ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ‘ਆਪ’ ਦੇ ਦਰਜਨਾਂ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ, ਪੰਜਾਬੀਅਤ ਤੇ ਇੱਥੋਂ ਦੇ ਵਿਕਾਸ ਲਈ ਵਚਨਬੱਧ ਹੈ।
Publish Date: Sun, 10 May 2026 05:00 PM (IST)
Updated Date: Mon, 11 May 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਐਤਵਾਰ ਨੂੰ ਹਲਕੇ ’ਚ ਅੱਡਾ ਝਬਾਲ ਤੋਂ ਆਮ ਆਦਮੀ ਪਾਰਟੀ’ ਦੇ ਕਈ ਪ੍ਰਮੁੱਖ ਆਗੂਆਂ ਸਮੇਤ ਸਮਾਜਿਕ ਸ਼ਖ਼ਸੀਅਤਾਂ ਤੇ ਵਪਾਰਕ ਵਰਗ ਦੇ ਦਿੱਗਜਾਂ ਨੇ ‘ਆਪ’ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੀਮਤੀ ਲਾਲ ਸ਼ਾਹ ਪਰਿਵਾਰ, ਜਸਵਿੰਦਰ ਖੁੱਲਰ ਜੱਸ ਬੇਕਰੀ, ਵਿੱਕੀ ਟੈਲੀਕਾਮ, ਸੰਦੀਪ ਧਵਨ, ਸਾਹਿਲ ਧਵਨ, ਸੌਰਵ ਧਵਨ, ਸੁਸ਼ਾਂਤ ਤੇ ਨੀਰਜ, ਗੌਤਮ ਖੁੱਲਰ, ਸੇਠੀ ਕਲਾਥ ਹਾਊਸ ਦੇ ਰਗੂਬੀਰ ਸਿੰਘ ਸੇਠੀ ਅਤੇ ਧਵਨ ਕਲੀਨਿਕ ਸਮੇਤ ਅਨੇਕਾਂ ਦੁਕਾਨਦਾਰਾਂ ਤੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਤੇ ਵਿਕਾਸਵਾਦੀ ਸੋਚ ’ਤੇ ਭਰੋਸਾ ਜਤਾਇਆ। ਬੀਬੀ ਕੰਚਨਪ੍ਰੀਤ ਕੌਰ ਨੇ ਸਾਰਿਆਂ ਦਾ ਪਾਰਟੀ ’ਚ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੂਰਨ ਸਿੰਘ, ਜੱਗਾ ਸਵਰਗਾਪੁਰੀ, ਮਨਜਿੰਦਰ ਸਿੰਘ ਐਮਾ, ਚੇਅਰਮੈਨ ਗੁਰਬੀਰ ਸਿੰਘ, ਲਾਡੀ ਐਮਾ, ਸਰਪੰਚ ਬੱਬੂ ਪਲਾਸੌਰ, ਨਵ ਝਬਾਲ, ਕਰਨਬੀਰ ਸਿੰਘ ਅਤੇ ਗੁਰਿੰਦਰ ਸਿੰਘ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ। ਕੰਚਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਜਿਸ ਬਦਲਾਅ ਦੀ ਉਮੀਦ ’ਚ ਲੋਕਾਂ ਨੇ ਮੌਜੂਦਾ ਸਰਕਾਰ ਚੁਣੀ ਸੀ, ਉਹ ਸਿਰਫ਼ ਇਸ਼ਤਿਹਾਰਾਂ ਤਕ ਸੀਮਤ ਰਹਿ ਗਈ ਹੈ। ਅੱਜ ਵਪਾਰੀ ਤੇ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ, ਪੰਜਾਬੀਅਤ ਤੇ ਇੱਥੋਂ ਦੇ ਵਿਕਾਸ ਲਈ ਵਚਨਬੱਧ ਹੈ। ਸਾਡਾ ਇਤਿਹਾਸ ਗਵਾਹ ਹੈ ਕਿ ਵੱਡੇ ਵਿਕਾਸ ਕਾਰਜ ਸਿਰਫ਼ ਅਕਾਲੀ ਦਲ ਦੇ ਰਾਜ ’ਚ ਹੀ ਹੋਏ ਹਨ। ਅੱਡਾ ਝਬਾਲ ਦਾ ਵਪਾਰਕ ਵਰਗ ਇਲਾਕੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਨ੍ਹਾਂ ਸਤਿਕਾਰਯੋਗ ਪਰਿਵਾਰਾਂ ਦਾ ਸਾਡੇ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਖੋਖਲੇ ਦਾਅਵਿਆਂ ਤੋਂ ਉਪਰ ਉੱਠ ਕੇ ਸਿਰਫ਼ ਵਿਕਾਸ ਦੀ ਸੋਚ ਨੂੰ ਚੁਣ ਰਹੇ ਹਨ। ਅਸੀਂ ਸਾਰੇ ਮਿਲ ਕੇ ਇਕੱਠੇ ਚੱਲਾਂਗੇ ਕਿਉਂਕਿ ਮੇਰਾ ਮਕਸਦ ਸਿਰਫ਼ ਰਾਜਨੀਤੀ ਕਰਨਾ ਨਹੀਂ, ਸਗੋਂ ਆਪਣੇ ਹਲਕੇ ਦੇ ਹਰ ਪਰਿਵਾਰ ਦੀ ਆਵਾਜ਼ ਬਣਨਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੈ।