ਹੁਣ ਤੱਕ ਦੋਵਾਂ ਦਰਿਆਵਾਂ ਰਾਹੀਂ 3 ਲੱਖ 40 ਹਜ਼ਾਰ ਕਿਊਂਸਿਕ ਪਾਣੀ ਹਰੀਕੇ ’ਚ ਪਹੁੰਚ ਚੁੱਕਾ ਹੈ।
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ’ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਇਲਾਕੇ ‘ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਬਿਆਸ ਤੇ ਸਤਲੁਜ ਦਰਿਆਵਾਂ ’ਚ ਵੱਡੀ ਮਾਤਰਾ ’ਚ ਪਾਣੀ ਦੀ ਆਮਦ ਹੋ ਰਹੀ ਹੈ। ਹੁਣ ਤੱਕ ਦੋਵਾਂ ਦਰਿਆਵਾਂ ਰਾਹੀਂ 3 ਲੱਖ 40 ਹਜ਼ਾਰ ਕਿਊਂਸਿਕ ਪਾਣੀ ਹਰੀਕੇ ’ਚ ਪਹੁੰਚ ਚੁੱਕਾ ਹੈ।
ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੋ ਦਰਜ਼ਨ ਪਿੰਡਾਂ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਨਹਿਰਾਂ ’ਚ 14 ਹਜ਼ਾਰ ਕਿਉਸਿਕ ਪਾਣੀ ਛੱਡਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਹਰੀਕੇ ਤੋਂ ਪਾਰ ਹੋਇਆ ਪਾਣੀ ਆਮ ਤੌਰ ’ਤੇ ਹਾਈ ਅਲਰਟ ਤੇ ਨਿਵਾਣ ਵਾਲੇ ਇਲਾਕਿਆਂ ਲਈ ਖ਼ਤਰੇ ਦੀ ਘੰਟੀ ਮੰਨਿਆ ਜਾਂਦਾ ਹੈ। ਹਰੀਕੇ ਹੈੱਡ ਵਰਕਸ ’ਤੇ ਕਈ ਲੋਕ ਦਰਿਆ ਦੇ ਪਾਣੀ ਦਾ ਪੱਧਰ ਦੇਖਣ ਲਈ ਪੁੱਜ ਰਹੇ ਹਨ ਅਤੇ ਪੁਲ਼ ’ਤੇ ਖੜ੍ਹੇ ਹੋ ਕੇ ਫੋਟੋਆਂ ਖਿੱਚਦੇ ਨਜ਼ਰ ਆਉਦੇ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਸਭਰਾ ਬੰਨ੍ਹ ਦੇ ਨੇੜੇ ਕੁੱਤੀਵਾਲਾ, ਘੁੱਲੇਵਾਲਾ, ਰਾਧਲਕੇ, ਚੁੱਗੀਆਂ, ਭੂਰਾ ਹਥਾੜ੍ਹ, ਭਾਣੇਕੇ, ਗੱਗੜਕੇ, ਜੱਲੋਕੇ, ਬੰਗਲਾ ਰਾਏ, ਕੋਟਬੁੱਢਾ, ਬੱਲੜਕੇ, ਭੋਜੋਕੇ, ਘੜੁੰਮ, ਗਦਾਈਕੇ ਅਤੇ ਡੂਮਣੀ ਵਾਲਾ ਪਿੰਡਾਂ ਦੇ ਅੰਦਰ ਨੀਵੀਂ ਥਾਵਾਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਜਿਹੜੇ ਲੋਕ ਘਰਾ ਅੰਦਰ ਰਹਿ ਰਹੇ ਹਨ ਉਨ੍ਹਾਂ ਨੂੰ ਬਾਹਰ ਆਉਣ ਲਈ ਵੀ ਕਿਹਾ ਗਿਆ ਹੈ।
ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸੂਬਾ ਸਰਕਾਰ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਜੁਟੀ ਹੋਈ ਹੈ ਤੇ ਬਚਾਅ ਤੇ ਰਾਹਤ ਕਾਰਜਾਂ ਰਾਹੀਂ ਪੀੜਤਾਂ ਦੀ ਬਾਂਹ ਫੜੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਦੁੱਖ ਦੀ ਘੜੀ ’ਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਉਦਾਰਤਾ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਚਿੱਠੀ ਲਿਖੀ ਹੈ ਤੇ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਕੋਲ ਰੁਕਿਆ ਪੰਜਾਬ ਦਾ 60 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕਰਵਾਇਆ ਜਾਵੇ। ਇਸ ਮੌਕੇ ਰੋਪੜ ਤੋਂ ਆਈ ਸੰਗਤ ਨੇ ਖਾਣ ਪੀਣ ਵਾਲੀਆਂ ਚੀਜਾਂ ਦੀ ਭਾਉਵਾਲ ਵਾਲੇ ਪੁਲ਼ ’ਤੇ ਸੇਵਾ ਕੀਤੀ। ਉਹ ਪਸ਼ੂਆਂ ਦਾ ਚਾਰਾ ਤੇ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਆਏ ਸਨ। ਇਸ ਮੌਕੇ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਆਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਦੇਸ਼ ਸੇਵਾਦਾਰ ਮੁੱਠਿਆਂਵਾਲਾ ਬੰਨ੍ਹ ਤੇ ਲੰਗਰ ਦੀ ਸੇਵਾ ਕੀਤੀ ਗਈ।
