਰ ਸੇਵਕ ਜਥੇ ਦੀ ਸੰਗਤ ਤਨਦੇਹੀ ਨਾਲ ਸੇਵਾ ਨਿਭਾਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਹੋਣ ਵਾਲੇ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ ਤੇ ਅਰਦਾਸ ਉਪਰੰਤ ਚੁਪਹਿਰਾ ਸਮਾਗਮ ਦੀ ਸਮਾਪਤੀ ਹੁੰਦੀ ਹੈ। ਸਰਦੀ ਹੋਵੇ ਜਾ ਗਰਮੀ, ਸੰਗਤ ਸਮਾਗਮ ਦੌਰਾਨ ਹਾਜ਼ਰੀ ਭਰਨ ਲਈ ਗੁਰੂ ਘਰ ਜ਼ਰੂਰ ਪੁੱਜਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਕੁਲਦੀਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਗ੍ਰੰਥੀ ਭਾਈ ਮੁਖਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੇਵਾਦਾਰ ਜਿੱਥੇ ਮੌਜੂਦ ਸਨ, ਉੱਥੇ ਹੀ ਵੱਡੀ ਗਿਣਤੀ ਸੇਵਾਦਾਰਾਂ ਨੇ ਜੋੜਾ ਘਰ ਤੇ ਛਬੀਲ ਤੋਂ ਇਲਾਵਾ ਪਾਰਕਿੰਗ ’ਚ ਵੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ। ====== ਗਰਮੀ ਦੇ ਮੌਸਮ ਸਬੰਧੀ ਵੀ ਹਾਲ ’ਚ ਹਨ ਪੁਖਤਾ ਪ੍ਰਬੰਧ : ਪੱਡਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਹਰ ਹਫ਼ਤੇ ਹਜ਼ਾਰਾਂ ਸੰਗਤ ਪਹੁੰਚਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੀਵਾਨ ਹਾਲ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨ ਕੀਤਾ ਹੋਇਆ ਹੈ ਤਾਂ ਜੋ ਸੰਗਤ ਨੂੰ ਮੁਸ਼ਕਿਲ ਨਾ ਆਵੇ। ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਘਰ ਦੇ ਵਿਸਥਾਰ ਤੇ ਵਿਕਾਸ ਲਈ ਹੋਰ ਵੀ ਕਈ ਸੇਵਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਚੱਲ ਰਹੀਆਂ ਸੇਵਾਵਾਂ ’ਚ ਵੱਧ-ਚੜ੍ਹ ਕੇ ਸਹਿਯੋਗ ਦੇਣ।