ਸਰਹੱਦ ਪਾਰੋਂ ਆਇਆ ਅਸਲ੍ਹਾ ਚੁੱਕਣ ਆਏ ਦੋ ਨੌਜਵਾਨ ਪੁਲਿਸ ਅੜਿੱਕੇ, ਦੋ ਪਿਸਤੌਲ ਤੇ ਮੋਟਰਸਾਈਕਲ ਬਰਾਮਦ
ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਦੀ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਅਸਲਾ ਮੰਗਵਾਉਣ ਵਾਲੇ ਦੋ ਵਿਅਕਤੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ, ਜਦੋਂ ਉਹ ਪਾਕਿ ਤਸਕਰਾਂ ਵਲੋਂ ਡਰੋਨ ਨਾਲ ਸੁੱਟੇ ਗਏ ਹਥਿਆਰ ਨਾਖਾਂ ਦੇ ਬਾਗ ਵਿੱਚੋਂ ਲੰਭ ਰਹੇ ਸਨ। ਹਾਲਾਂਕਿ ਇਨ੍ਹਾਂ ਦਾ ਇਕ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਪੁਲਿਸ ਨੇ ਮੌਕੇ ਤੋਂ ਦੋ ਪਿਸਟਲ, ਇਕ ਮੋਬਾਈਲ ਅਤੇ ਮੋਟਰਸਾਈਕਲ ਵੀ ਕਬਜ਼ੇ ’ਚ ਲਿਆ ਹੈ।
Publish Date: Mon, 27 Apr 2026 01:44 PM (IST)
Updated Date: Mon, 27 Apr 2026 01:52 PM (IST)

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਦੀ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਅਸਲਾ ਮੰਗਵਾਉਣ ਵਾਲੇ ਦੋ ਵਿਅਕਤੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ, ਜਦੋਂ ਉਹ ਪਾਕਿ ਤਸਕਰਾਂ ਵਲੋਂ ਡਰੋਨ ਨਾਲ ਸੁੱਟੇ ਗਏ ਹਥਿਆਰ ਨਾਖਾਂ ਦੇ ਬਾਗ ਵਿੱਚੋਂ ਲੱਭ ਰਹੇ ਸਨ। ਹਾਲਾਂਕਿ ਇਨ੍ਹਾਂ ਦਾ ਇਕ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ, ਇਕ ਮੋਬਾਈਲ ਅਤੇ ਮੋਟਰਸਾਈਕਲ ਵੀ ਕਬਜ਼ੇ ’ਚ ਲਿਆ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਅਰਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਮਾੜੀਮੇਘਾ, ਸਟੀਫਨ ਮਸੀਹ ਪੁੱਤਰ ਮਰਕਸ ਸਿੰਘ ਅਤੇ ਮਹੇਸ਼ ਆਸ਼ੂ ਪੁੱਤਰ ਥੌਮਸ ਮਸੀਹ ਤਿੰਨੇ ਵਾਸੀ ਮਾੜੀਮੇਘਾ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਅਸਲਾ ਮੰਗਵਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਇਹ ਵੀ ਹੱਥ ਲੱਗੀ ਸੀ ਕਿ ਇਹ ਤਿੰਨੇ ਜਣੇ ਨਾਖਾਂ ਦੇ ਬਾਗ ਵਿੱਚੋਂ ਕੁਝ ਲੱਭ ਰਹੇ ਹਨ। ਸੂਚਨਾ ਦੇ ਅਧਾਰ ’ਤੇ ਏਐੱਸਆਈ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕੀਤੀ ਅਤੇ ਬੀਐੱਸਐੱਫ ਦੀ ਸਰਹੱਦੀ ਚੌਂਕੀ ਬਾਬਾ ਪੀਰ ’ਤੇ ਤਾਇਨਾਤ ਕੰਪਨੀ ਕਮਾਂਡਰ ਮੁਰਾਰੀ ਲਾਲ ਸ਼ਰਮਾ ਨੂੰ ਸੂਚਨਾ ਦਿੱਤੀ।
ਪੁਲਿਸ ਅਤੇ ਬੀਐੱਸਐੱਫ ਦੀਆਂ ਟੀਮਾਂ ਨੇ ਮੌਕੇ ਤੋਂ ਅਰਸ਼ਦੀਪ ਸਿੰਘ ਅਤੇ ਸਟੀਫਨ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂਕਿ ਮਹੇਸ਼ ਫਰਾਰ ਹੋਣ ’ਚ ਸਫਲ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਪਿਸਤੌਲ, ਦੋ ਖਾਲੀ ਮੈਗਜ਼ੀਨ, ਇਕ ਮੋਬਾਈਲ ਪੋਨ ਅਤੇ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ46 ਐੱਨ 2015 ਬਰਾਮਦ ਹੋਇਆ।
ਐੱਸਐੱਸਪੀ ਨੇ ਦੱਸਿਆ ਕਿ ਤਿੰਨਾਂ ਵਰਿੁੱਧ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।