====
ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ
ਤਜਿੰਦਰਪਾਲ ਸਿੰਘ ਤਹਿਸੀਲਦਾਰ ਪੱਟੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਿਪਟਣ ਲਈ ਵੀ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਜਿਸ ਲਈ ਕੋਟਬੁੱਢਾ-ਫਿਰੋਜ਼ਪੁਰ ਮਾਰਗ ਨੂੰ ਬੰਦ ਕੀਤਾ ਗਿਆ ਹੈ। ਪਾਣੀ ਸੜਕ ’ਦੇ ਉਪਰੋਂ ਦੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਨਾਲ ਪਿੰਡ ਕੋਟਬੁੱਢਾ ਨੇੜੇ ਕਈ ਪਿੰਡ ਪਾਣੀ ਨਾਲ ਪ੍ਰਭਾਵਿਤ ਹਨ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ।
=====
ਰਾਤ ਨੂੰ ਪਾਣੀ ਹੋਰ ਵਧਣ ਦੀ ਸੰਭਾਵਨਾ : ਐਕਸੀਅਨ ਡ੍ਰੇਨੇਜ਼ ਵਿਭਾਗ
ਇਸ ਮੌਕੇ ਸਾਹਿਲ ਕੁਮਾਰ ਐਕਸੀਅਨ ਡ੍ਰੇਨੇਜ਼ ਵਿਭਾਗ ਨੇ ਕਿਹਾ ਕਿ ਰਾਤ ਨੂੰ ਪਾਣੀ ਹੋਰ ਵਧਣ ਦੀ ਸੰਭਾਵਨਾ ਹੈ। ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਤਿੰਨ ਲੱਖ 25 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਲਈ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ।
====
ਪਿੰਡ ਪਾਰਲੇ ਜਲੋਕੇ ਤੇ ਕਾਲੇਕੇ ਦੇ ਲੋਕ ਘਰਾਂ ’ਚ ਫਸੇ
ਪਿੰਡ ਪਾਰਲੇ ਜਲੋਕੇ ਤੇ ਕਾਲੇਕੇ ਵਾਸੀ ਗੁਰਨਾਮ ਸਿੰਘ, ਵਿਰਸਾ ਸਿੰਘ, ਤਰਸੇਮ ਸਿੰਘ, ਸੁਖਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਸਾਤ ਸਿੰਘ, ਸੁਖਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਸਾਤ ਸਿੰਘ, ਬਾਜ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਵਿਰਸਾ ਸਿੰਘ ਆਦਿ ਨੇ ਦੱਸਿਆ ਕਿ ਦੋਵਾਂ ਪਿੰਡਾਂ ’ਚ ਬਹੁਤ ਸਾਰੇ ਪਰਿਵਾਰ ਅਜੇ ਵੀ ਫਸੇ ਹੋਏ ਹਨ। ਕੋਈ ਸਰਕਾਰੀ ਸਹੂਲਤ ਵੀ ਇਨ੍ਹਾਂ ਤੱਕ ਨਹੀਂ ਪਹੁੰਚ ਰਹੀ। ਅੱਜ ਉਹ ਆਪ ਹੀ ਆਪਣੀ ਦਰਦ ਭਰੀ ਦਾਸਤਾਨ ਦੱਸਣ ਲਈ 6, 7 ਫੁੱਟ ਪਾਣੀ ਵਿੱਚੋਂ ਲੰਘ ਕੇ ਬਾਹਰ ਆਏ ਹਨ।
ਉਨ੍ਹਾਂ ਦੱਸਿਆ ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਇਕ ਬੇੜੀ ਆਈ ਸੀ ਪਰ ਉਸ ਦਾ ਇੰਜਣ ਖ਼ਰਾਬ ਹੋਣ ਕਾਰਨ ਬੰਦ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਪਿੰਡਾਂ ’ਚ ਬਹੁਤ ਸਾਰੇ ਪਰਿਵਾਰ ਆਪਣੇ ਆਪਣੇ ਘਰਾਂ ’ਚ ਫਸੇ ਬੈਠੇ ਹਨ। ਪ੍ਰਸ਼ਾਸਨ ਵੱਲੋਂ ਕੋਈ ਇਨਾਂ ਪਰਿਵਾਰਾਂ ਦੀ ਸਾਰ ਨਹੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਜਲਦੀ ਤੋਂ ਜਲਦੀ ਇਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ ਜਾਵੇ।